ਅੰਮ੍ਰਿਤਸਰ : ਅੰਮ੍ਰਿਤਸਰ ਸਾਹਿਬ ਦੇ ਪਵਿੱਤਰ ਪੰਜ ਸਰੋਵਰਾਂ (ਸ੍ਰੀ ਸੰਤੋਖਸਰ ਸਾਹਿਬ, ਸ੍ਰੀ ਰਾਮਸਰ ਸਾਹਿਬ, ਸ੍ਰੀ ਬਿਬੇਕਸਰ ਸਾਹਿਬ, ਸ੍ਰੀ ਕੌਲਸਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ) ਦੇ ਅੰਮ੍ਰਿਤ ਜਲ ਦੀਆਂ ਪੰਜ ਗਾਗਰਾਂ ਬਾਬਾ ਬੁੱਢਾ ਵੰਸ਼ਜ ਪ੍ਰੋ. ਬਾਬਾ ਨਿਰਮਲ ਸਿੰਘ ਰੰਧਾਵਾ ਵੱਲੋਂ ਗਾਰਗੀ ਜੱਥੇ ਸਮੇਤ ਭਰੀਆਂ ਗਈਆਂ। ਗਾਗਰੀ ਜੱਥੇ ਵਿਚ ਪ੍ਰੋ. ਬਾਬਾ ਨਿਰਮਲ ਸਿੰਘ ਰੰਧਾਵਾ, ਭਾਈ ਗੁਰਦੇਵ ਸਿੰਘ, ਬਾਬਾ ਰਘਬੀਰ ਸਿੰਘ ਰੰਧਾਵਾ, ਭਾਈ ਅਜਮੇਰ ਸਿੰਘ ਭੈਲ, ਭਾਈ ਸੰਤਾ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਗੁਰਸ਼ੇਰ ਸਿੰਘ ਅਤੇ ਭਾਈ ਹਰਜੀਤ ਸਿੰਘ ਸ਼ਾਮਲ ਸਨ।
ਇਨ੍ਹਾਂ ਗਾਗਰਾਂ ਵਿੱਚੋਂ ਪਹਿਲੀ ਗਾਗਰ ਤਖਤ ਸ੍ਰੀ ਹਜੂਰ ਸਾਹਿਬ ਦੇ ਸਾਲਾਨਾ ਤਖ਼ਤ ਇਸ਼ਨਾਨ 31 ਅਕਤੂਬਰ ਨੂੰ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਭੇਟ ਕੀਤੀ ਜਾਵੇਗੀ ਜਿਸ ਨਾਲ ਤਖ਼ਤ ਸਾਹਿਬ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਲੋਕ ਗਮਨ ਅਸਥਾਨ ਦਾ ਇਸ਼ਨਾਨ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਵੱਲੋਂ ਤਖਤ ਦੇ ਗਾਗਰੀ ਵਲੋਂ ਭੇਟ ਕੀਤੀਆਂ ਤਿੰਨ ਹੋਰ ਗਾਗਰਾਂ ਦੇ ਜਲ ਨਾਲ ਕਰਵਾਇਆ ਜਾਵੇਗਾ। ਦੂਸਰੀ ਗਾਗਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਪ੍ਰਕਾਸ਼ ਦਿਹਾੜੇ ‘ਤੇ ਇਸ਼ਨਾਨ ਲਈ ਮੁੱਖ ਜਥੇਦਾਰ ਨੂੰ 6 ਜਨਵਰੀ 2025 ਨੂੰ ਭੇਟ ਕੀਤੀ ਜਾਵੇਗੀ। ਬਾਕੀ ਤਿੰਨ ਗਾਗਰਾਂ ਹੋਰ ਇਤਿਹਾਸਕ ਅਸਥਾਨਾਂ ਦੇ ਇਸ਼ਨਾਨਾਂ ਲਈ ਭੇਟਾ ਕੀਤੀਆਂ ਜਾਣਗੀਆਂ ।