ਜਲੰਧਰ : ਸਪੈਸ਼ਲ ਅਪਰੇਸ਼ਨ ਯੂਨਿਟ ਦੀ ਪੁਲਿਸ ਅਤੇ ਥਾਣਾ ਨੰਬਰ 3 ਦੀ ਪੁਲਿਸ ਵੱਲੋਂ ਬੀਤੇ ਦਿਨੀਂ ਦਮੋਰੀਆ ਪੁਲ ਲਾਗੇ ਹੋਏ ਪ੍ਰਵਾਸੀ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਣਦੇ ਹੋਏ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਵਾਰਦਾਤ ਵਿੱਚ ਵਰਤਿਆ ਗਿਆ ਚਾਕੂ ਬਰਾਮਦ ਕਰ ਲਿਆ ਹੈ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ 9 ਫਰਵਰੀ ਨੂੰ ਰਾਤ ਸਾਢੇ ਦਸ ਵਜੇ ਦੇ ਕਰੀਬ ਪਰਵੀਨ ਸ਼ੁਕਲਾ ਆਪਣੇ ਦੋ ਸਾਥੀਆਂ ਨਾਲ ਜਲੰਧਰ ਰੇਲਵੇ ਸਟੇਸ਼ਨ ਤੋਂ ਪਟੇਲ ਚੌਂਕ ਵੱਲ ਪੈਦਲ ਜਾ ਰਿਹਾ ਸੀ। ਜਦ ਉਹ ਦਮੋਰੀਆ ਪੁਲ ਲਾਗੇ ਪਹੁੰਚੇ ਤਾਂ ਕੁਝ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਚਾਕੂ ਵਿਖਾ ਕੇ ਉਨ੍ਹਾਂ ਕੋਲੋਂ ਪੈਸਿਆਂ ਦੀ ਮੰਗ ਕੀਤੀ। ਪਰਵੀਨ ਦੇ ਦੋਹਾਂ ਸਾਥੀਆਂ ਨੇ ਤਾਂ ਆਪਣੀ ਜੇਬ ਵਿੱਚੋਂ ਰੁਪਏ ਕੱਢ ਕੇ ਲੁਟੇਰਿਆਂ ਨੂੰ ਦੇ ਦਿੱਤੇ ਪਰ ਪਰਵੀਨ ਲੁਟੇਰਿਆਂ ਨਾਲ ਭਿੜ ਪਿਆ। ਲੁਟੇਰਿਆਂ ਨੇ ਜ਼ਬਰਦਸਤੀ ਉਸ ਦੀ ਜੇਬ ਵਿਚੋਂ 300 ਰੁਪਏ ਕੱਢ ਲਏ ਤਾਂ ਪਰਵੀਨ ਨੇ ਇਕ ਲੁਟੇਰੇ ਦੇ ਮੂੰਹ ਤੇ ਥੱਪੜ ਮਾਰ ਦਿੱਤਾ। ਜਿਸ ਤੋਂ ਬਾਅਦ ਲੁਟੇਰਿਆਂ ਨੇ ਪਰਵੀਨ ਦੇ ਢਿੱਡ ਵਿਚ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ।
ਪੁਲਿਸ ਨੇ ਮ੍ਰਿਤਕ ਦੇ ਚਚੇਰੇ ਭਰਾ ਲੱਲੂ ਦੇ ਬਿਆਨਾ ਤੇ ਅਣਪਛਾਤੇ ਲੁਟੇਰਿਆਂ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਸਪੈਸ਼ਲ ਆਪਰੇਸ਼ਨ ਸੈਲ ਦੇ ਮੁਖੀ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਥਾਣਾ 3 ਦੇ ਮੁਖੀ ਇੰਸਪੈਕਟਰ ਕਮਲਜੀਤ ਸਿੰਘ ਨੂੰ ਦਿੱਤੀ। ਪੁਲਿਸ ਟੀਮਾਂ ਵੱਲੋਂ ਕੜੀ ਮਸ਼ਕਤ ਕਰਨ ਤੋਂ ਬਾਅਦ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਦੇ ਹੋਏ ਇਸ ਮਾਮਲੇ ਦੇ ਪੰਜ ਦੋਸ਼ੀਆਂ ਮੁਰਲੀ ਉਰਫ ਬੱਬੂ ,ਮਨੋਜ ਕੁਮਾਰ, ਰਵੀ, ਸੁਰੇਸ਼ ਕੁਮਾਰ ਅਤੇ ਰਵੀ ਨੂੰ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਕੋਲੋਂ ਗ੍ਰਿਫ਼ਤਾਰ ਕਰ ਲਿਆ। ਜਿਨ੍ਹਾਂ ਨੇ ਪੁਛਗਿਛ ਦੋਰਾਨ ਪਰਵੀਨ ਦਾ ਕਤਲ ਕਰਨਾ ਕਬੂਲ ਕਰ ਲਿਆ ਹੈ। ਪੁੱਛਗਿਛ ਵਿਚ ਇੰਨਾ ਦੱਸਿਆ ਕਿ ਉਹ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਓਹ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਦੇ ਹਨ।