ਬਟਾਲਾ, 13 ਸਤੰਬਰ (ਦਲਜੀਤ ਸਿੰਘ)- ‘ਸਤਿਗੁਰੂ ਨਾਨਕ ਆਜਾ, ਸੰਗਤ ਪਈ ਪੁਕਾਰ ਦੀ, ਤੇਰੇ ਹੱਥ ਵਿੱਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ…’ ਧਾਰਮਿਕ ਸਤਰਾਂ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਬੜੀ ਖੁਸ਼ੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਜਾ ਰਿਹਾ ਹੈ। ਵਿਆਹ ਪੁਰਬ ਦੀ ਖੁਸ਼ੀ ’ਚ ਗੁ. ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਚੱਲੇ ਬਰਾਤ ਰੂਪੀ ਮਹਾਨ ਨਗਰ ਕੀਰਤਨ ’ਚ ਬਟਾਲਾ ਤੋਂ ਵਿਆਹ ਪੁਰਬ ਦੇ ਮੁੱਖ ਪ੍ਰਬੰਧਕ ਜਥੇ. ਗੁਰਿੰਦਰ ਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ, ਗੁਰਤਿੰਦਰਪਾਲ ਸਿੰਘ ਮਾਂਟੂ ਭਾਟੀਆ, ਮਾ. ਜੋਗਿੰਦਰ ਸਿੰਘ ਅਚਲੀ ਗੇਟ ਸਮੇਤ ਹਜ਼ਾਰਾਂ ਸੰਗਤਾਂ ਸ਼ਾਮਲ ਹੋਈਆਂ। ਸੁਲਤਾਨਪੁਰ ਲੋਧੀ ਤੋਂ ਸਜਾਏ ਗਏ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਦੇਰ ਰਾਤ ਬਟਾਲਾ ਦੇ ਗੁਰਦੁਆਰਾ ਸ੍ਰੀ ਸਤਿਕਰਤਾਰੀਆਂ ਵਿਖੇ ਸੰਪੂਰਨ ਹੋਇਆ। ਇਸ ਨਗਰ ਕੀਰਤਨ ਦਾ ਇਲਾਕੇ ਦੀਆਂ ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਜਥੇ. ਗੋਰਾ ਨੇ ਦੱਸਿਆ ਕਿ ਅੱਜ 13 ਸਤੰਬਰ ਨੂੰ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਤੋਂ ਮਹਾਨ ਨਗਰ ਕੀਰਤਨ ਸਵੇਰੇ 7 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਜਾਵੇਗਾ। ਇਸ ਨਗਰ ਕੀਰਤਨ ਦਾ ਬਟਾਲਾ ਵਿਖੇ ਪਹੁੰਚਣ ’ਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਹਲਕਾ ਵਿਧਾਇਕ ਕਾਦੀਆਂ ਫਤਿਹਜੰਗ ਸਿੰਘ ਬਾਜਵਾ, ਹਲਕਾ ਵਿਧਾਇਕ ਸ੍ਰੀ ਹਰਗੋਬਿੰਦਪੁਰ ਬਲਵਿੰਦਰ ਸਿੰਘ ਲਾਡੀ, ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਚੇਅਰਮੈਨ ਅਸ਼ਵਨੀ ਸੇਖੜੀ, ਚੇਅਰਮੈਨ ਪਵਨ ਕੁਮਾਰ ਪੰਮਾ, ਚੇਅਰਮੈਨ ਗੁਰਿੰਦਰ ਸਿੰਘ ਚੀਕੂ, ਐੱਸ. ਐੱਸ. ਪੀ. ਬਟਾਲਾ ਅਸ਼ਵਨੀ ਕਪੂਰ, ਐੱਸ. ਪੀ. ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਮਹਿਤਾ ਚੌਕ ਪਹੁੰਚਣ ’ਤੇ ਪੁਲਸ ਵਲੋਂ ਨਗਰ ਕੀਰਤਨ ਦਾ ਸਵਾਗਤ ਕਰਦੇ ਹੋਏ ਸਲਾਮੀ ਦਿੱਤੀ ਗਈ।