ਜੱਗੂ ਭਗਵਾਨਪੁਰੀਆ ਗੈਂਗ ਦੇ 4 ਮੈਂਬਰ ਹਥਿਆਰਾਂ ਨਾਲ ਗ੍ਰਿਫ਼ਤਾਰ

ਜਲੰਧਰ – ਪੰਜਾਬ ਪੁਲਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਗਿਹੋਰ ਦੇ ਚਾਰ ਮੈਂਬਰ ਗ੍ਰਿਫ਼ਤਾਰ ਕੀਤੇ। ਦਰਅਸਲ ਜਲੰਧਰ ਦਿਹਾਤੀ ਪੁਲਸ ਨੇ ਜਲੰਧਰ-ਬਟਾਲਾ ਹਾਈਵੇਅ ‘ਤੇ 70 ਕਿਲੋਮੀਟਰ ਤੱਕ ਪਿੱਛਾ ਕਰਕੇ ਜੱਗੂ ਭਗਵਾਨਪੁਰੀਆ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਨਾਲ ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਇਕ ਅੰਤਰਰਾਸ਼ਟਰੀ ਨੈੱਟਵਰਕ ਦਾ ਪਰਦਾਫਾਸ਼ ਹੋ ਗਿਆ ਹੈ। ਇਸ ਦੀ ਜਾਣਕਾਰੀ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਵੱਲੋਂ ਐਕਸ ‘ਤੇ ਦਿੱਤੀ ਗਈ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਗੈਂਗ ਜਰਮਨੀ ਵਿਚ ਰਹਿਣ ਵਾਲੇ ਅਮਨ ਉਰਫ਼ ਅੰਡਾ ਦੇ ਸੰਪਰਕ ਵਿਚ ਸੀ, ਜੋ ਕੌਮਾਂਤਰੀ ਸੰਬੰਧਾਂ ਦੀ ਵਰਤੋਂ ਕਰਕੇ ਪੰਜਾਬ ਵਿਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰ ਰਿਹਾ ਸੀ। ਗ੍ਰਿਫ਼ਤਾਰ ਕੀਤੇ ਗਏ ਚਾਰੋਂ ਮੈਂਬਰਾਂ ਕੋਲੋਂ ਇਕ ਰਿਵਾਲਵਰ, 2 ਪਿਸਤੌਲ, ਇਕ ਗਲਾਕ ਪਿਸਤੌਲ 9 ਐੱਮ. ਐੱਮ, 4 ਜ਼ਿੰਦਾ ਕਾਰਤੂਸ ਅਤੇ ਦੋ ਵਾਹਨ ਬਰਾਮਦ ਹੋਏ ਹਨ। ਮਾਨਯੋਗ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੰਗਠਤ ਅਪਰਾਧ ਦੇ ਖ਼ਾਤਮੇ ਅਤੇ ਸੂਬੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਫੜੇ ਗਏ ਵਿਅਕਤੀਆਂ ਦੀ ਪਛਾਣ ਅਸਰਤ ਕੰਠ ਉਰਫ਼ ਸਾਬੀ, ਕਮਲਪ੍ਰੀਤ ਸਿੰਘ ਉਰਫ਼ ਕੋਮਲ ਬਾਜਵਾ, ਪਰਦੀਪ ਕੁਮਾਰ ਉਰਫ਼ ਗੋਰਾ ਅਤੇ ਗੁਰਮੀਤ ਰਾਜ ਉਰਫ਼ ਜੁਨੇਜਾ ਵਜੋਂ ਹੋਈ ਹੈ। ਪੁਲਸ ਟੀਮਾਂ ਨੇ ਚਾਰ ਹਥਿਆਰ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚ ਇਕ ਚੀਨ ਦਾ ਬਣਿਆ 7.65 ਐੱਮ. ਐੱਮ. ਗਲਾਕ, ਦੋ .30 ਬੋਰ ਦਾ ਪਿਸਤੌਲ ਅਤੇ ਇਕ ਰਿਵਾਲਵਰ ਸਮੇਤ ਚਾਰ ਜ਼ਿੰਦਾ ਕਾਰਤੂਸ ਅਤੇ ਤਿੰਨ ਮੈਗਜ਼ੀਨਾਂ ਸਮੇਤ ਉਨ੍ਹਾਂ ਦੇ ਦੋ ਵਾਹਨ ਮਹਿੰਦਰਾ ਐਕਸ. ਯੂ. ਵੀ (ਪੀਬੀ-09-3039) ਅਤੇ ਬ੍ਰੇਜ਼ਾ (PB-09-ਈਪੀ-7100) ਵੀ ਜ਼ਬਤ ਕੀਤੇ ਹਨ, ਜਿੰਨਾ ਦੀ ਵਰਤੋਂ ਅਪਰਾਧ ਲਈ ਕੀਤੀ ਜਾ ਰਹੀ ਸੀ।

ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗਿਰੋਹ ਦੇ ਸਰਗਨਾ ਆਸਰਤ ਕੰਠ ਉਰਫ਼ ਸਾਬੀ ਨੇ ਮੰਨਿਆ ਕਿ ਜ਼ਬਤ ਕੀਤੇ ਗਏ ਹਥਿਆਰ ਜੱਗੂ ਭਗਵਾਨਪੁਰੀਆ ਗੈਂਗ ਦੇ ਗੁਰਗੇ ਅਮਨ ਉਰਫ਼ ਅੰਡਾ, ਜੋ ਇਸ ਸਮੇਂ ਜਰਮਨੀ ਵਿੱਚ ਰਹਿੰਦਾ ਹੈ, ਵੱਲੋਂ ਸਪਲਾਈ ਕੀਤੇ ਗਏ ਸਨ। ਇਹ ਹਥਿਆਰ ਬਟਾਲਾ ਵਾਸੀ ਸੰਜੂ ਉਰਫ਼ ਸਾਹਿਲ ਕੁਮਾਰ ਜ਼ਰੀਏ ਸਪਲਾਈ ਕੀਤੇ ਗਏ ਸਨ, ਜੋ ਇਸ ਸਮੇਂ ਜੇਲ੍ਹ ਵਿੱਚ ਹੈ। ਗ੍ਰਿਫ਼ਤਾਰ ਮੁਲਜ਼ਮ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਤਲ ਦੀ ਕੋਸ਼ਿਸ਼, ਗੈਰ-ਕਾਨੂੰਨੀ ਹਥਿਆਰ ਰੱਖਣ ਅਤੇ ਗੈਂਗ ਨਾਲ ਸਬੰਧਤ ਹਿੰਸਾ ਸਮੇਤ ਕਈ ਅਪਰਾਧਿਕ ਮਾਮਲਿਆਂ ਨਾਲ ਜੁੜੇ ਹੋਏ ਹਨ।
ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦੇ ਹੋਏ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਸ ਟੀਮਾਂ ਨੂੰ ਭਰੋਸੇਯੋਗ ਸੂਚਨਾ ਮਿਲੀ ਸੀ ਕਿ ਸ਼ੱਕੀ ਵਿਅਕਤੀ ਦੋ ਵਾਹਨਾਂ, ਇਕ ਮਹਿੰਦਰਾ ਐਕਸ. ਯੂ. ਵੀ. ਅਤੇ ਮਾਰੂਤੀ ਬਰੇਜ਼ਾ ਵਿੱਚ ਜਾ ਰਹੇ ਹਨ ਅਤੇ ਭੱਜਣ ਦੀ ਫ਼ਿਰਾਕ ਵਿੱਚ ਹਨ।

ਪੁਲਸ ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਸੀ. ਆਈ. ਏ. ਸਟਾਫ਼ ਜਲੰਧਰ ਦਿਹਾਤੀ ਦੇ ਇੰਚਾਰਜ ਅਤੇ ਥਾਣਾ ਭੋਗਪੁਰ ਦੇ ਮੁੱਖ ਅਫ਼ਸਰ ਸਿਕੰਦਰ ਸਿੰਘ ਨੇ ਪਿੰਡ ਲਹਿਰਾ ਨੇੜੇ ਨਾਕਾ ਲਗਾਇਆ ਅਤੇ ਉਨ੍ਹਾਂ ਦੀ ਬਰੇਜ਼ਾ ਗੱਡੀ ਨੂੰ ਰੋਕਣ ਵਿੱਚ ਕਾਮਯਾਬ ਹੋ ਗਏ, ਜਿਸ ਦੇ ਨਤੀਜੇ ਵਜੋਂ ਸਾਬੀ ਅਤੇ ਕੋਮਲ ਬਾਜਵਾ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ। ਹਾਲਾਂਕਿ ਮਹਿੰਦਰਾ ਐਕਸ. ਯੂ. ਵੀ. ਚਲਾ ਰਹੇ ਵਿਅਕਤੀ ਨਾਕਾਬੰਦੀ ਨੂੰ ਤੋੜ ਕੇ ਫਰਾਰ ਹੋ ਗਏ, ਜਿਨ੍ਹਾਂ ਦਾ ਪਿੱਛਾ ਕਰਨ ਤੋਂ ਬਾਅਦ ਪੁਲਸ ਨੇ ਗੋਰਾ ਅਤੇ ਜੁਨੇਜਾ ਨੂੰ ਮਕਸੂਦਾਂ ਦੇ ਜੀਂਦਾ ਰੋਡ ‘ਤੇ ਕਾਬੂ ਕਰ ਲਿਆ ਅਤੇ ਪੰਜਵਾਂ ਦੋਸ਼ੀ ਸਾਜਨਦੀਪ ਉਰਫ਼ ਲੋਡਾ ਭੱਜਣ ਵਿੱਚ ਕਾਮਯਾਬ ਹੋ ਗਿਆ। ਐੱਸ. ਐੱਸ. ਪੀ. ਖੱਖ ਨੇ ਦੱਸਿਆ ਕਿ ਇਹ ਗਿਰੋਹ ਪਹਿਲਾਂ 23 ਜੁਲਾਈ ਨੂੰ ਬਟਾਲਾ ਦੇ ਗਾਂਧੀ ਕੈਂਪ ਵਿੱਚ ਇਕ ਗੋਲ਼ੀਬਾਰੀ ਦੀ ਵਾਰਦਾਤ ਵਿੱਚ ਸ਼ਾਮਲ ਸੀ, ਜਿੱਥੇ ਇਨ੍ਹਾਂ ਨੇ ਇਕ ਵਿਰੋਧੀ ਗਿਰੋਹ ਦਾ ਮੈਂਬਰ, ਯੁੱਧਵੀਰ ਉਰਫ਼ ਯੋਧਾ, ਮਾਰਿਆ ਸੀ ਅਤੇ ਇਕ ਹੋਰ, ਰਾਹੁਲ ਦਾਤਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ।
ਉਨ੍ਹਾਂ ਦੱਸਿਆ ਕਿ ਐੱਸ. ਪੀ. ਸਪੈਸ਼ਲ ਬਰਾਂਚ ਜਲੰਧਰ (ਡੀ) ਮਨਪ੍ਰੀਤ ਸਿੰਘ ਢਿੱਲੋਂ ਅਤੇ ਡੀ. ਐੱਸ. ਪੀ. ਆਦਮਪੁਰ ਸਬ-ਡਿਵੀਜ਼ਨ ਸੁਮਿਤ ਸੂਦ ਦੀ ਅਗਵਾਈ ਵਿੱਚ ਪੁਲਸ ਟੀਮਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਖੇਤਰ ਵਿੱਚ ਗੈਂਗ ਗਤੀਵਿਧੀਆਂ ਨੂੰ ਰੋਕਣ ਲਈ ਸਾਡੇ ਚੱਲ ਰਹੇ ਯਤਨਾਂ ਵਿੱਚ ਇਕ ਮਹੱਤਵਪੂਰਨ ਸਫ਼ਲਤਾ ਹੈ।ਦੱਸਣਯੋਗ ਹੈ ਕਿ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਪੁਲਸ ਇਸ ਗਿਰੋਹ ਦੀਆਂ ਕਾਰਵਾਈਆਂ ਅਤੇ ਕੌਮਾਂਤਰੀ ਸਬੰਧਾਂ ਬਾਰੇ ਹੋਰ ਡੂੰਘਾਈ ਨਾਲ ਜਾਂਚ ਕਰਨ ਲਈ ਰਿਮਾਂਡ ਦੀ ਮੰਗ ਕਰੇਗੀ।

Leave a Reply

Your email address will not be published. Required fields are marked *