ਲੁਧਿਆਣਾ : ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ’ਤੇ ਕਿਸਾਨ ਯੂਨੀਅਨ ਦੇ ਵਾਹਨਾਂ ’ਤੇ ਟੋਲ ਨਹੀਂ ਲੱਗੇਗਾ। ਇਸ ਲਈ ਵਾਹਨ ’ਤੇ ਯੂਨੀਅਨ ਦਾ ਝੰਡਾ ਤੇ ਸਟੀਕਰ ਲੱਗਿਆ ਹੋਣਾ ਚਾਹੀਦਾ ਹੈ। ਇਹ ਫ਼ੈਸਲਾ ਸੋਮਵਾਰ ਨੂੰ ਇੱਥੇ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ, ਡਿਪਟੀ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਤੇਜਾ ਤੇ ਟੋਲ ਪਲਾਜ਼ਾ ਦੇ ਮੈਨੇਜਰ ਵਿਚਕਾਰ ਹੋਈ ਬੈਠਕ ’ਚ ਲਿਆ ਗਿਆ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਤੇ ਬੀਕੇਯੂ ਦੋਆਬਾ ਵੱਲੋਂ ਟੋਲ ਪਲਾਜ਼ਾ ਖੋਲ੍ਹੇ ਜਾਣ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਮੰਗਾਂ ’ਤੇ ਕੁਝ ਨਹੀਂ ਕਿਹਾ ਸੀ, ਜਿਸ ਤੋਂ ਬਾਅਦ ਯੂਨੀਅਨ ਨੇ ਗੁਰਦੁਆਰਾ ਭੋਰਾ ਸਾਹਿਬ ’ਚ ਬੈਠਕ ’ਚ 18 ਅਗਸਤ ਤੋਂ ਫਿਰ ਟੋਲ ਪਲਾਜ਼ਾ ਬੰਦ ਕਰਨ ਦਾ ਫ਼ੈਸਲਾ ਲਿਆ ਸੀ। ਇਸ ਤੋਂ ਬਾਅਦ ਕਿਸਾਨਾਂ ਨੇ ਪ੍ਰਸ਼ਾਸਨ ਨਾਲ ਹੋਈ ਬੈਠਕ ’ਚ ਕਿਹਾ ਟੋਲ ਪਲਾਜ਼ੇ ’ਤੇ ਕਿਸਾਨਾਂ ਨਾਲ ਮਾੜਾ ਵਿਹਾਰ ਕਰ ਕੇ ਟੋਲ ਵਸੂਲਿਆ ਗਿਆ ਹੈ।
ਇਸ ਤੋਂ ਬਾਅਦ ਸਹਿਮਤੀ ਬਣੀ ਕਿ ਜਿਸ ਦੇ ਵਾਹਨ ’ਤੇ ਕਿਸਾਨ ਜਥੇਬੰਦੀ ਦਾ ਝੰਡਾ ਤੇ ਸਟੀਕਰ ਲੱਗਿਆ ਹੋਵੇਗਾ, ਉਸ ਤੋਂ ਫੀਸ ਨਹੀਂ ਲਈ ਜਾਵੇਗੀ। ਟੋਲ ਰੇਟ ਘੱਟ ਕਰਨ ਲਈ ਨਵੀਆਂ ਦਰਾਂ ’ਤੇ ਫ਼ੈਸਲਾ ਅਗਲੀ ਬੈਠਕ ’ਚ ਹੋਵੇਗਾ।