ਸੁਲਤਾਨਪੁਰ ਲੋਧੀ/ਕਾਲਾ ਸੰਘਿਆਂ- ਦੋਆਬੇ ’ਚ ਧਰਤੀ ਹੇਠਲੇ ਪਾਣੀ ਨੂੰ ਉੱਪਰ ਚੁੱਕਣ ਲਈ ਲੰਬੇ ਸਮੇਂ ਤੋਂ ਯਤਨ ਕਰ ਰਹੇ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਚਿੱਟੀ ਵੇਈਂ ’ਚ ਬਿਸਤ-ਦੋਆਬ ਨਹਿਰ ’ਚੋਂ 200 ਕਿਊਸਿਕ ਪਾਣੀ ਛੱਡਿਆ ਜਾਵੇਗਾ, ਜਿਸ ਸਬੰਧੀ ਪ੍ਰਾਜੈਕਟ ਤਿਆਰ ਹੈ। ਮੁੱਖ ਮੰਤਰੀ ਭੰਗਵਤ ਮਾਨ ਨਾਲ ਵਿਚਾਰ-ਵਟਾਂਦਰਾ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਚਿੱਟੀ ਵੇਈਂ ਵਿਚ ਬਿਸਤ-ਦੋਆਬ ਨਹਿਰ ਦਾ ਪਾਣੀ ਛੱਡਣ ਲਈ ਬਣਾਏ ਜਾ ਰਹੇ ਰੈਗੂਲੇਟਰ ’ਤੇ 1 ਕਰੋੜ 19 ਲੱਖ ਰੁਪਏ ਖ਼ਰਚਾ ਆਉਣ ਦਾ ਅਨੁਮਾਨ ਹੈ, ਇਸ ਵਿਚੋਂ 40 ਲੱਖ ਰੁਪਏ ਕੰਮ ਸ਼ੁਰੂ ਕਰਨ ਲਈ ਦਿੱਤੇ ਜਾ ਚੁੱਕੇ ਹਨ। ਸੰਤ ਸੀਚੇਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਾਣੂੰ ਕਰਵਾਇਆ ਕਿ ਚਿੱਟੀ ਵੇਈਂ ’ਚ ਸਾਫ਼ ਪਾਣੀ ਵਗਣ ਨਾਲ ਜਿੱਥੇ ਦੋਆਬੇ ’ਚ ਧਰਤੀ ਹੇਠਲਾ ਪਾਣੀ ਉਪਰ ਆਵੇਗਾ, ਉੱਥੇ ਇਹ ਵੇਈਂ ਪ੍ਰਦੂਸ਼ਣ ਮੁਕਤ ਵੀ ਹੋ ਜਾਵੇਗੀ।
ਇਸ ਤੋਂ ਇਲਾਵਾ ਸੰਤ ਸੀਚੇਵਾਲ ਨੇ ਮੁੱਖ ਮੰਤਰੀ ਦੇ ਧਿਆਨ ’ਚ ਲਿਆਂਦਾ ਕਿ ਦੋਆਬੇ ਨੂੰ ਨਹਿਰੀ ਪਾਣੀ ਖੇਤਾਂ ਤਕ ਪਹੁੰਚਦਾ ਕਰਨ ਲਈ ਪਾਈਪ ਲਾਈਨ ਵਿਛਾਈ ਜਾਵੇ, ਗਿੱਦੜਪਿੰਡੀ ਤੋਂ ਲੈ ਕੇ ਫਿਲੌਰ ਤੱਕ ਧੁੱਸੀ ਬੰਨ੍ਹ ’ਤੇ ਪੱਕੀ ਸੜਕ ਬਣਾਈ ਜਾਵੇ ਅਤੇ ਗਿੱਦੜਪਿੰਡੀ ਰੇਲਵੇ ਪੱਲ ਹੇਠਾਂ ਜੰਮੀ ਗਾਰ ਕੱਢੀ ਜਾਵੇ। ਇਸ ਮੌਕੇ ਨਕੋਦਰ ਹਲਕੇ ਤੋਂ ਬੀਬੀ ਇੰਦਰਜੀਤ ਕੌਰ ਮਾਨ, ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ, ਸੰਤ ਬਲਦੇਵ ਕ੍ਰਿਸ਼ਨ ਸਿੰਘ, ਕਾਂਗਰਸ ਦੇ ਸਾਬਕਾ ਜ਼ਿਲਾ ਦਿਹਾਤੀ ਦੇ ਪ੍ਰਧਾਨ ਦਰਸ਼ਨ ਸਿੰਘ ਟਾਹਲੀ ਆਦਿ ਹਾਜ਼ਰ ਸਨ।
ਸੰਤ ਸੀਚੇਵਾਲ ‘ਆਪ’ ਦੇ ਹੀ ਨਹੀਂ, ਸਗੋਂ ਸਾਰਿਆਂ ਦੇ ਐੱਮ. ਪੀ. ਹਨ : ਭਗਵੰਤ ਮਾਨ
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਛਾਣ ਵਾਤਾਵਰਣ ਪ੍ਰੇਮੀ ਦੇ ਤੌਰ ’ਤੇ ਦੇਸ਼ ਭਰ ਵਿਚ ਬਣੀ ਹੋਈ ਹੈ, ਉਹ ਇਕੱਲੇ ‘ਆਪ’ ਦੇ ਹੀ ਨਹੀਂ, ਸਗੋਂ ਸਾਰਿਆਂ ਦੇ ਸਾਂਝੇ ਐੱਮ. ਪੀ. ਹਨ। ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਨੇ ਸੰਸਦ ਵਿਚ ਜਾ ਕੇ ਪੰਜਾਬੀ ਮਾਂ ਬੋਲੀ ਦਾ ਜੋ ਮਾਣ ਵਧਾਇਆ ਹੈ, ਉਸ ਦੀ ਚਰਚਾ ਦੇਸ਼ ਵਿਚ ਹੀ ਨਹੀਂ, ਸਗੋਂ ਵਿਦੇਸ਼ ਵਿਚ ਬੈਠੇ ਪੰਜਾਬੀ ਕਰਦੇ ਹਨ। ਇਸੇ ਤਰ੍ਹਾਂ ਉਨ੍ਹਾਂ ਨੇ ਵਾਤਾਵਰਣ ਅਤੇ ਖੇਤੀ ਦੇ ਮੁੱਦਿਆਂ ਨੂੰ ਸੰਸਦ ਵਿਚ ਬੜੀ ਸੰਜੀਦਗੀ ਨਾਲ ਉਠਾਇਆ ਹੈ।