ਬਾਦਲਾਂ ’ਤੇ ‘ਆਪ’ ਦਾ ਪਲਟਵਾਰ, ਕਿਹਾ, ਬਾਦਲਾਂ ਨੇ ਜੋ ਬੀਜਿਆ ਸੀ, ਅੱਜ ਓਹੋ ਹੀ ਵੱਢ ਰਹੇ

meet haire/nawanpunjab.com

ਚੰਡੀਗੜ੍ਹ, 3 ਸਤੰਬਰ (ਦਲਜੀਤ ਸਿੰਘ)- ਆਮ ਆਦਮੀ ਪਾਰਟੀ (ਆਪ) ਨੇ ਬਾਦਲਾਂ ਤੇ ਪਲਟਵਾਰ ਕੀਤਾ ਹੈ।ਆਪ ਨੇ ਕਿਹਾ ਕਿ “ਖੇਤੀ ਵਿਰੋਧੀ ਕਾਨੂੰਨਾਂ ਕਾਰਨ ਭਾਜਪਾ ਦੇ ਨਾਲ- ਨਾਲ ਅਕਾਲੀ ਦਲ ਬਾਦਲ ਦੇ ਹੋ ਰਹੇ ਵਿਰੋਧ ਦਾ ਠੀਕਰਾ ਬਾਦਲ ਪਰਿਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਸਿਰ ਨਹੀਂ ਭੰਨਣਾ ਚਾਹੀਦਾ, ਸਗੋਂ ਖੇਤੀਬਾੜੀ ਆਰਡੀਨੈਂਸ ਅਤੇ ਬਿਲਾਂ ਦਾ ਸਮਰਥਨ ਕਰਨ ਬਾਰੇ ਕਿਸਾਨਾਂ ਸਾਹਮਣੇ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਹੈ।”
ਇਹ ਪ੍ਰਤੀਕਿਿਰਆ ਦਿੰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ, “ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ‘ਆਪ’ ਖ਼ਿਲਾਫ਼ ਬੇਤੁਕੀ ਬਿਆਨਬਾਜ਼ੀ ਕਰਨ ਤੋਂ ਗੁਰੇਜ ਕਰਨ ਕਿਉਂਕਿ ਬਾਦਲ ਪਰਿਵਾਰ ਅਤੇ ਹੋਰ ਅਕਾਲੀ ਆਗੂਆਂ ਕੋਲੋਂ ਪੰਜਾਬ ਦੇ ਆਮ ਲੋਕ ਅਤੇ ਕਿਸਾਨ ਕਾਲੇ ਕਾਨੂੰਨਾਂ ਦਾ ਸਮਰਥਨ ਕਰਨ ਬਾਰੇ ਜਵਾਬ ਮੰਗ ਰਹੇ ਹਨ ਅਤੇ ਜਵਾਬ ਨਾ ਮਿਲਣ ਦੀ ਸੂਰਤ ਵਿੱਚ ਹੋ ਰਹੇ ਵਿਰੋਧ ਲਈ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਉਣਾ ਲੋਕਾਂ ਦੇ ਸਵਾਲਾਂ ਤੋਂ ਭੱਜਣ ਦੀ ਚਾਲ ਹੈ।”

ਵੀਰਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਧਾਇਕ ਮੀਤ ਹੇਅਰ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਨੂੰ ਸਵਾਲ ਪੁੱਛਦਿਆਂ ਕਿਹਾ, ‘‘ਕੇਂਦਰ ਵੱਲੋਂ ਖੇਤੀ ਕਾਨੂੰਨਾਂ ਲਈ ਲਿਆਂਦੇ ਗਏ ਆਰਡੀਨੈਂਸ ’ਤੇ ਬਤੌਰ ਕੈਬਨਿਟ ਮੰਤਰੀ ਜਿਹੜੇ ਦਸਤਖ਼ਤ ਹਰਸਿਮਰਤ ਕੌਰ ਬਾਦਲ ਨੇ ਕੀਤੇ ਸਨ, ਕੀ ਉਹ ਵੀ ‘ਆਪ’ ਨੇ ਕਰਵਾਏ ਸਨ? ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਖੇਤੀ ਕਾਨੂੰਨਾਂ ਦੇ ਹੱਕ ’ਚ ਜਿਹੜੀ ਵੀਡੀਓ ਜਾਰੀ ਕੀਤੀ ਗਈ ਸੀ, ਕੀ ਉਸ ਵੀਡੀਓ ਲਈ ਵੀ ‘ਆਪ’ ਦੇ ਵਰਕਰ ਜ਼ਿੰਮੇਵਾਰ ਹਨ?”

Leave a Reply

Your email address will not be published. Required fields are marked *