ਸੀਕੇਡੀ ‘ਚੋਂ ਕੱਢੇ ਹੋਏ ਮੈਂਬਰਾਂ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਦਿੱਤਾ ਮੰਗ ਪੱਤਰ, ਰੱਖੀ ਇਹ ਮੰਗ

ਅੰਮ੍ਰਿਤਸਰ : ਚੀਫ ਖਾਲਸਾ ਦੀਵਾਨ ਦੇ ਬਰਖਾਸਤ ਮੈਂਬਰ ਪ੍ਰੋਫੈਸਰ ਹਰੀ ਸਿੰਘ, ਅਮਰਜੀਤ ਸਿੰਘ ਭਾਟੀਆ ਤੇ ਅਵਤਾਰ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਨਾਮ ਮੰਗ ਪੱਤਰ ਦਿੱਤਾ ਹੈ। ਜਥੇਦਾਰ ਰਘਬੀਰ ਸਿੰਘ ਦੀ ਗੈਰ-ਹਾਜ਼ਰੀ ਵਿਚ ਨਿੱਜੀ ਸਹਾਇਕ ਜਸਪਾਲ ਸਿੰਘ ਨੂੰ ਦਿੱਤੇ ਮੰਗ ਪੱਤਰ ਵਿਚ ਉਕਤ ਆਗੂਆਂ ਨੇ ਲਿਖਿਆ ਕਿ ਸੀਕੇਡੀ ਦੇ ਮੁਖੀ ਡਾ. ਇੰਦਰਬੀਰ ਸਿੰਘ ਨਿੱਝਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਹਦਾਇਤਾਂ ਦੀ ਲਗਾਤਾਰ ਉਲੰਘਣਾ ਕਰ ਰਹੇ ਹਨ। ਇਸ ਲਈ ਜਥੇਦਾਰ ਗਿਆਨੀ ਰਘਬੀਰ ਸਿੰਘ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਸੀਕੇਡੀ ਵੱਲੋਂ 4 ਅਗਸਤ ਵਾਲੇ ਪ੍ਰਸਤਾਵਿਤ ਕੀਰਤਨ ਦਰਬਾਰ ਵਿਚ ਨਹੀਂ ਜਾਣਾ ਚਾਹੀਦਾ ਹੈ। ਪ੍ਰੋ. ਹਰੀ ਸਿੰਘ, ਅਵਤਾਰ ਸਿੰਘ ਅਤੇ ਅਮਰਜੀਤ ਭਾਟੀਆ ਨੇ ਕਿਹਾ ਕਿ 30 ਜੂਨ 2023 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੀਕੇਡੀ ਨੂੰ ਨਵੇਂ ਮੈਂਬਰ ਨਾਮਜ਼ਦ ਨਾ ਕਰਨ ਦੇ ਹੁਕਮ ਦਿੱਤੇ ਸਨ ਪਰ ਪ੍ਰਧਾਨ ਡਾ. ਨਿੱਝਰ ਨੇ ਹੁਕਮਾਂ ਦੀ ਉਲੰਘਣਾ ਕਰਦਿਆਂ 46 ਨਵੇਂ ਮੈਂਬਰਾਂ ਨੂੰ ਮੈਂਬਰਸ਼ਿਪ ਦਿੱਤੀ। 18 ਫਰਵਰੀ 24 ਨੂੰ ਦੀਵਾਨ ਦੇ ਕੱਢੇ ਗਏ ਮੈਂਬਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਧਾਨ ਅਤੇ ਅਹੁਦੇਦਾਰਾਂ ਲਈ ਹੋਣ ਵਾਲੀ ਚੋਣ ਵਿਚ ਟੈਂਡਰ ਵੋਟ ਪਾਉਂਣ ਦਾ ਅਧਿਕਾਰ ਦਿੱਤਾ ਗਿਆ ਸੀ, ਪਰ ਸੀਕੇਡੀ ਨੇ ਇਹ ਹੁਕਮ ਵੀ ਨਹੀਂ ਮੰਨਿਆ। ਸੀਕੇਡੀ ਵੀ ਆਪਣੇ ਸੰਵਿਧਾਨ ਦੀ ਉਲੰਘਣਾ ਕਰ ਰਿਹਾ ਹੈ, ਸੰਵਿਧਾਨ ਅਨੁਸਾਰ ਮੈਂਬਰ ਅੰਮ੍ਰਿਤਧਾਰੀ ਹੋਣੇ ਚਾਹੀਦੇ ਹਨ, ਪਰ ਪ੍ਰਧਾਨ ਡਾ. ਨਿੱਝਰ ਗੈਰ-ਅੰਮ੍ਰਿਤਧਾਰੀਆਂ ਨੂੰ ਵੀ ਮੈਂਬਰ ਨਾਮਜ਼ਦ ਕਰ ਰਹੇ ਹਨ।

Leave a Reply

Your email address will not be published. Required fields are marked *