ਗਿੱਦੜਬਾਹਾ, 24 ਅਗਸਤ (ਦਲਜੀਤ ਸਿੰਘ)- ਮੰਗਲਵਾਰ ਨੂੰ ਗਿੱਦੜਬਾਹਾ ਸ਼ਹਿਰ ਅਤੇ ਪਿੰਡਾਂ ਦੇ ਦੌਰੇ ਕਰਨ ਪੁੱਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਕਿਸਾਨਾਂ ਵਲੋ ਵਿਰੋਧ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਅਕਾਲੀ ਦਲ ਅਤੇ ਸੁਖਬੀਰ ਬਾਦਲ ਮੁਰਦਾਬਾਦ ਦੇ ਨਾਅਰੇ ਲਗਾਏ।ਗਿੱਦੜਬਾਹਾ ਦੌਰੇ ਦੌਰਾਨ ਸਥਾਨਕ ਬਠਿੰਡਾ ਰੋਡ ’ਤੇ ਸਥਿਤ ਮੱਕੜ ਪੈਲੇਸ ਵਿਖੇ ਸੁਖਬੀਰ ਬਾਦਲ ਦੀ ਰੈਲੀ ਤੋਂ ਪਹਿਲਾਂ ਇੱਕਠੇ ਹੋਏ ਕਿਸਾਨਾਂ ਨੂੰ ਪੁਲਸ ਨੇ ਦਾਣਾ ਮੰਡੀ ਵਿਖੇ ਹੀ ਰੋਕੀ ਰੱਖਿਆ।
ਪੁਲਸ ਪ੍ਰਸ਼ਾਸਨ ਵਲੋਂ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਦਾਣਾ ਮੰਡੀ ਦੇ ਗੇਟ ਅੱਗੇ ਜੇ.ਸੀ.ਬੀ. ਦੀ ਮਦਦ ਨਾਲ ਵੱਡੇ ਪੱਥਰ ਰੱਖ ਸੁਖਬੀਰ ਤੱਕ ਕਿਸਾਨਾਂ ਨੂੰ ਨਾ ਪਹੁੰਚਣ ਦੀ ਹਰ ਪ੍ਰਕਾਰ ਦੀ ਕੋਸ਼ਿਸ ਕੀਤੀ ਗਈ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੋਣਗੇ ਉਦੋਂ ਤੱਕ ਲੀਡਰਾਂ ਦਾ ਵਿਰੋਧ ਕੀਤਾ ਜਾਵੇਗਾ। ਕਿਸਾਨਾਂ ਨੇ ਸੁਖਬੀਰ ਦੇ ਇਸ ਗੱਲ ਦਾ ਵਿਰੋਧ ਕੀਤਾ, ਜਿਸ ਵਿਚ ਸੁਖਬੀਰ ਨੇ ਕਿਹਾ ਸੀ ਕਿ ਵਿਰੋਧ ਕਰਨ ਵਾਲੇ ਸ਼ਰਾਰਤੀ ਅਨਸਰ ਹਨ ਨਾ ਕਿ ਕਿਸਾਨ ਜਦੋਂਕਿ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਕਿਸਾਨ ਹਨ ਅਤੇ ਕਿਸਾਨੀ ਹਿੱਤਾਂ ਲਈ ਸੁਖਬੀਰ ਬਾਦਲ ਦਾ ਵਿਰੋਧ ਕਰਨ ਆਏ ਹਨ।