ਉਜਾਗਰ ਸਿੰਘ -ਪੰਜਾਬੀ ਦੇ ਮੁੱਦਈ ਮਾਂ ਬੋਲੀ ਨੂੰ ਸਮਰਪਤ ਆਪਣੇ ਸਮੇਂ ਦੇ ਸਮਰੱਥ ਕਹਾਣੀਕਾਰ ਵਰਿਆਮ ਸਿੰਘ ਢੋਟੀਆਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। 1 ਫਰਵਰੀ 2024 ਨੂੰ ਉਨ੍ਹਾਂ ਆਪਣਾ 93ਵਾਂ ਜਨਮ ਦਿਨ ਪਰਿਵਾਰ ਨਾਲ ਮਨਾਇਆ ਸੀ। ਉਨ੍ਹਾਂ ਦੀਆਂ ਕਹਾਣੀਆਂ ਦੀਆਂ ਦੋ ਪੁਸਤਕਾਂ ‘ਜਦੋਂ ਹੱਦ ਹੋ ਗਈ’ ਅਤੇ ਸੁਪਨੇ ਅਤੇ ਪਰਛਾਵੇਂ’ ਪ੍ਰਕਾਸ਼ਤ ਹੋਈਆਂ, ਜੋ ਉਸ ਸਮੇਂ ਬੜੀਆਂ ਚਰਚਿਤ ਰਹੀਆਂ ਸਨ। ਉਹ ਬੜੇ ਦਲੇਰ ਅਤੇ ਦਬੰਗ ਅਧਿਕਾਰੀ ਅਤੇ ਕਹਾਣੀਕਾਰ ਸਨ। ਨਿਯਮਾਂ ਅਨੁਸਾਰ ਕੰਮ ਕਰਦਿਆਂ ਉਨ੍ਹਾਂ ਕਦੀਂ ਕਿਸੇ ਸੀਨੀਅਰ ਅਧਿਕਾਰੀ ਦੀ ਈਨ ਨਹੀਂ ਮੰਨੀ। ਉਨ੍ਹਾਂ ਸਾਰੀ ਨੌਕਰੀ ਆਪਣੀਆਂ ਸ਼ਰਤਾਂ ‘ਤੇ ਕੀਤੀ। ਉਨ੍ਹਾਂ ਦੀ ਦਲੇਰੀ ਦਾ ਇਸ ਗੱਲ ਤੋਂ ਪਤਾ ਚਲਦਾ ਹੈ ਕਿ ਪੰਜਾਬ ਦੇ ਮੁੱਖ ਸਕੱਤਰ ਦੇ ਵਿਰੁੱਧ ਵੀ ਪੰਜਾਬੀ ਵਿਰੋਧੀ ਹੋਣ ਬਾਰੇ ਪੰਜਾਬੀ ਦੇ ਇੱਕ ਅਖ਼ਬਾਰ ਵਿੱਚ ਆਪਣਾ ਲੇਖ ਪ੍ਰਕਾਸ਼ਤ ਕਰਵਾ ਦਿੱਤਾ ਸੀ। ਪੰਜਾਬੀ ਸਰੋਕਾਰਾਂ ਨਾਲ ਸੰਬੰਧ ਲੇਖ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਕਰਵਾਉਂਦੇ ਰਹਿੰਦੇ ਹਨ। ਉਸ ਦੇ ਲੇਖ ਛਪਣ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਯੂ.ਟੀ.ਚੰਡੀਗੜ੍ਹ ਵਿੱਚ ਡੈਪੂਟੇਸ਼ਨ ‘ਤੇ ਭੇਜ ਦਿੱਤਾ ਸੀ। ਵਰਿਆਮ ਸਿੰਘ ਢੋਟੀਆਂ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਵਿੱਚ ਡਾਇਰੈਕਟਰ ਹਾਸਪੀਟੈਲਿਟੀ ਟੂਰਿਜ਼ਮ ਅਤੇ ਡਾਇਰੈਕਟਰ ਲੋਕ ਸੰਪਰਕ ਵਜੋਂ ਨਿਯੁਕਤ ਕਰ ਦਿੱਤਾ। ਉਥੇ ਉਨ੍ਹਾਂ ਮਾਅਰਕੇ ਦੇ ਕੰਮ ਕੀਤੇ। ਯੂ.ਟੀ.ਗੈਸਟ ਹਾਊਸ ਵਿੱਚ ਆਧੁਨਿਕ ਸਹੂਲਤਾਂ ਅਤੇ ਉਸ ਨੂੰ ਨਵਾਂ ਰੂਪ ਦੇਣ ਦਾ ਸਿਹਰਾ ਵਰਿਆਮ ਸਿੰਘ ਢੋਟੀਆਂ ਨੂੰ ਜਾਂਦਾ ਹੈ। ਗੈਸਟ ਹਾਊਸ ਦੇ ਪਹਿਲੇ 9 ਕਮਰਿਆਂ ਵਿੱਚ ਵਾਧਾ ਕਰਕੇ 9 ਕਮਰੇ ਹੋਰ ਬਣਵਾ ਦਿੱਤੇ। ਇਸ ਤੋਂ ਪਹਿਲਾਂ ਸਿਰਫ ਦੋ ਕਮਰਿਆਂ ਵਿੱਚ ਵਿੰਡੋ ਏ.ਸੀ. ਸਨ। ਇਕ ਕਾਨਫਰੰਸ ਹਾਲ ਬਣਵਾਇਆ ਅਤੇ ਸਾਰਾ ਗੈਸਟ ਹਾਊਸ ਸੈਂਟਰਲੀ ਏਅਰ ਕੰਡੀਸ਼ਨਡ ਕਰਵਾਇਆ। ਸਾਰੇ ਗੈਸਟ ਹਾਊਸ ਦੀ ਮੁਰੰਮਤ ਕਰਵਾ ਕੇ ਨਵੀਂ ਦਿੱਖ ਬਣਵਾਈ। ਸੁਖਨਾ ਝੀਲ ‘ਤੇ ਕੈਫੇਟੇਰੀਆ ਅਤੇ ਟੂਰਿਸਟ ਕੈਂਪਸ ਸਾਈਟ ਬਣਵਾਈ। ਰਾਕ ਗਾਰਡਨ ਵਿੱਚ ਇਕ ਸੈਨਿਕ ਬਾਰ ਖੁਲ੍ਹਵਾਈ। ਸੈਰ ਸਪਾਟਾ ਕਰਨ ਵਾਲਿਆਂ ਲਈ ਇਕ ਟੂਰਿਸਟ ਕੋਚ ਬਣਵਾਈ ਅਤੇ ਇਕ ਟਿਓਟਾ ਕਾਰ ਵਿਦੇਸ਼ ਤੋਂ ਮੰਗਵਾਈ। ਹੋਟਲ ਸ਼ਿਵਾਲਿਕ ਪਾਸ ਕਰਵਾਇਆ ਅਤੇ ਹੋਟਲ ਅੰਬੈਸਡਰ ਓਬਰਾਏ ਗਰੁਪ ਤੋਂ ਖਾਲ੍ਹੀ ਕਰਵਾਇਆ। ਪੰਚਾਇਤ ਭਵਨ ਵਿੱਚ ਆਧੁਨਿਕ ਸਹੂਲਤਾਂ ਦਾ ਪ੍ਰਬੰਧ ਕੀਤਾ। ਇਨ੍ਹਾਂ ਸਾਰੇ ਕਾਰਜ਼ਾਂ ਨੂੰ ਇਮਾਨਦਾਰੀ ਨਾਲ ਸਿਰੇ ਚੜ੍ਹਾਉਣ ਨਾਲ ਵਰਿਆਮ ਸਿੰਘ ਢੋਟੀਆਂ ਦੀ ਧਾਂਕ ਜੰਮ ਗਈ। ਉਨ੍ਹਾਂ ਨੂੰ ਇਮਾਨਦਾਰੀ ਅਤੇ ਕਾਰਜ਼ਕੁਸ਼ਲਤਾ ਦਾ ਪ੍ਰਤੀਕ ਕਿਹਾ ਗਿਆ। ਸਰਕਾਰੀ ਕੰਮ ਉਹ ਨਿਯਮਾਂ ਅਨੁਸਾਰ ਹੀ ਕਰਦੇ ਸਨ, ਕਿਸੇ ਵੀ ਸਿਆਸਤਦਾਨ ਤੇ ਅਧਿਕਾਰੀ ਦੇ ਗ਼ਲਤ ਹੁਕਮਾ ਨੂੰ ਮੰਨਦੇ ਨਹੀਂ ਸਨ। ਇਥੋਂ ਤੱਕ ਕਿ ਛੇਤੀ ਕੀਤਿਆਂ ਕੋਈ ਅਧਿਕਾਰੀ ਜਾਂ ਸਿਆਸਤਦਾਨ ਸਿਫ਼ਾਰਸ਼ ਹੀ ਨਹੀਂ ਕਰਦਾ ਸੀ। ਉਸ ਦੇ ਸਖ਼ਤ ਸੁਭਾਅ ਅਤੇ ਆਪਣੀ ਮਰਜ਼ੀ ਨਾਲ ਸਰਕਾਰੀ ਕੰਮ ਕਰਨ ਕਰਕੇ ਉਸ ਦੀਆਂ ਦੂਰ ਦੁਰਾਡੇ ਥਾਵਾਂ ‘ਤੇ ਬਦਲੀਆਂ ਹੁੰਦੀਆਂ ਰਹੀਆਂ ਪ੍ਰੰਤੂ ਉਹ ਆਪਣੇ ਅਸੂਲਾਂ ਤੇ ਅੜੇ ਰਹੇ। 1971 ਵਿੱਚ ਭਾਰਤ ਪਾਕਿ ਜੰਗ ਸਮੇਂ ਉਹ ਫੀਰੋਜਪੁਰ ਵਿਖੇ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਸਨ। ਇਸ ਦੌਰਾਨ ਚੰਡੀਗੜ੍ਹ ਤੋਂ ਲੋਕ ਸੰਪਰਕ ਵਿਭਾਗ ਦਾ ਸਕੱਤਰ ਇਕ ਆਈ.ਏ.ਐਸ.ਅਧਿਕਾਰੀ ਪ੍ਰੈਸ ਪਾਰਟੀ ਲੈ ਕੇ ਬਾਰਡਰ ਸਕਿਉਰਿਟੀ ਫੋਰਸ ਦੇ ਹੈਡ ਕੁਆਰਟਰ ਮਮਦੋਟ ਵਿਖੇ ਆ ਗਏ ਪ੍ਰੰਤੂ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਨੂੰ ਸੂਚਿਤ ਨਾ ਕੀਤਾ ਗਿਆ। ਅਗਲੇ ਦਿਨ ਉਸ ਅਧਿਕਾਰੀ ਦੀ ਗੱਡੀ ਦੀ ਮੁਰੰਮਤ ਕਰਵਾਉਣ ਲਈ ਡਰਾਇਵਰ ਉਨ੍ਹਾਂ ਦੇ ਦਫਤਰ ਆ ਗਿਆ। ਸਰਕਾਰੀ ਨਿਯਮਾ ਅਨੁਸਾਰ ਉਸ ਗੱਡੀ ਦੀ ਮੁਰੰਮਤ ਉਹ ਨਹੀਂ ਕਰਵਾ ਸਕਦੇ ਸਨ। ਵਰਿਆਮ ਸਿੰਘ ਢੋਟੀਆਂ ਨੇ ਗੱਡੀ ਦੀ ਮੁਰੰਮਤ ਕਰਵਾਉਣ ਤੋਂ ਕੋਰਾ ਜਵਾਬ ਦੇ ਦਿੱਤਾ। ਫਿਰ ਉਨ੍ਹਾਂ ਦੀ ਬਦਲੀ ਕਰ ਦਿੱਤੀ ਗਈ। 1976 ਵਿੱਚ ਉਹ ਡਿਪਟੀ ਡਾਇਰੈਕਟਰ ਬਣ ਗਏ। ਆਪਣੇ ਵਿਭਾਗ ਵਿੱਚ ਉਸ ਨੂੰ ਕੰਮ ਨਹੀਂ ਕਰਨ ਦਿੱਤਾ ਗਿਆ ਤੇ ਵਾਰ ਵਾਰ ਡੈਪੂਟੇਸ਼ਨ ਤੇ ਦੂਜੇ ਵਿਭਾਗਾਂ ਵਿੱਚ ਭੇਜਦੇ ਰਹੇ। 1978 ਵਿੱਚ ਉਨ੍ਹਾਂ ਨੂੰ ਸਨਅਤ ਵਿਭਾਗ ਵਿੱਚ ਐਕਸਪੋਰਟ ਪ੍ਰਮੋਸ਼ਨ ਅਧਿਕਾਰੀ ਡੈਪੂਟੇਸ਼ਨ ‘ਤੇ ਭੇਜ ਦਿੱਤਾ ਗਿਆ। ਉਨ੍ਹਾਂ 34 ਸਾਲ ਵਿਭਾਗ ਵਿੱਚ ਨੌਕਰੀ ਧੜੱਲੇਦਾਰੀ ਨਾਲ ਕੀਤੀ ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ ਭਾਵੇਂ ਅਨੇਕਾਂ ਦਬਾਅ ਪੈਂਦੇ ਰਹੇ। ਰਾਜਪਾਲ ਪੰਜਾਬ ਦੇ ਉਦੋਂ ਦੇ ਸਲਾਹਕਾਰ ਜੇ.ਐਫ.ਰਿਬੇਰੋ ਵਰਿਆਮ ਸਿੰਘ ਢੋਟੀਆਂ ਦੀ ਕਾਰਜਕੁਸ਼ਲਤਾ ਅਤੇ ਇਮਾਨਦਾਰੀ ਦੇ ਮੁੱਦਈ ਸਨ। 28 ਅਪ੍ਰੈਲ 1983 ਨੂੰ ਵਾਪਸ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਆ ਕੇ ਸੰਯੁਕਤ ਡਾਇਰੈਕਟਰ ਦਾ ਚਾਰਜ ਸੰਭਾਲਿਆ।
ਵਰਿਆਮ ਸਿੰਘ ਢੋਟੀਆਂ ਦਾ ਜਨਮ ਅੰਮਿ੍ਰਤਸਰ ਜਿਲ੍ਹੇ ਦੇ ਪਿੰਡ ਢੋਟੀਆਂ ਵਿਖੇ ਪਿਤਾ ਕਿਸ਼ਨ ਸਿੰਘ ਅਤੇ ਮਾਤਾ ਭਾਨੀ ਦੇ ਘਰ 1 ਫਰਵਰੀ 1932 ਨੂੰ ਹੋਇਆ। ਕਿਸ਼ਨ ਸਿੰਘ ਭਾਵੇਂ ਆਪ ਬਹੁਤਾ ਪੜ੍ਹਿਆ ਲਿਖਿਆ ਨਹੀਂ ਸੀ ਪ੍ਰੰਤੂ ਉਸ ਨੇ ਵਰਿਆਮ ਸਿੰਘ ਢੋਟੀਆਂ ਨੂੰ ਪੜ੍ਹਾਈ ਦਾ ਹਰ ਮੌਕਾ ਪ੍ਰਦਾਨ ਕੀਤਾ। ਵਰਿਆਮ ਸਿੰਘ ਢੋਟੀਆਂ ਨੇ ਪ੍ਰਾਇਮਰੀ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਅਤੇ ਦਸਵੀਂ ਤੱਕ ਦੀ ਡੇਰਾ ਬਾਬਾ ਨਾਨਕ ਹਾਈ ਸਕੂਲ ਵਿੱਚੋਂ ਕੀਤੀ। 6ਵੀਂ ਅਤੇ ਸਤਵੀਂ ਵਿੱਚ ਪਿੰਡ ਤੋਂ ਪੈਦਲ ਸਕੂਲ ਪੜ੍ਹਨ ਜਾਂਦੇ ਸਨ। ਦਸਵੀਂ ਵਿੱਚ ਜਾ ਕੇ ਸਾਈਕਲ ਜੁੜਿਆ ਸੀ, ਦਿੱਲੀ ਰਾਮਜਸ ਕਾਲਜ ਤੋਂ ਬੀ.ਏ.ਦੀ ਡਿਗਰੀ ਪਾਸ ਕੀਤੀ। 1955 ਵਿੱਚ ਲੋਕ ਸੰਪਰਕ ਵਿਭਾਗ ਵਿੱਚ ਅਨੁਵਾਦਕ ਅਤੇ 1961 ਵਿੱਚ ਭਾਸ਼ਾ ਵਿਭਾਗ ਪੰਜਾਬ ਵਿੱਚ ਸੀਨੀਅਰ ਅਨੁਵਾਦਕ ਚੁਣੇ ਗਏੇ। ਨੌਕਰੀ ਦੌਰਾਨ ਹੀ ਉਨ੍ਹਾਂ ਗਿਆਨੀ ਅਤੇ ਐਮ.ਏ.ਪੰਜਾਬੀ ਪ੍ਰਾਈਵੇਟਲੀ ਪਾਸ ਕਰ ਲਈਆਂ। ਫਿਰ ਉਹ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਜਿਲ੍ਹਾ ਭਾਸ਼ਾ ਅਧਿਕਾਰੀ ਚੁਣੇ ਗਏ। ਉਹ ਅਤੇ 1 ਅਪ੍ਰੈਲ 1964 ਨੂੰ ਲੋਕ ਸੰਪਰਕ ਅਧਿਕਾਰੀ ਚੁਣੇ ਗਏ। 7 ਅਕਤੂਬਰ 1964 ਨੂੰ ਉਨ੍ਹਾਂ ਨੂੰ ਗੁਰਦਾਸਪੁਰ ਵਿਖੇ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਲਗਾ ਦਿੱਤਾ ਗਿਆ। ਵਰਿਆਮ ਸਿੰਘ ਢੋਟੀਆਂ ਸੰਯੁਕਤ ਡਾਇਰੈਕਟਰ ਦੇ ਅਹੁਦੇ ਤੋਂ1 ਜਨਵਰੀ 1990 ਨੂੰ ਸੇਵਾ ਮੁਕਤ ਹੋਏ ਸਨ। ਉਹ 13 ਮਾਰਚ 2024 ਨੂੰ ਸਵਰਗ ਸਿਧਾਰ ਗਏ। ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਲਈ ਉਹ ਪ੍ਰੇਰਨਾ ਸ੍ਰੋਤ ਦੇ ਤੌਰ ‘ਤੇ ਕੰਮ ਕਰਦੇ ਰਹਿਣਗੇ।
ਉਨ੍ਹਾਂ ਦਾ ਵਿਆਹ ਮਹਿੰਦਰ ਕੌਰ ਨਾਲ ਹੋਇਆ ਸੀ। ਉਹ ਆਪਣੇ ਪਿੱਛੇ ਦੋ ਸਪੁਤਰੀਆਂ ਪਰਮਜੀਤ ਕੌਰ ਐਮ.ਏ.ਹਿਸਟਰੀ ਅਧਿਆਪਕਾ, ਹਰਪ੍ਰੀਤ ਕੌਰ (ਡਾ.) ਪ੍ਰੋਫ਼ੈਸਰ ਜੂਆਲੋਜੀ ਵਿਭਾਗ ਤੇ ਚੇਅਰਪਰਸਨ ਯੂਨੀਵਰਸਿਟੀ ਅਤੇ ਇਕ ਸਪੁੱਤਰ ਹਰਮਨਜੀਤ ਸਿੰਘ ਮੋਹਾਲੀ ਵਿਖੇ ਸਨਅਤਕਾਰ ਹੈ, ਨੂੰ ਛੱਡ ਗਏ ਹਨ। ਉਨ੍ਹਾਂ ਦਾ ਸਸਕਾਰ ਚੰਡੀਗੜ੍ਹ ਵਿਖੇ ਧਾਰਮਿਕ ਰਹੁ ਰੀਤਾਂ ਅਨੁਸਾਰ ਕਰ ਦਿੱਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਮਾਜ ਦੇ ਵੱਖ ਵੱਖ ਵਰਗਾਂ ਅਤੇ ਲੋਕ ਸੰਪਰਕ ਦੇ ਸੇਵਾ ਮੁਕਤ ਅਧਿਕਾਰੀ ਸ਼ਾਮਲ ਹੋਏ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com