ਹੀਰੇ ਜਵਾਹਰਾਤ ਖਾਣਾ ਵਿੱਚੋਂ ਨਿਕਲਦੇ ਹਨ। ਉਨ੍ਹਾਂ ਦੀ ਰੌਸ਼ਨੀ ਅਤੇ ਚਮਕ ਦਮਕ ਇਤਨੀ ਹੁੰਦੀ ਹੈ ਕਿ ਇਨਸਾਨ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਹਨ ਪ੍ਰੰਤੂ ਇਨ੍ਹਾਂ ਦੀ ਰੌਸ਼ਨੀ ਅਤੇ ਚਮਕ ਦਮਕ ਉਸੇ ਥਾਂ ਹੁੰਦੀ ਹੈ, ਜਿਥੇ ਇਹ ਮੌਜੂਦ ਹੁੰਦੇ ਹਨ। ਭਾਵ ਇਹ ਰੌਸ਼ਨੀ ਇਕ ਹੀ ਥਾਂ ਬਾਹਰੀ ਹੀ ਹੁੰਦੀ ਹੈ। ਜਿਹੜੇ ਹੀਰੇ ਜਵਾਰਾਤ ਇਨਸਾਨ ਦੇ ਰੂਪ ਵਿੱਚ ਸਾਧਾਰਣ ਪਰਿਵਾਰਾਂ ਵਿੱਚ ਪੈਦਾ ਹੁੰਦੇ ਹਨ, ਉਨ੍ਹਾਂ ਦੀ ਰੌਸ਼ਨੀ ਅੰਤਰੀਵ ਹੁੰਦੀ ਹੈ। ਇਨ੍ਹਾਂ ਹੀਰਿਆਂ ਵਿੱਚ ਆਪਣੀ ਰੌਸ਼ਨੀ ਸੰਸਾਰ ਵਿੱਚ ਫੈਲਾਉਣ ਦੀ ਸਮਰੱਥਾ ਹੁੰਦੀ ਹੈ, ਬਸ਼ਰਤੇ ਕਿ ਉਹ ਇਨਸਾਨ ਜ਼ਿੰਦਗੀ ਦਾ ਆਪਣਾ ਕੋਈ ਨਿਸ਼ਾਨਾ ਨਿਸਚਤ ਕਰ ਲੈਣ। ਅਜਿਹਾ ਹੀ ਇਕ ਇਨਸਾਨ ਹੈ, ਪ੍ਰੀਤਮ ਸਿੰਘ ਭੁਪਾਲ ਹੈ, ਜਿਹੜੇ ਗੋਦੜੀ ਦੇ ਲਾਲ ਇਕ ਆਮ ਦਿਹਾਤੀ ਸਾਧਾਰਨ ਪਰਿਵਾਰ ਵਿੱਚ ਪੈਦਾ ਹੋਏ ਪ੍ਰੰਤੂ ਆਪਣੀ ਲਿਆਕਤ, ਮਿਹਨਤ, ਦਿ੍ਰੜ੍ਹਤਾ, ਵਿਦਵਤਾ ਅਤੇ ਪ੍ਰਬੰਧਕੀ ਕਾਰਜਕੁਸ਼ਲਾ ਨਾਲ ਆਪਣੀ ਅੰਤਰੀਵ ਰੌਸ਼ਨੀ ਨੂੰ ਸਮਾਜ ਵਿੱਚ ਫੈਲਾਉਣ ਵਿੱਚ ਸਫਲ ਹੋਏ ਹਨ। ਉਨ੍ਹਾਂ ਆਪਣੀ ਜ਼ਿੰਦਗੀ ਨੂੰ ਸਫ਼ਲ ਬਣਾਉਣ ਲਈ ਟੀਚਾ ਨਿਸਚਤ ਕਰਕੇ ਉਸਦੀ ਪ੍ਰਾਪਤੀ ਲਈ ਜਦੋਜਹਿਦ ਕੀਤੀ, ਜਿਸਦੇ ਨਤੀਜੇ ਸਾਰਥਿਕ ਨਿਕਲੇ। ਉਨ੍ਹਾਂ ਦੇ ਹਜ਼ਾਰਾਂ ਵਿਦਿਆਰਥੀ ਅੱਜ ਦਿਨ ਦੇਸ਼ ਅਤੇ ਵਿਦੇਸ਼ ਵਿੱਚ ਆਪਣੀ ਵਿਦਿਅਕ ਰੌਸ਼ਨੀ ਦਾ ਪ੍ਰਗਟਾਵਾ ਕਰਦੇ ਹੋਏ ਬੁਲੰਦੀਆਂ ਨੂੰ ਛੂਹ ਰਹੇ ਹਨ। ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਵੱਡਾ ਨਿਸ਼ਾਨਾ ਨਿਸਚਤ ਕਰਨਾ ਜ਼ਰੂਰੀ ਹੁੰਦਾ ਹੈ। ਜੇਕਰ ਵਿਦਿਆਰਥੀ ਆਪਣਾ ਟੀਚਾ ਨਿਸਚਤ ਕਰ ਲੈਣਗੇ ਤਾਂ ਹੀ ਉਸਦੀ ਪ੍ਰਾਪਤੀ ਸੰਭਵ ਹੋ ਸਕਦੀ ਹੈ। ਨਿਸ਼ਾਨੇ ਤੋਂ ਬਿਨਾ ਅੰਧੇਰੇ ਵਿੱਚ ਤੀਰ ਮਾਰਨ ਦੇ ਬਰਾਬਰ ਹੁੰਦਾ ਹੈ। ਇਸ ਦੀ ਪ੍ਰਾਪਤੀ ਲਈ ਮਿਹਨਤ, ਲਗਨ, ਦਿ੍ਰੜ੍ਹਤਾ ਅਤੇ ਜਦੋਜਹਿਦ ਸੋਨੇ ‘ਤੇ ਸੁਹਾਗਾ ਬਣ ਸਕਦੀਆਂ ਹਨ। ਆਲਸ ਦਲਿਦਰੀ ਦੀ ਨਿਸ਼ਾਨੀ ਹੁੰਦੀ ਹੈ। ਆਮ ਤੌਰ ਤੇ ਦਿਹਾਤੀ ਇਲਾਕਿਆਂ ਦੇ ਸਾਧਾਰਨ ਪਰਿਵਾਰਾਂ ਲਈ ਉਸ ਜ਼ਮਾਨੇ ਵਿੱਚ ਜਦੋਂ ਪ੍ਰੀਤਮ ਸਿੰਘ ਭੁਪਾਲ ਪੜ੍ਹੇ ਹਨ, ਬੱਚਿਆਂ ਨੂੰ ਸਕੂਲ ਭੇਜਣ ਦੀ ਬਹੁਤੀ ਪਰੰਪਰਾ ਹੀ ਨਹੀਂ ਹੁੰਦੀ ਸੀ। ਬੱਚਿਆਂ ਦੇ ਭਵਿਖ ਵਲ ਬਹਤਾ ਧਿਆਨ ਨਹੀਂ ਦਿੱਤਾ ਜਾਂਦਾ ਸੀ ਅਤੇ ਨਾ ਹੀ ਬੱਚਿਆਂ ਨੂੰ ਗਾਈਡ ਕਰਨ ਵਾਲਾ ਪਰਿਵਾਰ ਦਾ ਕੋੲਂ ਮੈਂਬਰ ਹੁੰਦਾ ਸੀ। ਬੱਚਿਆਂ ਨੂੰ ਪਿਤਾ ਪੁਰਖੀ ਕੰਮਾ ਵਿੱਚ ਹੀ ਲਗਾ ਲਿਆ ਜਾਂਦਾ ਸੀ ਕਿਉਂਕਿ ਆਰਥਿਕ ਮਜ਼ਬੂਰੀਆਂ ਪਹਾੜ ਦੀ ਤਰ੍ਹਾਂ ਰਾਹ ਰੋਕ ਕੇ ਖੜ੍ਹ ਜਾਂਦੀਆਂ ਸਨ। ਪ੍ਰੰਤੂ ਪ੍ਰੀਤਮ ਸਿੰਘ ਭੁਪਾਲ ਵਿੱਚ ਪੜ੍ਹਾਈ ਕਰਨ ਦੀ ਇਛਾ ਉਸਲਵੱਟੇ ਲੈ ਰਹੀ ਸੀ। ਅਜਿਹੇ ਹਾਲਾਤ ਵਿੱਚ ਇਕ ਸਬੱਬ ਬਣਿਆਂ ਕਿ ਦੋ ਰਾਹੀਆਂ ਹਰਨਾਮ ਸਿੰਘ ਭਲਾਈ ਅਧਿਕਾਰੀ ਅਤੇ ਉਨ੍ਹਾਂ ਦੇ ਸਹਾਇਕ ਧਰਮ ਸਿੰਘ ਸਾਈਕਲਾਂ ‘ਤੇ ਨਾਲਗੜ੍ਹ ਤੋਂ ਆ ਰਹੇ ਸਨ। ਉਨ੍ਹਾਂ ਨੇ ਦੋਰਾਹੇ ਦੇ ਕੋਲ ਆਪਣੇ ਨਵਾਂ ਪਿੰਡ ਜਾਣਾ ਸੀ, ਪ੍ਰੰਤੂ ਉਨ੍ਹਾਂ ਨੂੰ ਰਸਤੇ ਵਿੱਚ ਪਿੰਡ ਲੱਲ ਕਲਾਂ ਪਹੁੰਚਦਿਆਂ ਹੀ ਰਾਤ ਪੈ ਗਈ। ਰਾਤ ਦੇ ਸਮੇਂ ਪਿੰਡ ਜਾਣਾ ਖ਼ਤਰੇ ਤੋਂ ਖਾਲੀ ਨਹੀਂ ਸੀ। ਭਲੇ ਵੇਲਿਆਂ ਕਰਕੇ ਇਨਸਾਨੀਅਤ ਜ਼ਿੰਦਾ ਸੀ। ਪ੍ਰੀਤਮ ਸਿੰਘ ਭੁਪਾਲ ਦੇ ਮਾਤਾ ਗੁਰਨਾਮ ਕੌਰ ਅਤੇ ਪਿਤਾ ਗੁਰਦਿਆਲ ਸਿੰਘ ਨੇ ਹਰਨਾਮ ਸਿੰਘ ਅਤੇ ਧਰਮ ਸਿੰਘ ਨੂੰ ਰਾਤ ਠਹਿਰਨ ਲਈ ਆਪਣੇ ਘਰ ਦੇ ਦਰਵਾਜ਼ੇ ਖੋਲ੍ਹ ਦਿੱਤੇ। ਰੁੱਖਾ ਮਿੱਸਾ ਪ੍ਰਸਾਦਾ ਛਕਾਇਆ। ਰਾਤ ਨੂੰ ਪਰਿਵਾਰ ਬਾਰੇ ਗੱਲਾਂ ਹੁੰਦਿਆਂ ਤਾਂ ਰਾਹੀਆਂ ਨੇ ਬੱਚਿਆਂ ਦੀ ਪੜ੍ਹਾਈ ਬਾਰੇ ਪੁਛਿਆ ਅਤੇ ਗੁਰਦਿਆਲ ਸਿੰਘ ਨੇ ਦੱਸਿਆ ਕਿ ਪ੍ਰੀਤਮ ਸਿੰਘ ਅਤੇ ਪਿਆਰਾ ਸਿੰਘ ਦੋਵੇਂ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹ ਰਹੇ ਹਨ। ਹਰਨਾਮ ਸਿੰਘ ਨੇ ਗੁਰਦਿਆਲ ਸਿੰਘ ਨੂੰ ਸਲਾਹ ਦਿੱਤੀ ਕਿ ਬੱਚਿਆਂ ਨੂੰ ਪਟਿਆਲਾ ਰਿਆਸਤ ਦੇ ਪਾਇਲ ਕਸਬਾ ਵਿਖੇ ਸਟੇਟ ਹਾਈ ਸਕੂਲ ਵਿੱਚ ਦਾਖ਼ਲ ਕਰਵਾ ਦਿੱਤਾ ਜਾਵੇ। ਫੀਸ ਵੀ ਮੁਆਫ਼ ਹੋਵੇਗੀ, ਬੋਰਡਿੰਗ ਸਕੂਲ ਹੈ ਅਤੇ ਵਜ਼ੀਫ਼ਾ ਵੀ ਮਿਲੇਗਾ। ਸਾਰੀ ਪੜ੍ਹਾਈ ਮੁਫ਼ਤ ਹੋਵੇਗੀ। ਇਨ੍ਹਾਂ ਅਨੋਭੜ ਵਿਅਕਤੀਆਂ ਦੀ ਸਹੀ ਅਤੇ ਸੁਚੱਜੀ ਅਗਵਾਈ ਨੇ ਦੋਵੇਂ ਬੱਚਿਆਂ ਦੇ ਭਵਿਖ ਸੁਨਹਿਰੇ ਕਰ ਦਿੱਤੇ। ਪਿੰਡ ਦੇ ਸਕੂਲ ਤੋਂ ਚੌਥੀ ਜਮਾਤ ਪਾਸ ਕਰਨ ਉਪਰੰਤ ਬੱਚਿਆਂ ਨੂੰ ਸਟੇਟ ਹਾਈ ਸਕੂਲ ਪਾਇਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ। ਉਨ੍ਹਾਂ ਦਿਨਾ ਵਿੱਚ ਸਕੂਲਾਂ ਵਿੱਚ ‘ਬਾਲ ਦਰਬਾਰ ਸਭਾ’ ਹੁੰਦੀ ਸੀ। ਬਾਲ ਪ੍ਰੀਤਮ ਸਿੰਘ ਇਸ ਸਭਾ ਵਿੱਚ ਧਾਰਮਿਕ ਕਵਿਤਾਵਾਂ ਸੁਣਾਇਆ ਕਰਦੇ ਸਨ, ਬੱਚਿਆਂ ਨੂੰ ਆਪਣੀ ਪ੍ਰਤਿਭਾ ਵਿਖਾਉਣ ਦੇ ਮੌਕ ਮਿਲਦੇ ਸਨ। ਪ੍ਰੀਤਮ ਸਿੰਘ ਨੂੰ ਕਵਿਤਾ ਸੁਣਾਉਣ ਦਾ ਇਕ ਡਬਲੀ ਪੈਸਾ ਇਨਾਮ ਵਿੱਚ ਮਿਲਿਆ, ਜਿਸਨੂੰ ਉਨ੍ਹਾਂ ਦੀ ਮਾਤਾ ਨੇ ਕਾਫੀ ਸਮਾਂ ਸਾਂਭ ਕੇ ਰੱਖਿਆ। ਇਹ ਇਨਾਮ ਪ੍ਰੀਤਮ ਸਿੰਘ ਨੂੰ ਜ਼ਿੰਦਗੀ ਵਿੱਚ ਹੋਰ ਮਾਅਰਕੇ ਮਾਰਨ ਲਈ ਉਤਸ਼ਾਹਤ ਕਰਨ ਦਾ ਕਾਰਨ ਬਣਿਆਂ। ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਵਿੱਚ ਵੀ ਪ੍ਰੀਤਮ ਸਿੰਘ ਧਾਰਮਿਕ ਅਤੇ ਦੇਸ਼ ਭਗਤੀ ਦੀਆਂ ਕਵਿਤਾਵਾਂ ਸੁਣਾਉਂਦੇ ਰਹਿੰਦੇ ਸਨ। ਸ਼ੁਰੂ ਵਿੱਚ ਭਾਵੇਂ ਉਨ੍ਹਾਂ ਨੂੰ ਮੰਚ ‘ਤੇ ਜਾਣ ਸਮੇਂ ਹਿਚਕਚਾਹਟ ਹੁੰਦੀ ਰਹੀ ਪ੍ਰੰਤੂ ਅਖ਼ੀਰ ਉਨ੍ਹਾਂ ਸਫਲਤਾ ਪ੍ਰਾਪਤ ਕੀਤੀ। ਬਾਲ ਪ੍ਰੀਤਮ ਸਿੰਘ ਨੂੰ ਭਾਸ਼ਣ ਕਲਾ ਅਤੇ ਆਪਣਾ ਵਿਅਕਤਿਵ ਨਿਖਾਰਨ ਦਾ ਮੌਕਾ ਮਿਲ ਗਿਆ। ਉਨ੍ਹਾਂ ਵਿੱਚ ਵਿੱਚ ਲੀਡਰਸ਼ਿਪ ਦੇ ਗੁਣ ਪੈਦਾ ਹੋ ਗਏ। ਪ੍ਰੀਤਮ ਸਿੰਘ ਪੜ੍ਹਾਈ ਵਿੱਚ ਹੁਸ਼ਿਆਰ ਸਨ, ਇਸ ਲਈ ਉਨ੍ਹਾਂ 1953 ਵਿੱਚ ਪਹਿਲੇ ਦਰਜੇ ਵਿੱਚ ਪੰਜਾਬ ਯੂਨੀਵਰਸਿਟੀ ਤੋਂ ਦਸਵੀਂ ਪਾਸ ਕਰ ਲਈ। ਉਨ੍ਹਾਂ ਦੀ ਰੀਸੋ ਰੀਸ ਉਨ੍ਹਾਂ ਦੇ ਪਿੰਡ ਅਤੇ ਆਲੇ ਦੁਆਲੇ ਦੇ ਇਲਾਕ ਦੇ ਅਨੁਸੂਚਿਤ ਜਾਤੀਆਂ ਦੇ ਹੋਰ ਬੱਚੇ ਵੀ ਪਾਇਲ ਸਟੇਟ ਸਕੂਲ ਵਿੱਚ ਦਾਖ਼ਲ ਹੋ ਗਏ ਸਨ। ਦਸਵੀਂ ਤੋਂ ਬਾਅਦ ਉਨ੍ਹਾਂ 1953 ਵਿੱਚ ਮਹਿੰਦਰਾ ਕਾਲਜ ਪਟਿਆਲਾ ਵਿੱਚ ਦਾਖ਼ਲਾ ਲੈ ਲਿਆ ਅਤੇ ਉਥੋਂ ਹੀ 1958 ਵਿੱਚ ਗ੍ਰੈਜੂਏਸ਼ਨ ਪਾਸ ਕਰ ਲਈ। ਫਿਰ ਉਨ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮ ਏ ਅਤੇ ਬੀ ਐਡ ਦੀ ਪ੍ਰੀਖਿਆ ਪਾਸ ਕੀਤੀ। 1959 ਵਿੱਚ ਉਨ੍ਹਾਂ ਦੀ ਨਿਯੁਕਤੀ ਪੰਜਾਬ ਦੇ ਸਿਖਿਆ ਵਿਭਾਗ ਵਿੱਚ ਬਤੌਰ ਬੀ ਐਡ ਅਧਿਆਪਕ ਅਰਥਾਤ ਮਾਸਟਰ ਕੇਡਰ ਵਿੱਚ ਹੋ ਗਈ। ਵੱਖ-ਵੱਖ ਸਕੂਲਾਂ ਵਿੱਚ ਨੌਕਰੀ ਕਰਨ ਤੋਂ ਬਾਅਦ ਉਨ੍ਹਾਂ ਦੀ ਲੈਕਚਰਾਰ ਦੀ ਤਰੱਕੀ ਹੋ ਗਈ। 1967 ਵਿੱਚ ਮੁੱਖ ਅਧਿਆਪਕ ਦੇ ਤੌਰ ਤੇ ਤਰੱਕੀ ਹੋ ਗਈ। ਇਸ ਪ੍ਰਕਾਰ 7 ਸਾਲ ਉਹ ਮੁੱਖ ਅਧਿਆਪਕ ਦੇ ਤੌਰ ‘ਤੇ ਕੰਮ ਕਰਦੇ ਰਹੇ। ਵਿਦਿਆਰਥੀਆਂ ਨੂੰ ਅਨੁਸ਼ਾਸ਼ਨ ਵਿੱਚ ਰਹਿਣ ਅਤੇ ਸਖਤ ਮਿਹਨਤ ਕਰਨ ਲਈ ਪ੍ਰੇਰਨਾ ਦਿੰਦੇ ਰਹੇ।
Related Posts
ਉੱਚ ਸਿੱਖਿਆ ਕੋਰਸਾਂ ਵਿੱਚ ਦਾਖਲਾ ਦੀ ਪੂਰੀ ਪ੍ਰਕਿਰਿਆ ਦੀ ਸਮੀਖਿਆ ਕਰਨ ਦੀ ਲੋੜ ਹੈ
ਮੈਡੀਕਲ ਕੋਰਸਾਂ ਵਿਚ ਦਾਖ਼ਲੇ ਲਈ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਦੁਆਰਾ ਕਰਵਾਈ ਗਈ ਪ੍ਰੀਖਿਆ ਵਿਚ ਬੇਨਿਯਮੀਆਂ ਤੋਂ ਬਾਅਦ ਪੈਦਾ ਹੋਏ ਮੁੱਦੇ…
ਪੰਜਾਬ ਸਰਕਾਰ ਦੇ ਬਜਟ ਦਾ ਲੇਖਾ – ਜੋਖਾ :ਡਾ . ਗਿਆਨ ਸਿੰਘ
ਡਾ . ਗਿਆਨ ਸਿੰਘ ਪੰਜਾਬ ਦੀ ਆਮ ਆਦਮੀ ਪਾਰਟੀ ( ਆਪ ) ਸਰਕਾਰ ਨੇ ਆਪਣਾ ਪਲੇਠਾ ਬਜਟ ਵਿਧਾਨ ਸਭਾ ਵਿਚ…
ਪਿਆਰ ਤੇ ਭਾਵਨਾਵਾਂ ਜੁੜੀ ਫ਼ਿਲਮ ‘ ਜਿੰਦ ਮਾਹੀ ’
ਲੇਖਕ ਨਿਰਦੇਸ਼ਕ ਸਮੀਰ ਪੰਨੂ ਦੀ ਨਵੀਂ ਆ ਰਹੀ ਪੰਜਾਬੀ ਫ਼ਿਲਮ ‘ਜਿੰਦ ਮਾਹੀ ’ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਵਾਲੇ ਪੰਜਾਬੀ ਨੋਜਵਾਨਾਂ…