ਪੇਸ਼ਾਵਰ, 11 ਮਾਰਚ
ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਵਿੱਚ ਸਥਿਤ ਮਰਹੂਮ ਅਦਾਕਾਰ ਦਿਲੀਪ ਕੁਮਾਰ ਦੇ ਜੱਦੀ ਘਰ ਨੂੰ ਹਾਲ ਹੀ ਵਿੱਚ ਹੋਈ ਬਾਰਸ਼ ਕਾਰਨ ਕਾਫ਼ੀ ਨੁਕਸਾਨ ਪੁੱਜਿਆ ਹੈ ਤੇ ਇਹ ਘਰ ਢਹਿਣ ਦੇ ਕੰਢੇ ਹੈ। ਮੂਸਲਾਧਾਰ ਬਾਰਸ਼ ਨੇ ਖ਼ੈਬਰ ਪਖਤੂਨਖਵਾ ਪੁਰਾਲੇਖ ਵਿਭਾਗ ਦੇ ਮਕਾਨਾਂ ਦੇ ਮੁੜ ਵਸੇਬੇ ਅਤੇ ਮੁਰੰਮਤ ਬਾਰੇ ਕੀਤੇ ਵੱਡੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਦਿਲੀਪ ਕੁਮਾਰ ਦਾ ਜਨਮ 1922 ਵਿੱਚ ਪੇਸ਼ਾਵਰ ਸ਼ਹਿਰ ਦੇ ਇਤਿਹਾਸਕ ਕਿੱਸਾ ਖਵਾਨੀ ਬਾਜ਼ਾਰ ਦੇ ਪਿੱਛੇ ਮੁਹੱਲਾ ਖੁਦਾਦਾਦ ਵਿੱਚ ਸਥਿਤ ਇਸ ਘਰ ਵਿੱਚ ਹੋਇਆ ਸੀ ਅਤੇ 1932 ਵਿੱਚ ਭਾਰਤ ਆਉਣ ਤੋਂ ਪਹਿਲਾਂ ਆਪਣੇ ਪਹਿਲੇ 12 ਸਾਲ ਇੱਥੇ ਬਿਤਾਏ ਸਨ। ਪਾਕਿਸਤਾਨ ਦੇ ਤੱਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ 13 ਜੁਲਾਈ 2014 ਨੂੰ ਇਸ ਘਰ ਨੂੰ ਪਾਕਿਸਤਾਨ ਦੀ ਕੌਮੀ ਵਿਰਾਸਤ ਕਰਾਰ ਦਿੱਤਾ ਸੀ।