ਚੇਤਨਪੁਰਾ, 4 ਮਾਰਚ
ਕਿਰਤੀ ਕਿਸਾਨ ਯੂਨੀਅਨ (ਪੰਜਾਬ) ਬਲਾਕ ਹਰਸ਼ਾ ਛੀਨਾਂ ਦੇ ਕਿਸਾਨਾਂ ਨੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਛੀਨਾਂ ਦੀ ਅਗਵਾਈ ਹੇਠ ਪਿੰਡ ਹਰਸ਼ਾ ਛੀਨਾਂ ਦੇ ਕਿਸਾਨਾਂ ਤੇ ਮਜ਼ਦੂਰਾਂ ਦੇ ਘਰਾਂ ਵਿੱਚ ਲਾਏ ਗਏ ਚਿੱਪ ਵਾਲੇ ਮੀਟਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸਬ- ਡਿਵੀਜ਼ਨ ਹਰਸ਼ਾ ਛੀਨਾ ਦੇ ਐੱਸਡੀਓ ਦੇ ਦਫ਼ਤਰ ’ਚ ਜਮ੍ਹਾਂ ਕਰਵਾ ਕੇ ਪਾਵਰਕੌਮ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਯੂਨੀਅਨ ਆਗੂ ਅਵਤਾਰ ਸਿੰਘ ਛੀਨਾਂ ਤੇ ਸੁਖਜੀਤ ਸਿੰਘ ਪ੍ਰਧਾਨ ਸਹਿਕਾਰੀ ਸਭਾ ਹਰਸ਼ਾ ਛੀਨਾਂ ਨੇ ਦੱਸਿਆ ਕਿ ਇੱਕ ਪਾਸੇ ਪੰਜਾਬ ਸਰਕਾਰ ਅਤੇ ਬਿਜਲੀ ਅਧਿਕਾਰੀ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਸਮੇਂ ਵਾਅਦਾ ਕਰਦੇ ਹਨ ਕਿ ਇਹ ਮੀਟਰ ਨਹੀਂ ਲਾਏ ਜਾਣਗੇ ਪਰ ਬੋਰਡ ਦੇ ਅਧਿਕਾਰੀ ਉੱਪਰਲੇ ਅਧਿਕਾਰੀਆਂ ਨੂੰ ਖੁਸ਼ ਕਰਨ ਲਈ ਖਪਤਕਾਰਾਂ ਦੇ ਘਰਾਂ ਵਿੱਚ ਧੋਖੇ ਨਾਲ ਮੀਟਰ ਲਾ ਕੇ ਨਿੱਜੀਕਰਨ ਦੀ ਨੀਤੀ ਨੂੰ ਉਤਸ਼ਾਹਿਤ ਕਰ ਰਹੇ ਹਨ।
ਕਿਸਾਨ ਆਗੂਆਂ ਨੇ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਖਪਤਕਾਰ ਦੇ ਘਰ ਜਬਰੀ ਚਿੱਪ ਵਾਲਾ ਮੀਟਰ ਲਾਇਆ ਗਿਆ ਤਾਂ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਹਰਵਿੰਦਰ ਸਿੰਘ ਛੀਨਾ, ਅਜੀਤ ਸਿੰਘ, ਗੁਲਜਾਰ ਸਿੰਘ, ਬਲਵਿੰਦਰ ਸਿੰਘ ਵਿਚਲਾ ਕਿਲਾ, ਵਰਿੰਦਰ ਸਿੰਘ, ਗੁਰਨਾਮ ਸਿੰਘ ਕੁੱਕੜਾਂਵਾਲਾ, ਦਲਜੀਤ ਕੌਰ ਅਤੇ ਅਮਨਜੀਤ ਸਿੰਘ ਹਾਜ਼ਰ ਸੀ।