ਅੰਮ੍ਰਿਤਸਰ, 23 ਮਈ (ਬਿਊਰੋ)- ਪਿਛਲੇ ਕਈ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਪੰਜਾਬ ਦੀ ਸਿੱਖ ਸਿਆਸਤ ’ਚ ਅੱਜ ਚਰਚਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਇਸ ਮਾਮਲੇ ਦੇ ਸਬੰਧ ’ਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਐੱਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਇਸ ਪੱਤਰ ਸੌਂਪਿਆ। ਇਸ ਪੱਤਰ ’ਚ ਦਾਦੂ ਵਾਲ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੂੰ ਸੁਖਬੀਰ ਸਿੰਘ ਬਾਦਲ ਨੂੰ ਸਿੱਖ ਕੈਦੀਆਂ ਦੀ ਰਿਹਾਈ ਲਈ ਬਣਾਏ ਪੈਨਲ ਵਿੱਚੋਂ ਬਾਹਰ ਕਰਨ ਦੀ ਮੰਗ ਕੀਤੀ ਹੈ।
ਦਾਦੂਵਾਲ ਨੇ ਦੋਸ਼ ਲਾਇਆ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਸੁਖਬੀਰ ਸਿੰਘ ਬਾਦਲ ਦੀ ਭੂਮਿਕਾ ਪੰਥ ਵਿਰੋਧੀ ਰਹੀ ਹੈ। ਇਨ੍ਹਾਂ ਨੇ ਸਿੱਖ ਪੰਥ ਨੂੰ ਨੁਕਸਾਨ ਪਹੁੰਚਾਇਆ ਹੈ। ਸੁਖਬੀਰ ਬਾਦਲ ਨੇ ਸਿੱਖ ਪ੍ਰਚਾਰਕਾਂ ‘ਤੇ ਝੂਠੇ ਕੇਸ ਦਰਜ ਕਰਵਾਏ ਹਨ ਅਤੇ ਇਨ੍ਹਾਂ ਨੂੰ ਆਰ.ਐੱਸ.ਐੱਸ ਦਾ ਏਜੰਟ ਦੱਸਦਾ ਰਿਹਾ ਹੈ। ਦਾਦੂਵਾਲ ਨੇ ਕਿਹਾ ਕਿ ਇਸ ਲਈ ਅਜਿਹੇ ਘਿਨਾਉਣੇ ਕੰਮ ਕਰਨ ਵਾਲੇ ਵਿਅਕਤੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਕਮੇਟੀ ਵਿੱਚ ਸ਼ਾਮਲ ਕਰਨ ਦੀ ਕੋਈ ਜ਼ਰੂਰਤ ਨਹੀਂ। ‘
ਇਸ ਸਬੰਧ ’ਚ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ ਨੇ ਕਿਹਾ ਕਿ “ਲੰਮੇ ਸਮੇਂ ਤੋਂ ਲਟਕਦੇ ਆ ਰਹੇ ਮੁੱਦੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਇੱਕ ਸਾਂਝੇ ਮੰਚ ’ਤੇ ਆ ਗਈਆਂ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਪੈਨਲ ਦਾ ਗਠਨ ਕਰਦੇ ਹੋਏ ਸਾਰੀਆਂ ਪ੍ਰਮੁੱਖ ਸਿੱਖ ਸੰਸਥਾਵਾਂ ਨੂੰ ਨੁਮਾਇੰਦਗੀ ਦਿੱਤੀ ਹੈ। ਇਸ ਦੌਰਾਨ ਦਾਦੂਵਾਲ ਅਤੇ ਕੁਝ ਹੋਰ ਮੈਂਬਰ ਨਹੀਂ ਚਾਹੁੰਦੇ ਕਿ ਪੈਨਲ ਦੀਆਂ ਕੋਸ਼ਿਸ਼ਾਂ ਸਫਲ ਹੋਣ।’’ ਇਸ ਪੰਥਕ ਏਕਤਾ ਨਾਲ ਜੇਲ੍ਹਾਂ ’ਚ ਬੰਦ ਸਿੱਖ ਕੈਦੀਆਂ ਦੀ ਰਿਹਾਅ ਕਰਨ ਦੀ ਇਕ ਉਮੀਦ ਪੈਦਾ ਹੋਈ ਹੈ ਪਰ ਇਸ ਨੂੰ ਪਟੜੀ ਤੋਂ ਉਤਾਰਨ ਦੀ ਕੀਤੀ ਜਾ ਰਹੀ ਕੋਸ਼ਿਸ਼ ਨੇ ਸਿੱਖ ਕੌਮ ਨੂੰ ਠੇਸ ਪਹੁੰਚਾਈ ਹੈ। ਇਹ ਅਸਲ ਮੁੱਦੇ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹੈ।
ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ “ਦਾਦੂਵਾਲ ਦਾ ਧਾਰਮਿਕ ਮੁੱਦਿਆਂ ਨੂੰ ਹੱਲ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਤੋੜਫੋੜ ਕਰਨ ਦਾ ਇਤਿਹਾਸ ਰਿਹਾ ਹੈ। ਅਜਿਹੀਆਂ ਤਾਕਤਾਂ ਨਹੀਂ ਚਾਹੁੰਦੀਆਂ ਕਿ ਸਿੱਖ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ। ਦਾਦੂਵਾਲ ਵੱਲੋਂ ਕੀਤੀ ਗਈ ਟਿੱਪਣੀ ਤੋਂ ਸਾਜ਼ਿਸ਼ ਦੀ ਬਦਬੂ ਆ ਰਹੀ ਹੈ।’’