ਥੇਟਰ ਦੇ ਇਸ਼ਕ ਨਾਲ ਪ੍ਰਣਾਇਆ ਰੰਗਮੰਚ ਕਲਾਕਾਰ : ਪਦਮਸ੍ਰੀ. ਪ੍ਰਾਣ ਸਭਰਵਾਲ
ਉਜਾਗਰ ਸਿੰਘ – ਪ੍ਰਣ ਸਭਰਵਾਲ ਨੇ ਪ੍ਰਿਥਵੀ ਰਾਜ ਕਪੂਰ ਅਤੇ ਐਮ.ਐਸ.ਰੰਧਾਵਾ ਤੋਂ ਰੰਗਮੰਚ ਦੀ ਅਦਾਕਾਰੀ ਦੀ ਅਜਿਹੀ ਗੁੜ੍ਹਤੀ ਲਈ ਉਹ ਸਾਰੀ ਉਮਰ ਰੰਗਮੰਚ ਦਾ ਫੱਟਾ ਆਪਣੇ ਕੰਧੇ ‘ਤੇ ਚੁੱਕ ਕੇ ਦਰ-ਦਰ ‘ਤੇ ਅਲਖ ਜਾਗਾਉਂਦਾ ਰੰਗਮੰਚ ਦੀ ਪਰਕਰਮਾ ਰਿਹਾ ਹੈ। ਇਥੋਂ ਤੱਕ ਕਿ ਉਹ ਆਪਣੀ 95 ਸਾਲ ਦੀ ਵਡੇਰੀ ਉਮਰ ਦਾ ਵੀ ਧਿਆਨ ਨਹੀਂ ਰੱਖਦੇ। ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਦੀਆਂ ਗਲੀਆਂ ਮੁਹੱਲਿਆਂ ਖਾਸ ਤੌਰ ‘ਤੇ ਸਮਾਜ ਦੇ ਪਛੜੇ ਤੇ ਦਲਿਤ ਵਰਗ ਦੇ ਲੋਕਾਂ ਵਿਚ ਸਮਾਜਿਕ ਬੁਰਾਈਆਂ ਜਿਵੇਂ ਕਿ ਭਰੂਣ ਹੱਤਿਆ, ਦਾਜ ਦਹੇਜ, ਆਤਮ ਹੱਤਿਆਵਾਂ ਅਤੇ ਦੇਸ਼ ਭਗਤੀ ਦੇ ਨੁਕੜ ਨਾਟਕ ਸਾਰਾ ਸਾਲ ਕਰਦੇ ਰਹਿੰਦੇ ਹਨ। ਇਥੋਂ ਤੱਕ ਕਿ ਪੋਹ ਮਾਘ ਦੀ ਸਰਦੀ ਵਿਚ ਸੈਰ ਕਰਨ ਵਾਲਿਆਂ ਲਈ ਬਾਰਾਂਦਰੀ ਬਾਗ ਪਟਿਆਲਾ ਵਿਚ ਜਾ ਕੇ ਆਪਣੇ ਨੁਕੜ ਨਾਟਕ ਦੀ ਅਲਖ ਜਗਾ ਦਿੰਦੇ ਹਨ। ਜਦੋਂ ਠੰਡ ਦੇ ਕਹਿਰ ਕਰਕੇ ਨੌਜਵਾਨਾਂ ਦੇ ਵੀ ਹੱਥ ਕੱਕਰ ਨਾਲ ਕੰਬਦੇ ਹੁੰਦੇ ਹਨ ਤਾਂ ਵੀ ਪਰਿਵਾਰ ਦੇ ਰੋਕਣ ਦੇ ਬਾਵਜੂਦ ਲੋਈ ਦੀ ਬੁਕਲ ਮਾਰ ਕੇ ਆਪਣੇ ਥੇਟਰ ਦੀ ਟੋਲੀ ਲੈ ਕੇ ਨਾਟਕ ਦੀ ਨਿਰਦੇਸ਼ਨਾ ਅਤੇ ਅਦਾਕਾਰੀ ਕਰਦੇ ਹਨ। ਆਮ ਤੌਰ ‘ਤੇ ਕਲਾਕਾਰਾਂ ਨੂੰ ਉਨ੍ਹਾਂ ਦੀਆਂ ਅਰਧੰਗਣੀਆਂ ਸਾਥ ਨਹੀਂ ਦਿੰਦੀਆਂ ਪ੍ਰੰਤੂ ਪ੍ਰਾਣ ਸਭਰਵਾਲ ਖ਼ੁਸ਼ਕਿਸਮਤ ਹੈ ਕਿ ਉਨ੍ਹਾਂ ਦੀ ਪਤਨੀ ਸੁਨੀਤਾ ਸਭਰਵਾਲ ਨੇ ਰੋਕਣਾ ਤਾਂ ਕੀ ਉਹ ਖੁਦ ਅਦਾਕਾਰੀ ਕਰਨ ਲਈ ਪ੍ਰਾਣ ਸਭਰਵਾਲ ਦਾ ਸਾਥ ਦਿੰਦੀ ਹੈ। ਇਸ਼ਕ ਅਤੇ ਜਨੂੰਨ ਵਿਚ ਉਮਰ ਅਤੇ ਜਾਤ ਦੀ ਕੋਈ ਅਹਿਮੀਅਤ ਨਹੀਂ ਹੁੰਦੀ। ਇਸ਼ਕ ਭਾਵੇਂ ਜਿਸਮਾਨੀ ਜਾਂ ਰੂਹਾਨੀ ਹੋਵੇ, ਇਨਸਾਨ ਜਨੂੰਨੀ ਹੋ ਜਾਂਦਾ ਹੈ। ਕਿਸੇ ਦੇ ਰੋਕਣ ਤੇ ਵੀ ਨਹੀਂ ਰੁਕਦਾ। ਇੱਕ ਕਿਸਮ ਨਾਲ ਇਨਸਾਨ ਇਸ਼ਕ ਵਿਚ ਪਾਗਲ ਜਿਹਾ ਹੋ ਜਾਂਦਾ ਹੈ। ਉਸ ਨੂੰ ਕਿਸੇ ਚੀਜ਼ ਦੀ ਸੁਧ ਬੁਧ ਨਹੀਂ ਰਹਿੰਦੀ। ਸੁਪਨਿਆਂ ਦੇ ਸੰਸਾਰ ਵਿਚ ਚਕਰ ਕੱਟਦਾ ਰਹਿੰਦਾ ਹੈ। ਪਟਿਆਲਾ ਵਿਚ ਇੱਕ ਅਜਿਹਾ ਅਦਾਕਰ ਪ੍ਰਾਣ ਸਭਰਵਾਲ ਹੈ, ਜਿਹੜਾ ਨਾ ਉਹ ਜੇਠ ਹਾੜ ਦੀ ਗਰਮੀ ਅਤੇ ਨਾ ਹੀ ਪੋਹ ਮਾਘ ਦੀ ਸਰਦੀ ਦੀ ਪ੍ਰਵਾਹ ਕਰਦਾ ਹੈ। ਉਸ ਨੂੰ ਹਰ ਵਕਤ ਥੇਟਰ ਦੇ ਸੁਪਨੇ ਆਉਂਦੇ ਰਹਿੰਦੇ ਹਨ। 1951 ਵਿਚ ਹੀ ਉਸ ਨੇ ਆਲ ਇੰਡੀਆ ਰੇਡੀਓ ਤੋਂ ਨਸਰ ਹੋਣ ਵਾਲੇ ਨਾਟਕਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਿਨਾ ਵਿਚ ਆਕਾਸ਼ ਬਾਣੀ ਅਰਥਾਤ ਰੇਡੀਓ ਹੀ ਇੱਕੋ ਇੱਕ ਪ੍ਰਚਾਰ ਅਤੇ ਪ੍ਰਸਾਰ ਦਾ ਮਾਧਿਅਮ ਹੁੰਦਾ ਸੀ।
1952 ਵਿਚ ਪ੍ਰਿਥਵੀ ਰਾਜ ਕਪੂਰ ਜਾਣੇ ਪਛਾਣੇ ਡਰਾਮਾ ਅਤੇ ਫ਼ਿਲਮਾਂ ਦੇ ਐਕਟਰ ਜਲੰਧਰ ਵਿਖੇ ਡਰਾਮਾ ਖੇਡਣ ਆਏ, ਪ੍ਰਾਣ ਸਭਰਵਾਲ ਨੇ ਉਨ੍ਹਾਂ ਦਾ ਨਾਟਕ ਵੇਖਿਆ ਅਤੇ ਉਹ ਉਨ੍ਹਾਂ ਦੇ ਨਾਟਕ ਤੋਂ ਬਹੁਤ ਹੀ ਪ੍ਰਭਾਵਤ ਹੋ ਗਿਆ। ਅਗਲੇ ਦਿਨ ਰਾਜ ਕਪੂਰ ਨੇ ਲੁਧਿਆਣਾ ਵਿਖੇ ਨਾਟਕ ਖੇਡਣਾ ਸੀ, ਪ੍ਰਾਣ ਸਭਰਵਾਲ ਉਨ੍ਹਾਂ ਦੇ ਪਿਛੇ ਲੁਧਿਆਣਾ ਵਿਖੇ ਪਹੁੰਚ ਗਏ ਅਤੇ ਉਥੇ ਉਨ੍ਹਾਂ ਨੂੰ ਮਿਲਕੇ ਬੇਨਤੀ ਕੀਤੀ ਕਿ ਮੈਂ ਤੁਹਾਡੀ ਨਾਟਕ ਮੰਡਲੀ ਵਿਚ ਸ਼ਾਮਲ ਹੋਣਾ ਚਾਹੁੰਦਾ ਹਾਂ। ਪ੍ਰਿਥਵੀ ਰਾਜ ਕਪੂਰ ਦਾ ਥਾਪੜਾ ਮਿਲਣ ਤੋਂ ਬਾਅਦ ਉਸ ਨੇ ਨਾਟਕ ਨੂੰ ਅਪਣਾ ਲਿਆ। ਉਸ ਦੀ ਸ਼ਾਦੀ 1960 ਵਿਚ ਸੁਨੀਤਾ ਨਾਲ ਹੋ ਗਈ। ਸੁਨੀਤਾ ਸਭਰਵਾਲ ਖੁਦ ਇੱਕ ਚੰਗੇ ਕਲਾਕਾਰ ਹਨ, ਜਿਸ ਕਰਕੇ ਪ੍ਰਾਣ ਸਭਰਵਾਲ ਦੀ ਕਲਾਕਾਰੀ ਅਤੇ ਨਿਰਦੇਸ਼ਨਾ ਵਿਚ ਹੋਰ ਨਿਖ਼ਾਰ ਆ ਗਿਆ। ਪ੍ਰਾਣ ਸਭਰਵਾਲ ਪੰਜਾਬ ਰਾਜ ਬਿਜਲੀ ਬੋਰਡ ਵਿਚ ਪਬਲਿਸਿਟੀ ਸੁਪਰਵਾਈਜ਼ਰ ਭਰਤੀ ਹੋ ਕੇ ਪਟਿਆਲਾ ਨਿਯੁਕਤ ਹੋ ਗਏ। ਇਸ ਤੋਂ ਬਾਅਦ ਉਹ 1967 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਪੀਚ ਐਂਡ ਡਰਾਮਾ ਵਿਭਾਗ ਵਿਚ ਡੈਪੂਟੇਸ਼ਨ ਤੇ ਚਲੇ ਗਏ ਅਤੇ ਉਥੇ 1970 ਤੱਕ ਰਹੇ। ਇਸ ਸਮੇਂ ਦੌਰਾਨ ਹੀ ਉਸ ਦੀ ਪਤਨੀ ਸੁਨੀਤਾ ਸਭਰਵਾਲ ਨੇ 1967-69 ਵਿਚ ਪੰਜਾਬੀ ਯੂਨੀਵਰਸਿਟੀ ਤੋਂ ਡਰਾਮੈਟਿਕ ਆਰਟ ਵਿਚ ਡਿਪਲੋਮਾ ਕੀਤਾ।
ਪ੍ਰਾਣ ਸਭਰਵਾਲ ਅਜਿਹਾ ਵਿਅਕਤੀ ਹੈ, ਜਿਹੜਾ ਆਪਣੇ ਸਮੁਚੇ ਜੀਵਨ ਵਿਚ ਦਫ਼ਤਰੀ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਬਾਅਦ ਥੇਟਰ ਨਾਲ ਪ੍ਰਣਾਇਆ ਹੋਇਆ ਹੈ। ਉਹ ਹਰ ਸਮੇਂ ਨਾਟਕਾਂ ਬਾਰੇ ਹੀ ਸੋਚਦਾ ਰਹਿੰਦਾ ਹੈ। ਉਹ ਸਮਾਜਿਕ ਕੁਰੀਤੀਆਂ ਨਾਲ ਸੰਬੰਧਤ ਹਰ ਛੋਟੇ ਤੋਂ ਛੋਟੇ ਵਿਸ਼ੇ ਤੇ ਵੀ ਨਾਟਕ ਖੇਡਣ ਵਿਚ ਦਿਲਚਸਪੀ ਰੱਖਦਾ ਹੈ, ਜਦੋਂ ਕਿ ਵੱਡੇ ਕਲਾਕਾਰ ਕਹਾਉਣ ਵਾਲੇ ਅਦਾਕਾਰ ਨੁਕੜ ਜਾਂ ਆਮ ਵਿਸ਼ਿਆਂ ਤੇ ਨਾਟਕ ਕਰਨਾ ਆਪਣੀ ਹੇਠੀ ਸਮਝਦੇ ਹਨ। ਪ੍ਰਾਣ ਸਭਰਵਾਲ ਨੂੰ ਕਿਸੇ ਕਿਸਮ ਦੀ ਹਓਮੈ ਨਹੀਂ। ਉਸ ਦੀ ਵਿਲੱਖਣਤਾ ਇਹ ਹੈ ਕਿ ਉਸ ਨੇ ਆਪਣੀ ਅਰਧੰਗਣੀ ਸੁਨੀਤਾ ਸਭਰਵਾਲ ਨੂੰ ਵੀ ਥੇਟਰ ਨਾਲ ਜੋੜੀ ਰੱਖਿਆ ਹੈ। ਉਹ ਜ਼ਮੀਨ ਨਾਲ ਜੁੜਿਆ ਹੋਇਆ ਅਦਾਕਾਰ ਹੈ, ਉਸ ਦੀ ਇੱਕ ਹੋਰ ਸਿਫ਼ਤ ਹੈ ਕਿ ਉਹ ਅੰਗਹੀਣਾਂ ਅਤੇ ਕੁਸ਼ਟ ਰੋਗੀਆਂ ਦੀਆਂ ਬਸਤੀਆਂ ਵਿਚ ਹਰ ਮਹੀਨੇ ਨਾਟਕ ਵਿਖਾ ਕੇ ਉਨ੍ਹਾਂ ਦਾ ਮਨੋਰੰਜਨ ਕਰਾਉਂਦੇ ਰਹਿੰਦੇ ਹਨ। ਹੁਣ ਤੱਕ ਉਸ ਨੇ ਸਮਾਜਿਕ ਬੁਰਾਈਆਂ ਦੇ ਖ਼ਿਲਾਫ ਲਗਪਗ 100 ਨਾਟਕ ਤਿਆਰ ਕਰਵਾਕੇ ਵੱਖ ਵੱਖ ਥਾਵਾਂ ਤੇ ਨਿਰਦੇਸ਼ਤ ਕਰਕੇ ਖੇਡੇ ਹਨ। ਉਹ ਹਰ ਨਾਟਕ ਨੂੰ ਨਿਰਦੇਸ਼ਤ ਵੀ ਕਰਦੇ ਹਨ ਅਤੇ ਉਸ ਵਿਚ ਖੁਦ ਰੋਲ ਵੀ ਕਰਦੇ ਹਨ। ਉਸ ਨੇ ਲਗਪਗ 500 ਰੇਡੀਓ ਨਾਟਕਾਂ ਵਿਚ ਹਿੱਸਾ ਲਿਆ ਅਤੇ ਇਤਨੇ ਹੀ ਨਾਟਕ ਨਿਰਦੇਸ਼ਤ ਕੀਤੇ ਹਨ। ਉਹ ਨੇ ਸਟਰੀਟ ਨਾਟਕਾਂ ਵਿੱਚ ਮਾਹਿਰ ਹਨ। ਉਸ ਦੀ ਖ਼ੂਬੀ ਹੈ ਕਿ ਉਹ ਛੋਟੀ ਸਟੇਜ ਤੇ ਵੀ ਨਾਟਕ ਖੇਡ ਲੈਂਦੇ ਹਨ। ਉਸ ਦੀ ਕੋਈ ਈਗੋ ਨਹੀਂ ਕਿ ਨਾਟਕ ਵੱਡੀ ਸਟੇਜ ਤੇ ਹੀ ਕੀਤਾ ਜਾਵੇ। ਉਹ ਲੋਕ ਨਾਟਕਕਾਰ ਹਨ। ਉਸ ਨੇ ਨੈਸ਼ਨਲ ਥੇਟਰ ਆਰਟਸ ਸੋਸਾਇਟੀ ਦੀ ਸਥਾਪਨਾ ਅੱਲ੍ਹੜ੍ਹ 23 ਸਾਲ ਦੀ ਉਮਰ 1953 ਵਿਚ ਜਲੰਧਰ ਵਿਖੇ ਹੀ ਐਮ.ਐਸ.ਰੰਧਾਵਾ ਦੀ ਪ੍ਰੇਰਣਾ ਨਾਲ ਕਰ ਲਈ ਸੀ। ਉਸ ਦੀ ਸੰਸਥਾ ਨਟਾਸ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪੂਰੇ ਪੰਜਾਬ ਦੇ ਪਿੰਡਾਂ ਵਿਚ ਨਾਟਕ ਕੀਤੇ। ਉਸ ਨੇ ਪੰਜਾਬੀ ਦੀਆਂ 10 ਫ਼ੀਚਰ ਫ਼ਿਲਮਾਂ ਵਿਚ ਵੀ ਅਦਾਕਾਰੀ ਕੀਤੀ ਹੈ, ਜਿਨ੍ਹਾਂ ਵਿਚੋਂ 3 ਫ਼ਿਲਮਾਂ ਸ਼ਹੀਦ ਊਧਮ ਸਿੰਘ, ਚੰਨ ਪ੍ਰਦੇਸੀ ਅਤੇ ਮੜ੍ਹੀ ਦਾ ਦੀਵਾ ਨੂੰ ਨੈਸ਼ਨਲ ਅਵਾਰਡ ਮਿਲੇ ਸਨ। ਉਸ ਨੇ ਦੇਸ਼ ਵਿਦੇਸ਼ ਵਿਚ 3500 ਸਮਾਗਮਾ ਵਿਚ ਹਿੱਸਾ ਲਿਆ। ਪ੍ਰਾਣ ਸਭਰਵਾਲ ਨੇ ਇੱਕ ਸੰਸਥਾ ਤੋਂ ਵੀ ਵੱਧ ਕੰਮ ਕੀਤਾ। ਉਹ ਬਾਰਾਂਦਰੀ ਗਾਰਡਨ ਪਟਿਆਲਾ ਵਿਚ ਪਿਛਲੇ 20 ਸਾਲਾਂ ਤੋਂ ਲਗਾਤਾਰ ਗਾਰਡਨ ਥੇਟਰ ਕਰ ਰਹੇ ਹਨ। ਹੁਣ ਤੱਕ ਉਸ ਨੂੰ 70 ਕੌਮੀ ਅਤੇ ਅੰਤਰਰਾਸ਼ਟਰੀ ਅਵਾਰਡ ਮਿਲ ਚੁਕੇ ਹਨ। ਪਿਛੇ ਜਹੇ ਪੂਣੇ ਵਿਖੇ ਵਿਸ਼ਵ ਗੌਰਵ ਅਵਾਰਡ ਵੀ ਦਿੱਤਾ ਗਿਆ ਸੀ। ਉਸ ਨੇ ਭਾਰਤ ਸਰਕਾਰ ਦੀ ਇੰਡੀਅਨ ਕੌਂਸਲ ਆਫ ਕਲਚਰਲ ਰੀਲੇਸ਼ਨਜ਼ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਸਹਿਯੋਗ ਨਾਲ ਅਮਰੀਕਾ, ਇੰਗਲੈਂਡ, ਰੂਸ, ਕੈਨੇਡਾ, ਫਰਾਂਸ, ਹੰਗਰੀ, ਚੈਕੋਸਲਵਾਕੀਆ, ਪੋਲੈਂਡ ਅਤੇ ਨਾਰਵੇ ਵਿਖੇ ਥੇਟਰ ਨਾਲ ਸੰਬੰਧਤ ਕਾਨਫਰੰਸਾਂ ਅਤੇ ਥੇਟਰ ਫ਼ੈਸਟੀਵਲਜ਼ ਵਿਚ ਹਿੱਸਾ ਲਿਆ। ਉਹ ਬਹੁਤ ਸਾਰੀਆਂ ਸੰਸਥਾਵਾਂ ਜਿਵੇਂ ਸੰਗੀਤ ਨਾਟਕ ਅਕਾਡਮੀ, ਪੰਜਾਬ ਸਟੇਟ ਕਲਚਰਲ ਅਫੇਅਰਜ਼ ਅਡਵਾਈਜ਼ਰੀ ਬੋਰਡ ਆਦਿ ਦੇ ਮੈਂਬਰ ਰਹੇ ਹਨ। ਉਸ ਨੂੰ ਪੰਜਾਬੀ ਯੂਨੀਵਰਸਿਟੀ ਦੇ ਥੇਟਰ ਤੇ ਟੈਲੀਵੀਜ਼ਨ ਵਿਭਾਗ ਨੇ ਫ਼ੈਲੋਸ਼ਿਪ ਦਿੱਤੀ ਹੋਈ ਸੀ। ਦੇਸ਼ ਦਾ ਵੱਡਾ ਪਦਮਸ੍ਰੀ ਦਾ ਅਵਾਰਡ ਮਿਲਿਆ ਜਿਸ ਨਾਲ ਪੰਜਾਬੀ ਰੰਗਮੰਚ ਨੂੰ ਮਾਣ ਮਿਲਿਆ ਹੈ। ਉਸ ਦੇ ਦੋ ਲੜਕੇ ਵਿਕਾਸ ਸਭਰਵਾਲ ਪੰਜਾਬ ਪੁਲਿਸ ਵਿਚ ਐਸ.ਐਸ.ਪੀ. ਅਤੇ ਸੰਪਨ ਸਭਰਵਾਲ ਆਰਕੀਟੈਕਟ ਹੈ।
ਪ੍ਰਾਣ ਸਭਰਵਾਲ ਦਾ ਜਨਮ 9 ਦਸੰਬਰ 1930 ਨੂੰ ਮੁਨਸ਼ੀ ਰਾਮ ਸਭਰਵਾਲ ਅਤੇ ਮਾਤਾ ਸਵਰਨ ਦਈ ਦੇ ਘਰ ਨੂਰ ਮਹਿਲ ਜਿਲ੍ਹਾ ਜਲੰਧਰ ਵਿਖੇ ਹੋਇਆ। ਮੁਨਸ਼ੀ ਰਾਮ ਇੱਕ ਧਾਰਮਿਕ ਪ੍ਰਵਿਰਤੀ ਵਾਲਾ ਵਿਅਕਤੀ ਸੀ, ਇਸ ਕਰਕੇ ਉਨ੍ਹਾਂ ਨੂੰ ਭਗਤ ਜੀ ਦੇ ਨਾਮ ਨਾਲ ਜਾਣਿਆਂ ਜਾਂਦਾ ਸੀ। ਪ੍ਰਾਣ ਸਭਰਵਾਲ ਨੇ ਆਪਣੀ ਮੁਢਲੀ ਸਿਖਿਆ ਜਲੰਧਰ ਤੋਂ ਹੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਗ੍ਰੈਜੂਏਸ਼ਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਾਸ ਕੀਤੀ । 1962 ਵਿਚ ਉਸ ਦਾ ਪਰਿਵਾਰ ਪਟਿਆਲਾ ਆ ਕੇ ਵਸ ਗਿਆ, ਫ਼ਿਰ ਇਥੇ ਹੀ ਉਸ ਨੇ ਐਮ.ਏ.ਹਿੰਦੀ ਪਹਿਲਾ ਸਾਲ ਪੰਜਾਬੀ ਯੂਨੀਵਰਸਿਟੀ ਤੋ ਪਾਸ ਕੀਤੀ। ਸਕੂਲ ਵਿਚ ਪੜ੍ਹਦਿਆਂ ਉਸ ਨੂੰ ਸਭਿਆਚਾਰਕ ਸਰਗਰਮੀਆਂ ਖਾਸ ਤੌਰ ਤੇ ਨਾਟਕਾਂ ਵਿਚ ਹਿੱਸਾ ਲੈਣ ਦੀ ਚੇਟਕ ਲਗ ਗਈ ਸੀ ਪ੍ਰੰਤੂ ਉਸ ਦੇ ਪਿਤਾ ਸਭਿਆਚਾਰਕ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਨੂੰ ਚੰਗਾ ਨਹੀਂ ਸਮਝਦੇ ਸਨ। ਜਦੋਂ 12 ਸਾਲ ਦੀ ਉਮਰ ਵਿਚ ਹੀ ਉਸ ਨੂੰ ਇਨਾਮ ਮਿਲਣ ਲੱਗ ਪਏ ਤਾਂ ਉਨ੍ਹਾਂ ਪ੍ਰਾਣ ਸਭਰਵਾਲ ਦੇ ਪ੍ਰੋਗਰਾਮਾ ਨੂੰ ਮਾਣਤਾ ਦੇਣੀ ਸ਼ੁਰੂ ਕਰ ਦਿੱਤੀ।
ਪ੍ਰਾਣ ਸਭਰਵਾਲ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo