ਪਦਮ ਸ੍ਰੀ ਮਿਲਣ ਦੇ ਮੌਕੇ ‘ਤੇ ਵਿਸ਼ੇਸ਼
ਉਜਾਗਰ ਸਿੰਘ- ਪਿੰਡ ਖੀਵਾ ਕਲਾਂ ਦੇ ਟਿੱਬਿਆਂ ਦੀ ਕੰਡਿਆਈ, ਕਾਹੀ ਅਤੇ ਭੱਖੜੇ ਦੇ ਬੂਟਿਆਂ ਦੀ ਤਿੱਖੀ ਚੋਭ ਦੀ ਚੀਸ ਵਿੱਚੋਂ ਰੰਗਮੰਚ ਦੀ ਐਸੀ ਮਹਿਕ ਆਈ ਜਿਸਨੇ ਪੰਜਾਬੀ ਰੰਗਮੰਚ ਨੂੰ ਸੁਗੰਧਤ ਅਤੇ ਪ੍ਰਸੰਨ ਕਰ ਦਿੱਤਾ। ਉਸ ਕੰਡਿਆਈ ਦੇ ਬੂਟਿਆਂ ਵਿੱਚੋਂ ਮਹਿਕ ਲਿਆਉਣ ਵਾਲੀ ਮਾਨਸਾ ਦੇ ਪਛੜੇ ਇਲਾਕੇ ਦੇ ਪਿੰਡ ਖੀਵਾ ਕਲਾਂ ਦੀ ਜੰਮ ਪਲ ਪੰਜਾਬੀ ਥੇਟਰ ਅਤੇ ਫ਼ਿਲਮਾ ਦੀ ਪ੍ਰਤਿਭਾਵਨ ਅਦਾਕਾਰਾ ਨਿਰਮਲ ਰਿਸ਼ੀ ਦੀ ਅਦਾਕਾਰੀ ਦੇ ਰੰਗਾਂ ਨੇ ਪੰਜਾਬ ਹੀ ਨਹੀਂ ਸਗੋਂ ਸਮੁੱਚੇ ਪੰਜਾਬੀ ਸੰਸਾਰ ਨੂੰ ਆਪਣੀ ਅਦਾਕਾਰੀ ਦੀ ਕਲਾ ਦੀਆਂ ਮਹਿਕਾਂ ਨਾਲ ਖ਼ੁਸ਼ਬੂਦਾਰ ਕਰ ਦਿੱਤਾ। ਮੁੱਢਲੇ ਤੌਰ ਤੇ ਨਿਰਮਲ ਰਿਸ਼ੀ ਰੰਗਮੰਚ ਅਦਾਕਾਰਾ ਹੈ। ਹਰਪਾਲ ਟਿਵਾਣਾ ਦੇ ਮੱਸਿਆ ਦੀ ਰਾਤ ਨਾਟਕ ਵਿੱਚ ਪਹਿਲੀ ਵਾਰ 1966 ਵਿੱਚ ਐਸੀ ਅਦਾਕਾਰੀ ਕੀਤੀ ਜਿਸਨੇ ਨਿਰਮਲ ਰਿਸ਼ੀ ਦੇ ਜੀਵਨ ਵਿੱਚ ਰੌਸ਼ਨੀ ਦਾ ਫੁਹਾਰਾ ਲਿਆਕੇ ਉਸ ਨੂੰ ਰੰਗਮੰਚ ਦੀ ਰਾਣੀ ਬਣਾ ਦਿੱਤਾ। ਉਸਨੇ ਲਗਪਗ 60 ਨਾਟਕਾਂ ਵਿੱਚ ਵੱਖ ਵੱਖ ਕਿਰਦਾਰ ਨਿਭਾਏ, ਜਿਸ ਨਾਲ ਉਸਦੀ ਕਲਾ ਵਿੱਚ ਨਿਖ਼ਾਰ ਆਇਆ। ਭਰ ਜਵਾਨੀ ਵਿੱਚ ਆਪਣੇ ਰੰਗਮੰਚ ਦੇ ਗੁਰੂ ਹਰਪਾਲ ਤੇ ਨੀਨਾ ਟਿਵਾਣਾ ਦੇ ਨਾਲ ਅਸਮਾਨ ਦੀ ਛੱਤ ਹੇਠਾਂ ਪੋਲੋ ਗਰਾਊਂਡ ਪਟਿਆਲਾ ਵਿੱਚ ਰਾਤਾਂ ਬਿਤਾਈਆਂ। ਲੁਧਿਆਣਾ ਦੀਆਂ ਗਲੀਆਂ ਵਿੱਚ ਰਿਕਸ਼ਿਆਂ ਤੇ ਬੈਠਕੇ ਨਾਟਕਾਂ ਦਾ ਪ੍ਰਚਾਰ ਕੀਤਾ ਅਤੇ ਟਿਕਟਾਂ ਵੇਚੀਆਂ ਕਿਉਂਕਿ ਉਹ ਥੇਟਰ ਨੂੰ ਪ੍ਰਣਾਈ ਹੋਈ ਸੀ। 1983 ਵਿੱਚ ਹਰਪਾਲ ਟਿਵਾਣਾ ਦੀ ਫ਼ਿਲਮ ਲੌਂਗ ਦਾ ਲਿਸ਼ਕਾਰਾ ਵਿੱਚ ਨਿਰਮਲ ਰਿਸ਼ੀ ਨੇ ਪਹਿਲੀ ਵਾਰ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਅਤੇ ਇਸ ਪਹਿਲੀ ਫ਼ਿਲਮ ਨਾਲ ਹੀ ਉਸ ਦੀ ਅਦਾਕਾਰੀ ਦੀ ਧੁੰਮ ਮੱਚ ਗਈ। ਇਸ ਫ਼ਿਲਮ ਵਿੱਚ ਗੁਲਾਬੋ ਮਾਸੀ ਦੇ ਕਿਰਦਾਰ ਵਿੱਚ ਉਸ ਨੇ ਅਜਿਹੀ ਧੜੱਲੇਦਾਰ ਤੇ ਦਮਦਾਰ ਅਦਾਕਾਰੀ ਕੀਤੀ, ਜਿਸ ਨੇ ਉਸ ਨੂੰ ਗੁਲਾਬੋ ਮਾਸੀ ਦੇ ਨਾਮ ਨਾਲ ਹਰਮਨ ਪਿਆਰਾ ਬਣਾਇਆ। ਉਸ ਸਮੇਂ ਬਹੁਤੇ ਦਰਸ਼ਕ ਉਸ ਦੇ ਅਸਲੀ ਨਾਮ ਤੋਂ ਵੀ ਜਾਣੂੰ ਨਹੀਂ ਸਨ, ਸਗੋਂ ਉਹ ਉਸ ਨੂੰ ਗੁਲਾਬੋ ਮਾਸੀ ਦੇ ਨਾਮ ਨਾਲ ਹੀ ਜਾਣਦੇ ਅਤੇ ਪੁਕਾਰਦੇ ਸਨ। ਗੁਲਾਬੋ ਮਾਸੀ ਨਾਲ ਜਾਣੀ ਜਾਂਦੀ ਨਿਰਮਲ ਰਿਸ਼ੀ ਦੀ ਅਦਾਕਾਰੀ ਨੇ ਮਾਨਸਾ ਦੇ ਇਲਾਕੇ ਨੂੰ ਸੰਸਾਰ ਦੇ ਨਕਸ਼ੇ ‘ਤੇ ਲੈ ਆਂਦਾ। ਇੱਕ ਸਮਾਂ ਸੀ ਜਦੋਂ ਨਿਰਮਲ ਰਿਸ਼ੀ ਤੋਂ ਬਿਨਾ ਕੋਈ ਵੀ ਪੰਜਾਬੀ ਦਾ ਨਾਟਕ ਅਤੇ ਫਿਲਮ ਲੋਕਾਂ ਵਿਚ ਮਾਣਤਾ ਪ੍ਰਾਪਤ ਨਹੀਂ ਕਰਦੀ ਸੀ। ਜਦੋਂ ਦਰਸ਼ਕਾਂ ਨੂੰ ਇਹ ਪਤਾ ਲਗਦਾ ਸੀ ਕਿ ਇਸ ਨਾਟਕ/ਫ਼ਿਲਮ ਵਿੱਚ ਗੁਲਾਬੋ ਮਾਸੀ ਅਦਾਕਾਰ ਹੈ ਤਾਂ ਥੇਟਰਾਂ ਅਤੇ ਸਿਨਮਿਆਂ ਵਿੱਚ ਦਰਸ਼ਕਾਂ ਦੀ ਭੀੜ ਇਕੱਠੀ ਹੋ ਜਾਂਦੀ ਸੀ। ਦਮਦਾਰ ਆਵਾਜ਼ ਦੀ ਮਾਲਕ ਨਿਰਮਲ ਰਿਸ਼ੀ ਦੇ ਡਾਇਲਾਗ ਹਾਸਿਆਂ ਦੇ ਫੁਹਾਰੇ ਛੱਡਦੇ ਦਰਸ਼ਕਾਂ ਦੇ ਢਿੱਡੀ ਪੀੜਾਂ ਪਾ ਦਿੰਦੇ ਸਨ। ਪੰਜਾਬੀ ਦੀ ਪਹਿਲੀ ਨਾਟਕ ਅਤੇ ਫਿਲਮਾਂ ਦੀ ਐਕਟਰੈਸ ਨਿਰਮਲ ਰਿਸ਼ੀ ਨੇ ਆਪਣੀ ਅਦਾਕਾਰੀ ਦੀ ਛਾਪ ਨਾਲ ਪੰਜਾਬੀਆਂ ਦੇ ਮਨਾਂ ਨੂੰ ਮੋਹ ਲਿਆ ਹੈ। ਪਹਿਲੀ ਫ਼ਿਲਮ ਨਾਲ ਹੀ ਉਹ ਵੱਡੀ ਕਲਾਕਾਰ ਬਣ ਗਈ। ਉਸ ਨੇ ਇੱਕ ਦੁਕਾ ਹਿੰਦੀ ਫ਼ਿਲਮਾ ਤਂੋ ਇਲਾਵਾ 60 ਪੰਜਾਬੀ ਫ਼ਿਲਮਾ ਜਿਨ੍ਹਾਂ ਵਿੱਚ ਲੌਂਗ ਦਾ ਲਿਸ਼ਕਾਰਾ, ਉਚਾ ਦਰ ਬਾਬੇ ਨਾਨਕ ਦਾ, ਦੀਵਾ ਬਲੇ ਸਾਰੀ ਰਾਤ, ਕੁਦੇਸਣ, ਨਿੱਕਾ ਜ਼ੈਲਦਾਰ-1, ਨਿੱਕਾ ਜ਼ੈਲਦਾਰ-2, ਬੰਬੂਕਾਟ, ਰੱਬ ਦਾ ਰੇਡੀਓ, ਲਾਹੌਰੀਏ ਅਤੇ ਲਵ ਪੰਜਾਬ ਵਰਣਨਯੋਗ ਹਨ, ਵਿੱਚ ਅਦਾਕਾਰੀ ਕਰਕੇ ਆਪਣੀ ਵਿਲੱਖਣ ਪ੍ਰਤਿਭਾ ਦਾ ਸਬੂਤ ਦਿੱਤਾ। ਪੈਪਸੂ ਦੇ ਸਭ ਤੋਂ ਪਛੜੇ ਇਲਾਕੇ ਮਾਨਸਾ ਪਿਤਾ ਪਟਵਾਰੀ ਬਲਦੇਵ ਕ੍ਰਿਸ਼ਨ ਰਿਸ਼ੀ ਅਤੇ ਮਾਤਾ ਬਚਨੀ ਦੇਵੀ ਦੇ ਘਰ 1 ਨਵੰਬਰ 1943 ਨੂੰ ਜਨਮੀ ਨਿਰਮਲ ਰਿਸ਼ੀ ਬਚਪਨ ਤੋਂ ਹੀ ਸਕੂਲ ਦੀਆਂ ਖੇਡਾਂ ਅਤੇ ਸਭਿਅਚਾਰਕ ਸਰਗਰਮੀਆਂ ਵਿੱਚ ਅਥਾਹ ਦਿਲਚਸਪੀ ਲੈਂਦੀ ਸੀ, ਜਦੋਂ ਕਿ ਉਸ ਸਮੇਂ ਲੜਕੀਆਂ ਦਾ ਸਭਿਆਚਾਰਕ ਪ੍ਰੋਗਰਾਮਾ ਵਿੱਚ ਹਿੱਸਾ ਲੈਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ। ਉਸ ਦੀ ਅਦਾਕਾਰੀ ਦੀ ਪ੍ਰਤਿਭਾ ਨੂੰ ਬੂਰ ਸਕੂਲ ਵਿੱਚ ਹੀ ਪੈਣਾ ਸ਼ੁਰੂ ਹੋ ਗਿਆ ਸੀ। ਨਿਰਮਲ ਰਿਸ਼ੀ ਨੇ ਮੁੱਢਲੀ ਪੜ੍ਹਾਈ ਮਾਨਸਾ ਤੋਂ ਹੀ ਪ੍ਰਾਪਤ ਕੀਤੀ। ਅਦਾਕਾਰੀ ਅਤੇ ਖੇਡਾਂ ਦਾ ਸ਼ੌਕ ਉਸ ਨੂੰ ਸਕੂਲ ਸਮੇਂ ਵਿਚ ਹੀ ਲੱਗ ਗਿਆ ਸੀ। ਗ੍ਰੈਜੂਏਸ਼ਨ ਉਸ ਨੇ ਆਪਣੀ ਭੂਆ ਕੋਲ ਗੰਗਾਨਗਰ ਜਾ ਕੇ ਪਾਸ ਕੀਤੀ। ਕਾਲਜ ਵਿਚ ਜਾ ਕੇ ਉਹ ਖੁਲ੍ਹਕੇ ਨਾਟਕਾਂ ਵਿੱਚ ਹਿੱਸਾ ਲੈਣ ਲੱਗ ਪਈ। ਸਕੂਲ ਅਤੇ ਕਾਲਜ ਦੇ ਸਭਿਆਚਾਰਕ ਪ੍ਰੋਗਰਾਮਾਂ ਵਿਚ ਉਸ ਦਾ ਹਮੇਸ਼ਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਉਹ ਸਕੂਲ ਅਤੇ ਕਾਲਜ ਵਿਚ ਐਨ.ਸੀ.ਸੀ.ਦੀ ਕੈਡਟ ਵੀ ਰਹੀ। ਉਹ ਖੋਹ -ਖੋਹ, ਸ਼ੂਟਿੰਗ, ਬਾਸਕਟਬਾਲ ਅਤੇ ਅਥਲੈਟਿਕਸ ਦੀ ਖਿਡਾਰਨ ਵੀ ਰਹੀ। ਖੇਡਾਂ ਅਤੇ ਅਦਾਕਾਰੀ ਬਰਾਬਰ ਚਲਦੇ ਰਹੇ। ਉਸ ਨੇ ਸਰੀਰਕ ਸਿਖਿਆ ਦੇ ਵਿਸ਼ੇ ਵਿਚ ਐਮ.ਫਿਲ ਸਰਕਾਰੀ ਸਰੀਰਕ ਸਿਖਿਆ ਕਾਲਜ ਪਟਿਆਲਾ ਤੋਂ ਕੀਤੀ। ਸਰੀਰਕ ਸਿਖਿਆ ਉਸਦਾ ਚਹੇਤਾ ਵਿਸ਼ਾ ਸੀ, ਇਸ ਲਈ ਉਸਨੇ ਬੀ.ਪੀ.ਐਡ ਅਤੇ ਐਮ.ਐਡ ਸਰੀਰਕ ਸਿਖਿਆ ਵੀ ਪਾਸ ਕੀਤੀਆਂ। ਪਟਿਆਲਾ ਵਿਖੇ ਪੜ੍ਹਾਈ ਕਰਦਿਆਂ ਨਿਰਮਲ ਰਿਸ਼ੀ ਹਰਪਾਲ ਟਿਵਾਣਾ ਦੀ ਅਗਵਾਈ ਵਿੱਚ ਥੇਟਰ ਕਰਨ ਲੱਗੀ। ਉਸ ਦੀ ਅਦਾਕਾਰੀ ਦੀ ਵਿਲੱਖਣ ਪ੍ਰਤਿਭਾ ਦੀ ਪਛਾਣ ਹਰਪਾਲ ਟਿਵਾਣਾ ਨੇ ਕਰਦਿਆਂ, ਨਿਰਮਲ ਰਿਸ਼ੀ ਨੂੰ ਸਿੱਖਿਆ ਦਿੱਤੀ ਅਤੇ ਆਪਣੀ ਫ਼ਿਲਮ ‘ਲੌਂਗ ਦਾ ਲਿਸ਼ਕਾਰਾ’ ਵਿੱਚ ਗੁਲਾਬੋ ਮਾਸੀ ਦੀ ਅਦਾਕਾਰੀ ਦਾ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ। ਉਹ ਗੁਲਾਬੋ ਮਾਸੀ ਦੇ ਕਿਰਦਾਰ ਨੂੰ ਨਿਭਾ ਕੇ ਪਰਦੇ ਦੀ ਦੁਨੀਆਂ ਵਿੱਚ ਛਾ ਗਈ। ਫਿਰ ਉਸ ਨੇ ਪਿਛੇ ਮੁੜਕੇ ਨਹੀਂ ਵੇਖਿਆ ਪੌੜੀ ਦਰ ਪੌੜੀ ਥੇਟਰ ਤੇ ਫ਼ਿਲਮਾ ਦੀ ਦੁਨੀਆਂ ਵਿੰਚ ਪ੍ਰਾਪਤੀਆਂ ਦਰ ਪ੍ਰਾਪਤੀਆਂ ਕਰਦੀ ਰਹੀ।
1969 ਵਿਚ ਨਿਰਮਲ ਰਿਸ਼ੀ ਖਾਲਸਾ ਕਾਲਜ ਫਾਰ ਵਿਮੈਨ ਲੁਧਿਆਣਾ ਵਿਚ ਸਰੀਰਕ ਸਿਖਿਆ ਦੇ ਲੈਕਚਰਾਰ ਲੱਗ ਗਏ। ਪਟਿਆਲਾ ਵਿਖੇ ਸਰੀਰਕ ਸਿਖਿਆ ਕਾਲਜ ਵਿਚ ਪੜ੍ਹਦਿਆਂ ਹੀ ਉਸ ਨੇ ਮੋਨੋ ਐਕਟਿੰਗ ਵਿਚ ਹਿੱਸਾ ਲਿਆ, ਜਿਸ ਤੋਂ ਬਾਅਦ ਹਰਪਾਲ ਟਿਵਾਣਾ ਅਤੇ ਨੀਨਾ ਟਿਵਾਣਾ ਨੇ ਉਸ ਦੀ ਅਦਾਕਾਰੀ ਦੀ ਪ੍ਰਤਿਭਾ ਦੀ ਪਛਾਣ ਕੀਤੀ। ਨਿਰਮਲ ਰਿਸ਼ੀ ਨੇ ਫਿਰ ਪੰਜਾਬ ਕਲਾ ਮੰਚ ਵਿਚ ਐਕਟਿੰਗ ਦੀ ਸਿਖਿਆ ਪ੍ਰਾਪਤ ਕੀਤੀ। ਉਸ ਤੋਂ ਬਾਅਦ ਨਿਰਮਲ ਰਿਸ਼ੀ ਨੇ ਨੈਸ਼ਨਲ ਸਕੂਲ ਆਫ ਡਰਾਮਾ ਵਿਚ ਦਾਖ਼ਲਾ ਲੈ ਲਿਆ ਅਤੇ ਉਥੋਂ ਗ੍ਰੈਜੂਏਸ਼ਨ ਦੀ ਡਿਗਰੀ ਪਾਸ ਕੀਤੀ, ਜਿਸ ਨਾਲ ਉਸਦੀ ਅਦਾਕਾਰੀ ਪ੍ਰਵਿਰਤੀ ਵਿਚ ਨਿਖ਼ਾਰ ਆਇਆ। 1966 ਤੋਂ ਉਹ ਥੇਟਰ ਅਤੇ ਫਿਲਮਾਂ ਨਾ ਜੁੜੀ ਆ ਰਹੀ ਹੈ। ਉਹ ਲਗਪਗ 40 ਸਾਲ 2002 ਤੱਕ ਹਰਪਾਲ ਟਿਵਾਣਾ ਦੇ ਇਸ ਗਰੁਪ ਨਾਲ ਜੁੜੀ ਰਹੀ। 17 ਸਾਲ ਦੀ ਅੱਲ੍ਹੜ ਉਮਰ ਵਿਚ ਹੀ ਨਿਰਮਲ ਰਿਸ਼ੀ ਨੇ ਅਦਾਕਾਰੀ ਸ਼ੁਰੂ ਕਰ ਦਿੱਤੀ ਸੀ। ਉਸ ਸਮੇਂ ਹਰਪਾਲ ਟਿਵਾਣਾ ਦੇ ਪੰਜਾਬ ਕਲਾ ਮੰਚ ਵਿਚ ਓਮ ਪੁਰੀ ਅਤੇ ਰਾਜ ਬੱਬਰ ਵੀ ਕੰਮ ਕਰਦੇ ਸਨ। ਡਾ.ਹਰਚਰਨ ਸਿੰਘ ਦੀ ਪਤਨੀ ਬੀਬੀ ਧਰਮ ਕੌਰ ਤੋਂ ਬਾਅਦ ਨਿਰਮਲ ਰਿਸ਼ੀ ਅਤੇ ਨੀਨਾ ਟਿਵਾਣਾਂ ਪਹਿਲੀਆਂ ਲੜਕੀਆਂ ਸਨ, ਜਿਹੜੀਆਂ ਪੰਜਾਬੀ ਦੇ ਨਾਟਕਾਂ ਅਤੇ ਫਿਲਮਾਂ ਵਿਚ ਕੰਮ ਕਰਨ ਲੱਗੀਆਂ ਸਨ। 1966 ਵਿਚ ਉਸ ਨੇ ਬਾਕਾਇਦਾ ਨਾਟਕਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਉਸਨੇ ਅਧੂਰੇ ਸਪਨੇ ਨਾਟਕ ਵਿਚ ਅਦਾਕਾਰੀ ਕੀਤੀ ਸੀ। ਉਸ ਸਮੇਂ ਲੁਧਿਆਣਾ ਵਿਖੇ ਅਦਾਕਾਰੀ ਦੀ ਰੁਚੀ ਨੂੰ ਪ੍ਰਫੁਲਤ ਕਰਨ ਲਈ ਕੋਈ ਸਾਰਥਿਕ ਮੰਚ ਨਾ ਮਿਲਿਆ । ਇਸ ਲਈ ਆਪਣੇ ਅਦਾਕਾਰੀ ਦੇ ਸ਼ੌਕ ਦੀ ਪੂਰਤੀ ਲਈ ਉਹ ਹਰਪਾਲ ਟਿਵਾਣਾ ਦੇ ਨਾਟਕਾਂ ਵਿਚ ਹਿੱਸਾ ਲੈਣ ਲਈ ਲੁਧਿਆਣਾ ਤੋਂ ਪਟਿਆਲਾ ਤੱਕ ਦਾ ਸਫਰ ਕਰਦੇ ਰਹੇ। 1975 ਵਿਚ ਨੀਨਾ ਟਿਵਾਣਾ ਅਤੇ ਹਰਪਾਲ ਟਿਵਾਣਾ ਪੰਜਾਬ ਕਲਾ ਮੰਚ ਦਾ ਕਾਰਜ ਖੇਤਰ ਪਟਿਆਲਾ ਤੋਂ ਲੁਧਿਆਣਾ ਤਬਦੀਲ ਕਰਕੇ ਲੈ ਗਏ। ਜਿਸ ਕਰਕੇ ਪੰਜਾਬੀ ਭਵਨ ਲੁਧਿਆਣਾ ਸਾਹਿਤਕ ਸਰਗਰਮੀਆਂ ਦਾ ਕੇਂਦਰ ਬਣ ਗਿਆ। ਇਸ ਸਮੇਂ ਦੌਰਾਨ ਨਿਰਮਲ ਰਿਸ਼ੀ ਨੇ ਅਦਾਕਾਰੀ ਵਿਚ ਆਪਣੀ ਠੁਕ ਬਣਾ ਲਈ ਸੀ। ਉਸਦੀ ਆਵਾਜ਼ ਅਤੇ ਅਦਾਕਾਰੀ ਦੀ ਧੜੱਲੇਦਾਰੀ ਦਾ ਅਜੇ ਤੱਕ ਪੰਜਾਬੀ ਜਗਤ ਵਿਚ ਕੋਈ ਮੁਕਾਬਲਾ ਨਹੀਂ ਕਰ ਸਕਿਆ। 1984 ਵਿਚ ਨੀਨਾ ਵਿਟਵਾਣਾ ਦਾ ਗਰੁਪ ਫਿਰ ਪਟਿਆਲਾ ਆ ਗਿਆ। ਨਿਰਮਲ ਰਿਸ਼ੀ ਨੇ ਫਿਰ ਆਪਣਾ ਕਾਰਜ ਖੇਤਰ ਪਟਿਆਲਾ ਬਣਾ ਲਿਆ। ਇਸ ਸਮੇਂ ਦੌਰਾਨ ਉਸ ਨੇ ਬਹੁਤ ਸਾਰੇ ਨਾਟਕ ਆਪ ਲਿਖੇ ਅਤੇ ਉਨ੍ਹਾਂ ਦੀ ਨਿਰਦੇਸ਼ਨਾ ਵੀ ਕੀਤੀ। 2003 ਵਿਚ ਉਹ ਸਰੀਰਕ ਸਿਖਿਆ ਵਿਭਾਗ ਦੇ ਮੁੱਖੀ ਦੇ ਤੌਰ ਤੇ ਸੇਵਾ ਮੁਕਤ ਹੋ ਗਏ, ਉਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਥੇਟਰ ਗਰੁਪ ‘‘ਅਲਾਈਵ ਆਰਟਿਸਟਸ’’ ਬਣਾ ਲਿਆ, ਜਿਸਦੇ ਉਹ ਮੁੱਖੀ ਹਨ। ਨਿਰਮਲ ਰਿਸ਼ੀ ਨੂੰ ਬਹੁਤ ਸਾਰੇ ਅਵਾਰਡ ਅਤੇ ਮਾਨ ਸਨਮਾਨ ਮਿਲੇ ਜਿਨ੍ਹਾਂ ਵਿਚ ਸੰਗੀਤ ਨਾਟਕ ਅਕਾਡਮੀ ਅਵਾਰਡ, ਸਮਿਤਾ ਪਾਟਿਲ ਅਵਾਰਡ 1999, ਕੈਲਗਰੀ ਸਿੱਖ ਐਸੋਸੀਏਸ਼ਨ ਕੈਨੇਡਾ ਵੱਲੋਂ, ਸ਼ਰੋਮਣੀ ਅਦਾਕਾਰਾ ਭਾਸ਼ਾ ਵਿਭਾਗ ਪੰਜਾਬ, ਸੰਤ ਸਿੰਘ ਸੇਖੋਂ ਯਾਦਗਾਰੀ ਅਵਾਰਡ, ਅਵਾਰਡ ਐਂਡ ਆਨਰ ਫਾਰ ਬੈਸਟ ਕਲਚਰਲ ਸ਼ੋ ਇਨ ਨੈਸ਼ਨਲ ਗੇਮਜ਼, ਦੁਖਦੇ ਕਲੀਰੇ ਲਈ ਪੰਜਾਬ ਆਰਟ ਐਸੋਸੀਏਸ਼ਨ ਟਰਾਂਟੋ, ਪੀ.ਟੀ.ਸੀ.ਬੈਸਟ ਆਰਟਿਸਟ ਅਵਾਰਡ, 2013 ਵਿਚ ਪ੍ਰੈਜੀਡੈਂਟ ਅਵਾਰਡ ਅਤੇ ਲੌਂਗ ਦਾ ਲਿਸ਼ਕਾਰਾ ਫਿਲਮ ਵਿਚ ਅਦਾਕਾਰੀ ਲਈ ਪੰਜਾਬ ਫਿਲਮ ਰਿਵਿਊ ਐਸੋਸੀਏਸ਼ਨ ਮੁੰਬਈ, ਨੇ ਸਨਮਾਨਤ ਕੀਤਾ। ਦੇਸ਼ ਦਾ ਵੱਡਾ ਪਦਮ ਸ੍ਰੀ ਦਾ ਅਵਾਰਡ ਮਿਲਿਆ ਜਿਸ ਨਾਲ ਪੰਜਾਬੀ ਰੰਗਮੰਚ ਨੂੰ ਮਾਣ ਮਿਲਿਆ ਹੈ। ਕਲਾਕਾਰਾਂ ਦੀ ਨੌਜਵਾਨ ਪੀੜ੍ਹੀ ਲਈ ਉਹ ਪ੍ਰੇਰਨਾ ਸ੍ਰੋਤ ਤੇ ਇੱਕ ਮਾਰਗ ਦਰਸ਼ਕ ਦਾ ਕੰਮ ਕਰਨਗੇ। 81 ਸਾਲ ਦੀ ਉਮਰ ਵਿੱਚ ਵੀ ਉਹ ਅਦਾਕਾਰੀ ਕਰ ਰਹੇ ਹਨ, ਉਨ੍ਹਾਂ ਦੀ ਆਵਾਜ਼ ਬਿਲਕੁਲ ਉਸੇ ਤਰ੍ਹਾਂ ਧੜੱਲੇਦਾਰ ਹੈ। ਉਨ੍ਹਾਂ ਨੂੰ ਪਦਮ ਸ੍ਰੀ ਮਿਲਣ ਤੇ ਪੰਜਾਬੀ ਸੰਸਾਰ ਖ਼ੁਸ਼ੀ ਨਾਲ ਫੁਲਿਆ ਨਹੀਂ ਸਮਾ ਰਿਹਾ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com