ਕਈ ਸਾਲਾਂ ਬਾਅਦ ਤਿੰਨ ਨਵੰਬਰ ਵੀਹ ਸੌ ਤੇਈ ਨੂੰ ਮੈਂ ਹੌਂਸਲਾ ਜਿਹਾ ਕਰਕੇ ਸੈਕਰਾਮਿੰਟੋ ਜਾ ਪਹੁੰਚਿਆ। ਸੈਲ ਫੂੰਨ ਘਰ ਭੁੱਲਣ ਕਾਰਨ ਰਸਤੇ ਵਿਚ ਕਿਹੜੀ ਕਿਹੜੀ ਮਸੀਬਤ ਦਾ ਸਾਹਮਣਾ ਕਰਨਾ ਪਿਆ ਇਹ ਲਿਖਣਾ ਕੋਈ ਬਹੁਤੀ ਮਹੱਤਤਾ ਨਹੀਂ ਰੱਖਦਾ ਪਰ ਹਾਂ ਮੱਦਦ ਕਰਨ ਵਾਲਿਆਂ ਦਾ ਜ਼ਿਕਰ ਕਰਨਾ ਤਾਂ ਬਣਦਾ ਹੀ ਹੈ ਨਾ। ਜਦੋਂ ਅਸੀਂ ਡੈਨਵਰ ਏਅਰ ਪੋਰਟ ਤੇ ਬੈਠੇ ਅਗਲੀ ਉਡਾਣ ਦੀ ਦੀ ਉਡੀਕ ਕਰ ਰਹੇ ਸਾਂ ਤਾਂ ਮੇਰੀ ਨਜ਼ਰ ਇਕ ਅੰਮ੍ਰਿਤਧਾਰੀ ਗੁਰਸਿੱਖ, ਹਰਕੀਰਤ ਸਿੰਘ ਸੰਧੂ, ਜੋ ਸ਼ਿਕਾਗੋ ਤੋਂ ਹਨ, ਨਾਲ ਜਾ ਮਿਲੀ। ਉਨ੍ਹਾਂ ਮੇਰੀ ਬੇਨਤੀ ਸਵੀਕਾਰ ਕਰਕੇ ਮੈਨੂੰ ਦੋ ਚਾਰ ਇੱਧਰ ਉੱਧਰ ਫੂੰਨ ਕਰਨ ਲਈ ਆਪਣਾ ਸੈਲ ਫੂੰਨ ਦੇ ਦਿੱਤਾ ਤੇ ਮੈਂ ਆਪਣੀਆਂ ਮੁਸ਼ਕਲਾਂ ਦਾ ਹੱਲ ਕਰਕੇ ਸਿਰਦਾਰ ਜੀ ਨੂੰ ਧੰਨਵਾਦ ਸਹਿਤ ਫੂੰਨ ਵਾਪਸ ਕਰ ਦਿੱਤਾ।
ਕਈਆਂ ਸੱਜਣਾਂ ਮਿੱਤਰਾਂ ਨੂੰ ਭੇਜੀਆਂ ਗਈਆਂ ਕਿਤਾਬਾਂ ਜਿਉਂ ਦੀਆ ਤਿਉਂ ਹੀ ਪਾਈਆਂ ਸਨ। ਪੈਸਾ ਤਾਂ ਬਹੁਤ ਸਾਰੇ ਮਿੱਤਰ ਦੋਸਤ ਕਿਤਾਬਾਂ ਦੀ ਛਪਾਈ ਵਾਸਤੇ ਦੇ ਹੀ ਦਿੰਦੇ ਹਨ ਪਰ ਇਨ੍ਹਾਂ ਨੂੰ ਲੋਕਾਂ ਤਕ ਪਹੁੰਚਾਣ ਲਈ ਸਮਾ ਨਹੀਂ ਕੱਢ ਸਕਦੇ ਯਾ ਹੋਂਸਲਾ ਹੀ ਨਹੀਂ ਕਰਦੇ, ਕਿਸੇ ਵਜ੍ਹਾ ਕਰਕੇ। ਇਸ ਕਰਕੇ ਮੈਂ ਆਪਣੇ ਪਰਮ ਮਿੱਤਰ ਚਮਕੌਰ ਸਿੰਘ ਨੂੰ ਨਾਲ ਲੈ ਕੇ ਚਾਰ ਨਵੰਬਰ ਨੂੰ ਸਵੇਰੇ ਗਿਆਰਾਂ ਕੁ ਵਜੇ ਯੂਬਾ ਸਿੱਟੀ ਨਗਰ ਕੀਰਤਨ ਵਾਲੀ ਜਗ੍ਹਾ ਪਹੁੰਚ ਗਿਆ ਅਤੇ ਅਸੀਂ ਦੋਹਾਂ ਨੇ ਸ਼ਾਮ ਤਕ ਤਕਰੀਬਨ ਦਸ ਗਿਆਰਾਂ ਵੱਡੇ ਬਕਸੇ ਕਿਤਬਾਂ ਅਤੇ ਮੈਗਜ਼ੀਨਾਂ ਦੇ ਆਈਆਂ ਸੰਗਤਾਂ ਦੇ ਹੱਥਾਂ ਵਿਚ ਦੇ ਦਿੱਤੇ।
ਅਗਲੇ ਦਿੱਨ ਸੱਤ ਵਜੇ ਸਵੇਰੇ ਹੀ ਅਸਾਂ ਦੋਹਾਂ ਨੇ ਮੁੜ ਮੋਰਚਾ ਜਾ ਸੰਭਾਲਿਆ। ਬਸ ਫਿਰ ਕੀ ਸੀ ਤੇ ਕੀ ਨਹੀਂ ਪਤਾ ਹੀ ਨਹੀਂ ਚੱਲਿਆ ਕਿ ਸੱਤ ਤੋਂ ਸ਼ਾਮ ਦੇ ਸਾਡੇ ਚਾਰ ਕਦੋਂ ਵੱਜ ਗਏ ਤੇ ਅਸੀਂ ਬਾਈ ਦੇ ਬਾਈ ਬਕਸੇ ਕਿਤਬਾਂ, ਮੈਗਜ਼ੀਨਜ਼ ਅਤੇ ਤਿੰਨ-ਚਾਰ ਕੁ ਹਜ਼ਾਰ ਦੇ ਨੇੜ ‘ਸਿੱਖ ਕੌਣ ਹਨ’ ਵਾਲੇ ਪੈਂਫਲਿਟ ਵੰਡ ਕੇ ਸਾਰੀ ਦਿਹਾੜੀ ਦੇ ਭੁੱਖੇ ਤਿਹਾਏ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਨੂੰ ਸ਼ਹਿਰ ਵਿਚ ਗੇੜਾ ਦੇਣ ਲਈ ਲਿਜਾਇਆ ਜਾ ਰਿਹਾ ਸੀ ਤਾਂ, ਅਸੀਂ ਦੋਨੋਂ ਸਾਥੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾਣ ਲਈ ਦੂਰ ਕਿਸੇ ਸਟਾਲ ਤੇ ਜਾ ਪਹੁੰਚੇ। ਲੋੜ ਮੁਤਾਬਕ ਰੋਟੀ ਸਾਗ ਅਤੇ ਜਲੇਬੀਆਂ ਥਾਲੀਆਂ ਵਿਚ ਪਾ ਕੇ ਅਸੀਂ ਬੈਠਣ ਲਈ ਜਗ੍ਹਾ ਢੂੰਡਦੇ ਢੂੰਡਦੇ ਕਿਸੇ ਨੁਕਰੇ ਇਕ ਮੇਜ ਨਾਲ ਦੋ ਲੱਗੀਆਂ ਕੁਰਸੀਆਂ ਲੱਭ ਕੇ ਬੈਠ ਗਏ। ਖਾਣਾ ਤਾਂ ਚਲੋ ਖਾਣਾ ਹੀ ਸੀ ਪਰ ਚਮਕੌਰ ਸਿੰਘ ਵਾਲੇ ਪਾਸੇ ਇਕ ਬੀਬੀ ਬੈਠੀ ਸੀ, ਜਿਹੜੀ ਮਾਯੂਸ ਤੇ ਉਦਾਸ ਦਿੱਸ ਰਹੀ ਸੀ, ਜਿਸ ਦੀ ਸੱਸ ਤੇ ਉਹਦਾ ਆਦਮੀ ਵੀ ਨਾਲ ਹੀ ਸਿਆਟਲ ਕੋਲੋਂ ਕਿਸੇ ਛੋਟੇ ਸ਼ਹਿਰ, ਬੁਰਲਿੰਗਟਨ ਯਾ ਵਾਸ਼ਿੰਗਟਨ, ਤੋਂ ਆਏ ਸਨ। ਗੱਲਾਂ ਕਰਦਿਆਂ ਕਰਦਿਆਂ ਗੱਲ ਸਾਹਮਣੇ ਆਈ ਕਿ ਉਹ ਕਿਸੇ ਮਹਾਂਪੁਰਖ ਦੀ ਭਾਲ ਵਿਚ ਇਸ ਮੇਲੇ ਤੇ ਆਏ ਹਨ ਜਿਸ ਦੀ ਅਸ਼ੀਰਵਾਦ ਨਾਲ ਹੋ ਸਕਦਾ ਹੈ ਕਿ ਉਨ੍ਹਾਂ ਦੇ ਘਰ ਕੋਈ ਬਾਲ ਜਨਮ ਲੈ ਲਵੇ।
ਬਸ ਫਿਰ ਚਮਕੌਰ ਸਿੰਘ ਨੇ ਗੁਰਬਾਣੀ, “ ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ॥ ਬਿੰਬ ਬਿਨਾ ਕੈਸੇ ਕਪਰੇ ਧੋਈ॥ ਘੋਰ ਬਿਨਾ ਕੈਸੇ ਅਸਵਾਰ॥ ਸਾਧੂ ਬਿਨ ਨਾਹੀ ਦਰਬਾਰ”॥ ਮੁਤਾਬਕ ਉਸ ਮਾਈ ਤੇ ਉਸ ਦੀ ਨੂੰਹ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਬੇਬੇ ਨਾਨਕੀ ਦੇ ਘਰ ਉਲਾਦ ਨਹੀਂ ਸੀ ਜੇਕਰ ਕਿਸੇ ਮਹਾਂਪੁਰਖ ਦੇ ਕਹਿਣ ਤੇ ਬੇਬੇ ਨਾਨਕੀ ਦੇ ਘਰ ਉਲਾਦ ਹੋ ਸਕਦੀ ਹੁੰਦੀ ਤਾਂ ਬਾਬਾ ਨਾਨਕ ਜ਼ਰੂਰ ਆਪਣੀ ਭੇਣ ਨੂੰ ਉਲਾਦ ਦੀ ਬਖਸ਼ਿਸ਼ ਕਰਦੇ। ਬਾਬੇ ਤੋਂ ਵੱਡਾ ਤੇ ਕੋਈ ਮਹਾਂਪੁਰਖ ਨਹੀਂ ਹੈ ਨਾ ਸਿੱਖਾਂ ਵਾਸਤੇ, ਪਰ ਨਹੀਂ, ਬਾਬਾ ਜੀ ਨੇ ਆਪਣਾ ਵੱਡਾ ਪੁੱਤਰ ਹੀ ਆਪਣੀ ਭੈਣ ਨੂੰ ਦੇ ਦਿੱਤਾ।
ਭੈਣੇ ਮੇਰੀਏ ਆਪਣੇ ਪੁੱਤਰ ਤੇ ਨੂੰਹ ਦਾ ਡਾਕਟਰੀ ਮੁਆਇਨਾ ਕਰਵਾ ਫਿਰ ਪੱਤਾ ਚੱਲੂ ਕਿ ਨੁਕਸ ਕਿਸ ਵਿਚ ਹੈ। ਤੇ ਡਾਕਟਰੀ ਇਲਾਜ਼ ਕਰਵਾਉਣ ਤੋਂ ਬਾਅਦ ਬੱਚਾ ਵੀ ਹੋਊ ਪਰ ਰੁਮੀ ਵਾਲੇ ਬੂਬਨੇ ਸਾਧ ਦੇ ਚੱਕਰ ਵਿਚ ਨਾ ਫਸ ਜਾਇਓ ਜਿਹੜਾ ਮਿੱਟੀ ਖੁਆ ਖੁਆ ਕੇ ਔਰਤਾਂ ਨੂੰ ਮੁੰਡੇ ਹੀ, ਕੁੜੀਆਂ ਨਹੀਂ, ਦੇਈ ਜਾਂਦਾ ਹੈ ਯਾ ਫਿਰ ਪਟਿਆਲੇ ਵਾਲਾ ਠਾਕੁਰ ਸਿੰਘ, ਦੁਨੀਆ ਦਾ ਵੱਡਾ ਗੱਪੀ, ਸੇਬਾਂ ਨਾਲ ਮੁੰਡਿਆਂ ਦੀਆਂ ਲਾਈਨਾਂ ਲਾਈ ਜਾਂਦਾ ਹੈ, ਇਹ ਸੱਭ ਗੱਪ ਹਨ। ਪੁਰਾਣੀਆਂ ਗੱਲਾਂ ਛੱਡੋ, ਨਵੇਂ ਰਸਤੇ ਅਖਤਿਆਰ ਕਰੋ ਤੇ ਆਪਣਾ ਜੀਵਨ ਸਫਲਾ ਕਰੋ ਜੇ ਪੈਸਾ ਤੇ ਆਪਣੀ ਇੱਜ਼ਤ ਬਚਾਉਣੀ ਹੈ ਤਾਂ।
ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਦਸ ਕੁ ਫੁੱਟ ਧਰਤੀ ਤੋਂ ਉੱਚੀ ਕਿਸੇ ਟਰੱਕ ਤੇ ਪ੍ਰਕਾਸ਼ ਕਰਕੇ ਗੁਰਦਵਾਰਾ ਸਾਹਿਬ ਤੋਂ ਬਾਹਰ ਲਿਆਂਦੀ ਗਈ। ਪਾਣੀ ਵਾਲੀਆਂ ਨਿੱਕੀਆਂ ਨਿੱਕੀਆਂ ਪਲਾਸਟਕ ਦੀਆਂ ਬੋਤਲਾਂ ਦੇ ਢੱਕਣਾਂ ਵਿਚ ਗਲੀਆਂ ਕਰਕੇ ਨੌਜਵਾਨ ਮੁੰਡੇ ਕੁੜੀਆਂ ਟਰੱਕ ਦੇ ਅੱਗੇ ਅੱਗੇ ਛਿੜਕਾ ਕਰੀ ਜਾ ਰਹੇ ਸਨ ਤੇ ਦਸ ਬਾਰਾਂ ਦੇ ਕਰੀਬ ਝਾੜੂ ਵਾਲੇ, ਕੋਈ ਇੱਧਰ ਨੂੰ ਤੇ ਕੋਈ ਉੱਧਰ ਨੂੰ ਸੜਕ ਸਾਫ ਕਰ ਰਹੇ ਸਨ ਜਿੱਥੇ ਨਾ ਕੋਈ ਗੰਦ ਸੀ ਤੇ ਨਾ ਹੀ ਮਿੱਟੀ। ਇਸ ਵਾਰ ਪਹਿਲੀ ਵਾਰ ਇਨ੍ਹਾਂ ਹੀ ਝਾੜੂਬਰਦਾਰਾਂ ਕੋਲੋਂ ਸੁਣਨ ਨੂੰ ਮਿਲਿਆ ਕਿ ਇਹ ਅਸੀਂ ਅੰਧਵਿਸ਼ਵਾਸ ਪਾਲ ਰਹੇ ਹਾਂ ਪਰ ਫਿਰ ਵੀ ਕਰ ਰਹੇ ਹਾਂ। ਜਿਹੜੀ ਜਨਤਾ ਸੜਕ ਤੇ ਖੜ੍ਹੀ ਦਿੱਸ ਰਹੀ ਸੀ ਉਹ ਆਪਣੀਆਂ ਜੇਬਾਂ ਵਿਚੋਂ ਨੋਟ ਕੱਢ ਕੇ ਹੱਥ ਵਿਚ ਫੜੀ ਤੇ ਸੇਵਾਦਾਰਾਂ ਨੂੰ ਦਿੰਦੇ ਦਿਖਾਈ ਦੇ ਰਹੇ ਸਨ ਜਿਵੇਂ ਏਥੇ ਗੁਰੂ ਜੀ ਨੂੰ ਮੱਥਾ ਟੇਕਣ ਦਾ ਕੋਈ ਹੋਰ ਲਾਭ ਹੁੰਦਾ ਹੋਵੇ ਉਸ ਨਾਲੋਂ ਜਿਹੜਾ ਅਸੀਂ ਗੁਰਦਵਾਰੇ ਅੰਦਰ ਟੇਕ ਕੇ ਆਏ ਹਾਂ। ਪਰ ਕਿਸੇ ਨੇ ਕਿਸੇ ਨੂੰ ਇਹ ਨਹੀਂ ਦੱਸਿਆ ਕਿ ਮੱਥਾ ਟੇਕਣ ਦਾ ਕੀ ਮਤਲਬ ਹੈ, ਮੱਥਾ ਟੇਕਣਾ ਕਿਵੇਂ ਹੈ ਜੋ ਗੁਰੂ ਸਾਹਿਬ ਜੀ ਨੂੰ ਸਵੀਕਾਰਤ ਹੈ? ਹਰ ਗੱਲ ਤੇ ਅਸੀਂ ਇਹ ਹੀ ਸੁਣ ਰਹੇ ਸੀ ਕਿ ਇਹ ਆਪਣੀ ਆਪਣੀ ਸ਼ਰਧਾ ਹੈ ਤੇ ਨਾ ਹੀ ਲੋਕਾਂ ਨੂੰ ਇਹ ਪਤਾ ਹੈ ਕਿ ਸ਼ਰਧਾ ਦਾ ਮਤਲਬ ਕੀ ਹੈ। ਆਮ ਲੋਕਾਂ ਦੀ ਤਾਂ ਗੱਲ ਹੀ ਛੱਡੋ ਸ਼ਰਧਾ ਦੇ ਮਤਲਬ ਦਾ ਤਾਂ ਸਾਬਕਾ ਪਟਨੇ ਵਾਲੇ ਜੱਥੇਦਾਰ ਇਕਬਾਲ ਸਿੰਘ ਨੂੰ ਵੀ ਨਹੀਂ ਪਤਾ ਊਂ ਅਸੀਂ ਜੱਥੇਦਾਰ ਹਾਂ?
ਕਿਸੇ ਨੇ ਲੰਗਰ ਇਕ ਦਿੱਨ ਲਗਾਇਆ ਤੇ ਕਿਸੇ ਨੇ ਦੋਨੋ ਦਿੱਨ ਅਖੇ ਜੀ ਸਾਡੀ ਸ਼ਰਧਾ ਹੈ। ਕਈ ਆਪਣੇ ਵੱਡੇ ਵੱਡੇ ਝੋਲੇ ਵੀ ਨਾਲ ਲਿਆਏ ਸਨ ਤੇ ਉਹ ਦੋ ਚੰਹੂ ਦਿੱਨਾਂ ਦੀ ਰਸਦ ਇਕੱਠੀ ਕਰਕੇ ਘਰਾਂ ਨੂੰ ਚੱਲਦੇ ਬਣੇ। ਕੋਈ ਗੰਨੇ ਦਾ ਰਸ ਪਿਲਾ ਰਿਹਾ ਸੀ, ਕੋਈ ਬਰਗਰ ਖਲਾ ਰਿਹਾ ਸੀ, ਕੋਈ ਕੁਲਫੀਆਂ ਵੰਡ ਰਿਹਾ ਸੀ ਜਾਣੀ ਖਾਣ ਵਾਸਤੇ ਹਰ ਕਿਸਮ ਦੀ ਚੀਜ ਉਪਲੱਬਧ ਸੀ ਪਰ ਕਿਤਾਬਾਂ ਖਰੀਦਣ ਲਈ ਐਵੇਂ ਦੋ ਚਾਰ ਸਟਾਲ ਹੀ ਸਨ ਤੇ ਮੁਫਤ ਵਿਚ ਵੰਡਣ ਲਈ ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਵਾਲੇ ਹੀ ਸਨ, ਪਰ ਫਿਰ ਵੀ ਸਾਨੂੰ ਕੁੱਝ ਕੁ ਸੱਜਣਾਂ ਨੇ ਦੋ ਦੋ, ਪੰਜ ਪੰਜ ਤੇ ਵੀਹ ਕੁ ਡਾਲਰ ਦੇ ਨੋਟਾਂ ਨਾਲ ਸਤਿਕਾਰਿਆ ਤੇ ਇਕ ਨੌਜਵਾਨ ਜੋ ਲੁਧਿਆਣੇ ਮਿਸ਼ਨਰੀ ਕਾਲਜ਼ ਤੋਂ ਪੜ ਕੇ ਆਇਆ ਸੀ, ਉਸ ਨੇ ਕਿਹਾ ਕਿ ਮੈਂ ਜਾਣਦਾ ਹਾਂ, ਤੁਸੀਂ ਸੇਵਾ ਕਰ ਰਹੇ ਹੋ ਤੇ ਉਹ ਇਕ ਕਿਤਾਬ ਦਾ ਸਾਨੂੰ ਸੌ ਅਮਰੀਕਨ ਡਾਲਰ ਦੇ ਗਿਆ। ਇਸ ਤਰ੍ਹਾਂ ਸਾਡੇ ਕੋਲ ਤਕਰੀਬਨ ਅੱਠ ਸੌ ਡਾਲਰ ਇਕੱਠਾ ਹੋਇਆ ਤੇ ਉਹ ਵੀ ਬਗੈਰ ਮੰਗਣ ਦੇ। ਕੁੱਝ ਬੀਬੀਆਂ ਐਸੀਆਂ ਵੀ ਸਾਹਮਣੇ ਆਈਆਂ, ਜਿਨ੍ਹਾਂ ਨੂੰ ਪੜ੍ਹਨਾ ਤੇ ਨਹੀਂ ਆਉਂਦਾ ਸੀ ਪਰ ਕਿਤਾਬ ਲੈ ਕੇ ਝੋਲੇ ਵਿਚ ਇੰਞ ਮਾਰੀ ਜਿਵੇਂ ਮੁਫਤ ਵਿਚ ਕੋਈ ਖਾਣ ਵਾਲੀ ਵਸਤੂ ਮਿਲੀ ਹੋਵੇ। ਪੁੱਛਣ ਤੇ ਜਵਾਬ ਮਿਲਿਆ ਕਿ ਭਾਈ ਪੜ੍ਹਨੀ ਤਾਂ ਨਹੀਂ ਆਉਂਦੀ ਪਰ ਬਾਗ ਵਿਚ ਅੱਗ ਮਚਾਉਣ ਦੇ ਕੰਮ ਤਾਂ ਆਊਗੀ। ਇਹ ਸੁਣ ਕੇ ਮੈਂ ਕਿਤਾਬ ਝੋਲੇ ਵਿਚੋਂ ਕੱਢ ਕਿਸੇ ਹੋਰ ਦੇ ਹੱਥ ਫੜਾਈ ਜੋ ਮੈਨੂੰ ਸਮਝਦਾਰ ਲੱਗਿਆ। ਮੇਰੇ ਆਪਣੇ ਦੋਸਤ ਵੀ ਮਿਲੇ ਪਰ ਬੇਨਤੀ ਕਰਨ ਦੇ ਬਾਵਜੂਦ ਵੀ ਉਹ ਦੋ ਚਾਰ ਮਿੰਟ ਕਿਤਾਬਾਂ ਵੰਡਣ ਦਾ ਕੰਮ ਕਰਨ ਤੋਂ ਇਨਕਾਰ ਕਰ ਗਏ। ਇਨ੍ਹਾਂ ਦੋ ਚਾਰ ਘਟਨਾ ਰਾਹੀਂ ਮੈਂ ਸਿੱਖ ਸਮਾਜ ਦੇ ਦਿਮਾਗੀ ਪੱਧਰ ਨੂੰ ਬਿਆਨਣ ਦੀ ਕੋਸ਼ਿਸ਼ ਕੀਤੀ ਹੈ ਜੋ ਬਹੁਤ ਹੀ ਤਰਸ ਯੋਗ ਹੈ। ਪਤਾ ਨਹੀਂ ਕਿੰਨ੍ਹੇ ਲੋਕਾਂ ਹਵਾਈ ਸੈਰ ਕਰਕੇ, ਦਿਹਾੜੀਆਂ ਭੰਨ ਕੇ, ਸਕਿਉਰਟੀ ਵਾਲਿਆਂ ਨੂੰ ਲੱਖਾਂ ਡਾਲਰ ਦੇ ਕੇ, ਸਟਾਲ ਲਾਉਣ ਲਈ ਥਾਵਾਂ ਦਾ ਕਰਾਇਆ ਤੇ ਕੇ ਅਤੇ ਲੰਗਰ ਛਕਾ ਕੇ ਆਪਣਾ ਆਪਣਾ ਸ਼ੋਂਕ ਪੂਰਾ ਕੀਤਾ ਤੇ ਲੱਖਾਂ ਡਾਲਰਾਂ ਨੂੰ ਖੂਹ ਵਿਚ ਸੁਟਿਆ। ਜੇ ਕਿਤੇ ਏਹੀ ਪੈਸਾ ਅਸੀਂ ਆਪਣੀ ਕੌਮ ਦੀ ਚੜ੍ਹਦੀ ਕਲਾ ਲਈ ਲਾਉਣਾ ਸਿੱਖ ਲੈਂਦੇ ਤਾਂ ਅੱਜ ਸਿੱਖਾਂ ਵਿਚ ਗਰੀਬੀ ਦਾ ਨਾਓ-ਨਿਸ਼ਾਨ ਵੀ ਨਹੀਂ ਸੀ ਦਿਸਣਾ ਜਿਵੇਂ ਦੁਨੀਆ ਦੇ ਕੁੱਝ ਕਬੀਲੇ ਅੱਜ ਵੀ ਆਪਣੀ ਕੌਮ ਦੇ ਲੋਕਾਂ ਦੀ ਇਕੱਠੇ ਹੋ ਕੇ ਮੱਦਦ ਕਰਦੇ ਹਨ। ਪਰ ਨਹੀਂ ਸਾਨੂੰ ਤਾਂ ਸਾਡੀ ਸ਼ਰਧਾ ਹੀ ਪਿਆਰੀ ਲੱਗਦੀ ਹੈ। ਢੋਲਕੀਆਂ ਛੈਣਿਆਂ ਦੀ ਖੜਖੜਾਹਟ ਵਿਚ ਕੀਰਤਨੀਏ ਸਿੰਘਾਂ ਦੀ ਅਵਾਜ ਵੀ ਗੁੰਮ ਹੋ ਗਈ ਪਰ ਖਲਸਤਾਨ ਦੇ ਨਾਹਰੇ ਮਾਰਨ ਵਾਲਿਆਂ ਦੀ ਅਵਾਜ਼ ਉੱਤਨਾ ਚਿਰ ਸੁਣਦੀ ਰਹੀ ਜਿੱਤਨਾ ਚਿਰ ਉੱਥੇ ਲੜਾਈ ਨੇ ਆਪਣਾ ਜੌਹਰ ਨਹੀਂ ਦਿਖਾਇਆ। ਸਿੱਖ ਨੇ ਸਿੱਖ ਕੌਮ ਤੋਂ ਕੀ ਲੈਣਾ ਹੈ ਮੇਰੇ ਮਨ ਵਿਚ ਇਹ ਮੇਲਾ ਸਵਾਲ ਛੱਡ ਗਿਆ ਏ?
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1 647 966 3132