ਬਠਿੰਡਾ : ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ’ਤੇ ਮਾਮਲਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਕੋਠੀ ’ਤੇ ਵਿਜੀਲੈਂਸ ਨੇ ਰੇਡ ਕੀਤੀ ਹੈ। ਵਿਜੀਲੈਂਸ ਨੇ ਪਿੰਡ ਬਾਦਲ ਸਥਿਤ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ’ਤੇ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਵਿਜੀਲੈਂਸ ਟੀਮ ਵਲੋਂ ਕੋਠੀ ਦੀ ਤਲਾਸ਼ੀ ਲਈ ਗਈ। ਮਾਮਲਾ ਦਰਜ ਹੋਣ ਤੋਂ ਬਾਅਦ ਸਾਬਕਾ ਵਿੱਤ ਮੰਤਰੀ ’ਤੇ ਲਗਾਤਾਰ ਗ੍ਰਿਫ਼ਤਾਰੀ ਦੀ ਤਲਵਾਰ ਲਟਕੀ ਹੋਈ ਹੈ। ਇਸ ਸਾਰੇ ਮਾਮਲੇ ਦੌਰਾਨ ਵਿਜੀਲੈਂਸ ਨੇ ਹੈਰਾਨੀਜਨਕ ਖੁਲਾਸਾ ਵੀ ਕੀਤਾ ਹੈ। ਜਿਸ ਵਿਚ ਆਖਿਆ ਗਿਆ ਹੈ ਕਿ 2018 ਤੋਂ ਹੀ ਪਲਾਟ ’ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਸੀ ਅਤੇ ਫਰਜ਼ੀ ਨੰਬਰ ਲਗਾ ਕੇ ਬੋਲੀ ਲਗਾਈ ਗਈ।
ਦੱਸਿਆ ਜਾ ਰਿਹਾ ਹੈ ਕਿ ਆਨਲਾਈਨ ਬੋਲੀ ਦੌਰਾਨ ਨਕਸ਼ਾ ਅਪਲੋਡ ਨਹੀਂ ਕੀਤਾ ਗਿਆ ਅਤੇ ਨਕਸ਼ਾ ਨਾ ਹੋਣ ਕਾਰਣ ਕੋਈ ਵੀ ਬੋਲੀਕਾਰ ਬੋਲੀ ਲਗਾਉਣ ਨਹੀਂ ਪਹੁੰਚਿਆ। ਬਠਿੰਡਾ ਦੇ ਮਾਡਲ ਟਾਊਨ ਇਲਾਕੇ ਵਿਚ ਪਲਾਟ ਖਰੀਦ ਮਾਮਲੇ ਵਿਚ ਵਿਜੀਲੈਂਸ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਣੇ 6 ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿਚ ਹੁਣ ਤਕ ਕੁੱਲ 3 ਲੋਕਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।