ਬੇਂਗਲੁਰੂ- ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਚੰਦਰਯਾਨ-3 ਮਿਸ਼ਨ ਦੇ ਰੋਵਰ ‘ਪ੍ਰਗਿਆਨ’ ਦੇ ਲੈਂਡਰ ਵਿਕਰਮ ‘ਚੋਂ ਬਾਹਰ ਨਿਕਲਣ ਅਤੇ ਇਸਦੇ ਚੰਦਰਮਾ ਦੀ ਸਤ੍ਹਾ ‘ਤੇ ਚੱਲਣ ਦੀ ਇਕ ਸ਼ਾਨਦਾਰ ਵੀਡੀਓ ਸ਼ੁੱਕਰਵਾਰ ਨੂੰ ਜਾਰੀ ਕੀਤੀ ਹੈ। ਇਹ ਵੀਡੀਓ ਲੈਂਡਰ ਦੇ ਇਮੇਜਰ ਕੈਮਰੇ ਨੇ ਬਣਾਈ ਹੈ। ਇਸਰੋ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ‘ਤੇ ਇਹ ਵੀਡੀਓ ਸਾਂਝੀ ਕਰਦੇ ਹੋਏ ਸੰਦੇਸ਼ ਲਿਖਿਆ ਹੈ ਕਿ ਚੰਦਰਯਾਨ-3 ਦਾ ਰੋਵਰ, ਲੈਂਡਰ ‘ਚੋਂ ਨਿਕਲ ਕੇ ਇਸ ਤਰ੍ਹਾਂ ਚੰਦਰਮਾ ਦੀ ਸਤ੍ਹਾ ‘ਤੇ ਚੱਲਿਆ।
ਭਾਰਤੀ ਪੁਲਾੜ ਏਜੰਸੀ ਨੇ ਚੰਦਰਯਾਨ-3 ਦੇ ਲੈਂਡਰ ਦੇ ਚੰਦਰਮਾ ਦੀ ਸਤ੍ਹਾਂ ‘ਤੇ ਸਾਫਟ ਲੈਂਡਿੰਗ ਕਰਨ ਤੋਂ ਬਾਅਦ ਚੰਦਰਯਾਨ-2 ਦੇ ਆਰਬਿਟਰ ਹਾਈ ਰੈਜ਼ੋਲਿਊਸ਼ਨ ਕੈਮਰਾ (ਓ.ਐੱਚ.ਆਰ.ਸੀ.) ਤੋਂ ਲਈ ਗਈ ਉਸਦੀ ਤਸਵੀਰ ਵੀ ਜਾਰੀ ਕੀਤੀ। ਇਸਰੋ ਨੇ ਸੋਸ਼ਲ ਮੀਡੀਆ ਮੰਚ ‘ਤੇ ਲਿਖਿਆ ਕਿ ਚੰਦਰਯਾਨ-2 ਆਰਬਿਟਰ ਨੇ ਚੰਦਰਯਾਨ-3 ਲੈਂਡਰ ਦੀਆਂ ਤਸਵੀਰਾਂ ਲਈਆਂ। ਚੰਦਰਯਾਨ-2 ਦਾ ਆਰਬਿਟਰ ਹਾਈ ਰੈਜ਼ੋਲਿਊਸ਼ਨ ਕੈਮਰਾ (ਓ.ਐੱਚ.ਆਰ.ਸੀ.) ਚੰਦਰਮਾ ਦੀ ਪਰਿਕਰਮਾ ਕਰ ਰਹੇ ਵਰਤਮਾਨ ‘ਚ ਮੌਜੂਦ ਸਾਰੇ ਕੈਮਰਿਆਂ ‘ਚੋਂ ਸਭ ਤੋਂ ਵਧੀਆ ਰੈਜ਼ੋਲਿਊਸ਼ਨ ਵਾਲਾ ਕੈਮਰਾ ਹੈ।