ਫ਼ਿਰੋਜ਼ਪੁਰ- ਗਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਨੇ ਪੰਜਾਬ ਸਿੱਖਿਆ ਬੋਰਡ ਦੀ ਨੌਵੀਂ ਜਮਾਤ ਦੀ ਅੰਗਰੇਜ਼ੀ ਦੀ ਮੇਨ ਕੋਰਸ ਬੁੱਕ ‘ਚ ਲਿਖੇ ਸ਼ਹੀਦ ਊਧਮ ਸਿੰਘ ਦੇ ਲੇਖ ‘ਤੇ ਕਈ ਸਵਾਲ ਖੜ੍ਹੇ ਕੀਤੇ ਹਨ। ਲੇਖ ਵਿਚ ਸ਼ਹੀਦ ਦੀ ਜਨਮ ਮਿਤੀ, ਫਾਂਸੀ ਦੀ ਮਿਤੀ ਤੋਂ ਇਲਾਵਾ ਹੋਰ ਵੀ ਕਈ ਗਲਤੀਆਂ ਪਾਈਆਂ ਗਈਆਂ ਹਨ। ਵਿਭਾਗ ਵੱਲੋਂ ਲੰਮੇ ਸਮੇਂ ਤੋਂ ਬੱਚਿਆਂ ਨੂੰ ਸ਼ਹੀਦ ਦੀ ਜੀਵਨੀ ਸਬੰਧੀ ਗਲਤ ਜਾਣਕਾਰੀ ਦੇ ਰਿਹਾ ਹੈ। ਮੰਚ ਨੇ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਅਤੇ ਸਿੱਖਿਆ ਬੋਰਡ ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਇਸ ਦੇ ਸੁਧਾਰ ਦੀ ਮੰਗ ਕੀਤੀ ਹੈ।
ਮੰਚ ਦੇ ਮੁਖੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ 17 ਪੁਸਤਕਾਂ ਲਿਖੀਆਂ ਹਨ ਅਤੇ ਪੰਜ ਪੁਸਤਕਾਂ ਸ਼ਹੀਦ ਊਧਮ ਦੇ ਜੀਵਨ ‘ਤੇ ਲਿਖੀਆਂ ਹਨ। ਪੰਜਾਬ ਸਿੱਖਿਆ ਬੋਰਡ ਦੀ ਅੰਗਰੇਜ਼ੀ ਪੁਸਤਕ ਮੇਨ ਕੋਰਸ ਬੁੱਕ ਦੇ ਪੰਨਾ ਨੰਬਰ-39, 40 ’ਤੇ ਸ਼ਹੀਦ ਊਧਮ ਸਿੰਘ ਦੀ ਜੀਵਨੀ ਨਾਲ ਸਬੰਧਤ ਲੇਖ ਲਿਖਿਆ ਗਿਆ ਹੈ। ਇਸ ‘ਚ ਬਹੁਤ ਸਾਰੀਆਂ ਗਲਤੀਆਂ ਪਾਈਆਂ ਗਈਆਂ ਹਨ। ਰਾਕੇਸ਼ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਨੂੰ 31 ਜੁਲਾਈ 1940 ਨੂੰ ਫਾਂਸੀ ਦਿੱਤੀ ਗਈ ਸੀ, ਲੇਖ ਵਿੱਚ ਲਿਖਿਆ ਹੈ ਕਿ ਉਨ੍ਹਾਂ ਨੂੰ 30 ਜੁਲਾਈ ਨੂੰ ਫਾਂਸੀ ਦਿੱਤੀ ਗਈ ਸੀ। ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਹੋਇਆ ਸੀ, ਲੇਖ ਵਿੱਚ ਲਿਖਿਆ ਹੈ ਕਿ ਉਨ੍ਹਾਂ ਦਾ ਜਨਮ 18 ਦਸੰਬਰ 1899 ਨੂੰ ਹੋਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਲੇਖ ‘ਚ ਛਪੀ ਊਧਮ ਸਿੰਘ ਦੀ ਫੋਟੋ ਅਸਲ ਫੋਟੋ ਨਾਲ ਮੇਲ ਨਹੀਂ ਖਾਂਦੀ।
ਉਨ੍ਹਾਂ ਦੱਸਿਆ ਕਿ ਜਲਿਆਂਵਾਲਾ ਬਾਗ ਦਾ ਅਸਲ ਦੋਸ਼ੀ ਬ੍ਰਿਗੇਡੀਅਰ ਜਨਰਲ ਡਾਇਰ ਸੀ, ਜਲਿਆਂਵਾਲਾ ਬਾਗ ਕਾਂਡ ਤੋਂ ਬਾਅਦ ਹੰਟਰ ਕਮਿਸ਼ਨ ਅਤੇ ਆਰਮੀ ਕੌਂਸਲ ਨੇ ਡਾਇਰ ਨੂੰ ਦੋਸ਼ੀ ਠਹਿਰਾਇਆ ਸੀ ਅਤੇ ਉਸ ਨੂੰ ਹੀ ਸਜ਼ਾ ਮਿਲੀ ਸੀ। ਜਲ੍ਹਿਆਂਵਾਲਾ ਬਾਗ ਕਾਂਡ ਦੇ ਸਬੰਧ ਵਿੱਚ ਮਾਈਕਲ ਓਡਵਾਇਰ ਨੂੰ ਕਿਤੇ ਵੀ ਦੋਸ਼ੀ ਨਹੀਂ ਠਹਿਰਾਇਆ ਗਿਆ ਸੀ। ਜਦੋਂ ਕਿ ਇਹ ਲੇਖ ਮਾਈਕਲ ਓਡਵਾਇਰ ਨੂੰ ਦੋਸ਼ੀ ਠਹਿਰਾਉਂਦਾ ਹੈ। ਰਾਕੇਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਨੂੰ ਭੇਜੇ ਪੱਤਰ ਦਾ ਜਵਾਬ ਮਿਲ ਗਿਆ ਹੈ। ਮੁੱਖ ਮੰਤਰੀ ਨੇ ਸਾਰੀਆਂ ਗਲਤੀਆਂ ਨੂੰ ਸੁਧਾਰਨ ਲਈ ਪੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਨੂੰ ਭੇਜ ਦਿੱਤਾ ਹੈ।