ਹਿਮਾਚਲ ਪ੍ਰਦੇਸ਼ : 50 ਤੋਂ ਵੱਧ ਫਸੇ ਹੋਏ ਲੋਕਾਂ ਨੂੰ ਬਚਾਇਆ ਗਿਆ, ਬੱਦੀ-ਪਿੰਜੌਰ ਨੂੰ ਜੋੜਨ ਵਾਲਾ ਪੁਲ ਡਿੱਗਿਆ


ਸ਼ਿਮਲਾ – ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ‘ਚ ਬੱਦਲ ਫਟਣ ਤੋਂ ਬਾਅਦ 50 ਤੋਂ ਵੱਧ ਫਸੇ ਹੋਏ ਲੋਕਾਂ ਨੂੰ ਰਾਸ਼ਟਰੀ ਆਫ਼ਤ ਰਿਸਪਾਂਸ ਫ਼ੋਰਸ (ਐੱਨ.ਡੀ.ਆਰ.ਐੱਫ.) ਨੇ ਬਚਾ ਲਿਆ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ੇਹਨੂ ਗੋਉਨੀ ਪਿੰਡ ‘ਚ ਵੀਰਵਾਰ ਨੂੰ ਬੱਦਲ ਫਟਣ ਦੀ ਘਟਨਾ ਹੋਈ ਸੀ, ਜਿਸ ਨਾਲ ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਨਾਲ ਸੜਕਾਂ ਪ੍ਰਭਾਵਿਤ ਹੋ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਐੱਨ.ਡੀ.ਆਰ.ਐੱਫ. ਦਾ ਇਕ ਦਲ 15 ਕਿਲੋਮੀਟਰ ਪੈਦਲ ਤੁਰ ਕੇ ਫਸੇ ਹੋਏ ਲੋਕਾਂ ਨੂੰ ਬਚਾਉਣ ਪਹੁੰਚਿਆ ਅਤੇ 15 ਬੱਚਿਆਂ ਸਣੇ ਸਾਰੇ ਲੋਕਾਂ ਨੂੰ ਸੁਰੱਖਿਅਤ ਸਥਾਨ ‘ਤੇ ਪਹੁੰਚਾਇਆ ਗਿਆ।

ਮੀਂਹ ਨਾਲ ਸੰਬੰਧਤ ਇਕ ਹੋਰ ਘਟਨਾ ‘ਚ, ਬਲਾਦ ਨਦੀ ‘ਚ ਪਾਣੀ ਦੇ ਤੇਜ਼ ਵਹਾਅ ਕਾਰਨ ਉਦਯੋਗਿਕ ਬੱਦੀ ਖੇਤਰ ਅਤੇ ਪਿੰਜੌਰ ਨੂੰ ਜੋੜਨ ਵਾਲਾ ਬੱਦੀ ਸਥਿਤੀ ਮਾਰਨਵਾਲਾ ਪੁਲ ਸ਼ੁੱਕਰਵਾਰ ਨੂੰ ਡਿੱਗ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ‘ਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ। ਬੱਦੀ ਦੇ ਪੁਲਸ ਸੁਪਰਡੈਂਟ ਮੋਹਿਤ ਚਾਵਲਾ ਨੇ ਕਿਹਾ,”ਮਾਰਨਵਾਲਾ ਪੁਲ ਵਹਿ ਗਿਆ ਹੈ ਅਤੇ ਆਵਾਜਾਈ ਨੂੰ ਕਾਲਕਾ-ਕਾਲੂਝੰਡਾ-ਬਰੋਟੀਵਾਲਾ ਮਾਰਗ ‘ਤੇ ਮੋੜਿਆ ਗਿਆ ਹੈ।” ਰਾਜ ‘ਚ ਭਾਰੀ ਮੀਂਹ ਕਾਰਨ 709 ਸੜਕਾਂ ਬੰਦ ਹਨ। ਹਿਮਾਚਲ ਪ੍ਰਦੇਸ਼ ‘ਚ 24 ਜੂਨ ਤੋਂ ਹੋਈ ਮਾਨਸੂਨ ਦੀ ਸ਼ੁਰੂਆਤ ਨਾਲ 24 ਅਗਸਤ ਤੱਕ ਮੀਂਹ ਨਾਲ ਸੰਬੰਧਤ ਘਟਨਾਵਾਂ ‘ਚ 242 ਲੋਕਾਂ ਦੀ ਜਾਨ ਚਲੀ ਗਈ ਹੈ। ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ.) ਨੂੰ ਇਕੱਲੇ 2,829 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

Leave a Reply

Your email address will not be published. Required fields are marked *