ਸ਼ਿਮਲਾ – ਮੌਸਮ ਵਿਭਾਗ ਅਨੁਸਾਰ ਹਿਮਾਚਲ ਪ੍ਰਦੇਸ਼ ’ਚ 27 ਅਗਸਤ ਤੱਕ ਮੌਸਮ ਖ਼ਰਾਬ ਰਹੇਗਾ ਅਤੇ ਮੰਗਲਵਾਰ ਨੂੰ ਯੈਲੋ ਅਲਰਟ ਅਤੇ ਬੁੱਧਵਾਰ ਤੇ ਵੀਰਵਾਰ ਨੂੰ 2 ਦਿਨ ਆਰੈਂਜ ਅਲਰਟ ਰਹੇਗਾ। ਬੀਤੇ 24 ਘੰਟਿਆਂ ’ਚ ਸੂਬੇ ’ਚ ਮਾਨਸੂਨ ਕਮਜ਼ੋਰ ਰਿਹਾ ਅਤੇ ਪਾਲਮਪੁਰ ’ਚ 2, ਜੋਗਿੰਦਰਨਗਰ, ਪਾਉਂਟਾ, ਚੁਵਾੜੀ ਅਤੇ ਕਸੌਲੀ ’ਚ 1-1 ਸੈਂਟੀਮੀਟਰ ਮੀਂਹ ਪਿਆ, ਜਦੋਂ ਕਿ ਮੰਗਲਵਾਰ ਨੂੰ ਰਾਜਧਾਨੀ ਸ਼ਿਮਲਾ ’ਚ 0.2, ਊਨਾ ’ਚ 32, ਕਾਂਗੜਾ ’ਚ 3, ਧੌਲਾਕੂੰਆਂ ’ਚ 0.5, ਬਰਠੀਂ ’ਚ 3 ਮਿਲੀਮੀਟਰ ਮੀਂਹ ਪਿਆ ਹੈ। ਸੂਬੇ ’ਚ 2 ਨੈਸ਼ਨਲ ਹਾਈਵੇਅ ਐੱਨ. ਐੱਚ. 305 ਅਤੇ ਐੱਨ. ਐੱਚ. 03 ਬੰਦ ਹਨ, ਜਦੋਂ ਕਿ 344 ਸੜਕਾਂ ਵੀ ਬੰਦ ਹਨ। ਇਨ੍ਹਾਂ ’ਚ ਮੰਡੀ ਜ਼ੋਨ ਦੇ ਅਧੀਨ ਸਭ ਤੋਂ ਵੱਧ 117, ਸ਼ਿਮਲਾ ਜ਼ੋਨ ਦੀਆਂ 92, ਹਮੀਰਪੁਰ ਜ਼ੋਨ ਦੀਆਂ 75 ਅਤੇ ਕਾਂਗੜਾ ਜ਼ੋਨ ਦੀਆਂ 58 ਸੜਕਾਂ ਸ਼ਾਮਲ ਹਨ। 66 ਸੜਕਾਂ ਨੂੰ 24 ਘੰਟਿਆਂ ’ਚ ਜਦੋਂ ਕਿ 206 ਸੜਕਾਂ ਨੂੰ ਉਸ ਤੋਂ ਬਾਅਦ ਖੋਲ੍ਹ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਸਰਕਾਰ ਨੇ ਭਾਰੀ ਮੀਂਹ ਕਾਰਨ ਹੋਏ ਭਾਰੀ ਨੁਕਸਾਨ ਨੂੰ ਕੌਮੀ ਆਫ਼ਤ ਐਲਾਨਣ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਇਹ ਜਾਣਕਾਰੀ ਦਿੱਤੀ। ਹਿਮਾਚਲ ਪ੍ਰਦੇਸ਼ ‘ਚ ਐਤਵਾਰ ਤੋਂ ਭਾਰੀ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਸ਼ਿਮਲਾ ਸਮੇਤ ਕਈ ਜ਼ਿਲ੍ਹਿਆਂ ‘ਚ ਜ਼ਮੀਨ ਖਿਸਕ ਗਈ ਹੈ। ਬਚਾਅ ਕਾਰਜ ਪੂਰੇ ਜ਼ੋਰਾਂ ‘ਤੇ ਹਨ ਅਤੇ ਸੂਬਾ ਸਰਕਾਰ ਆਪਣੇ ਸਾਧਨਾਂ ਰਾਹੀਂ ਪ੍ਰਭਾਵਿਤ ਪਰਿਵਾਰਾਂ, ਖਾਸ ਤੌਰ ‘ਤੇ ਉਨ੍ਹਾਂ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਰਹੀ ਹੈ, ਜਿਨ੍ਹਾਂ ਦੇ ਘਰ ਅਚਾਨਕ ਆਏ ਹੜ੍ਹਾਂ ਅਤੇ ਜ਼ਮੀਨ ਖ਼ਿਸਕਣ ਕਾਰਨ ਨੁਕਸਾਨੇ ਗਏ ਹਨ।