ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਹੰਗਾਮੇ ਭਰਿਆ ਚੱਲ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਪਾਰਟੀਆਂ ਵਿਚਾਲੇ ਜ਼ਬਰਦਸਤ ਬਹਿਸ ਹੋਈ। ਇਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਵਿਰੋਧੀ ਪਾਰਟੀਆਂ ਅਤੇ ਖ਼ਾਸ ਕਰਕੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨੂੰ ਧਮਕਾਇਆ ਅਤੇ ਡਰਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਲਈ ਅਸੀਂ ਫ਼ੈਸਲਾ ਕੀਤਾ ਹੈ ਕਿ ਜਦੋਂ ਤੱਕ ਮੁੱਖ ਮੰਤਰੀ ਮਾਨ ਸਦਨ ‘ਚ ਆ ਕੇ ਮੁਆਫ਼ੀ ਨਹੀਂ ਮੰਗਦੇ, ਉਦੋਂ ਤੱਕ ਸਾਡੇ ਲਈ ਵਿਧਾਨ ਸਭਾ ਦੀ ਕਾਰਵਾਈ ‘ਚ ਬੈਠਣਾ ਔਖਾ ਹੋਵੇਗਾ। ਦੱਸ ਦੇਈਏ ਕਿ ਮੁੱਖ ਮੰਤਰੀ ਮਾਨ ਨੇ ਪ੍ਰਤਾਪ ਬਾਜਵਾ ਨਾਲ ਹੋਈ ਤਿੱਖੀ ਬਹਿਸ ਦੌਰਾਨ ਕਿਹਾ ਕਿ ਕੋਈ ਵੀ ਵਿਧਾਇਕ, ਜੋ ਭ੍ਰਿਸ਼ਟਾਚਾਰ ਦਾ ਦੋਸ਼ੀ ਪਾਇਆ ਗਿਆ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧਿਤ ਹੋਵੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
ਪ੍ਰਤਾਪ ਬਾਜਵਾ ਨੇ ਕਿਹਾ ਕਿ ਇਸ ਸਬੰਧੀ ਅਸੀਂ ਸਪੀਕਰ ਸੰਧਵਾਂ ਨਾਲ ਵੀ ਗੱਲ ਕੀਤੀ ਹੈ ਕਿ ਉਹ ਕਾਰਵਾਈ ਦਾ ਰਿਕਾਰਡ ਕੱਢਵਾ ਕੇ ਦੇਖ ਲੈਣ ਕਿ ਮੁੱਖ ਮੰਤਰੀ ਨੇ ਵਿਰੋਧੀ ਧਿਰਾਂ ਨੂੰ ਧਮਕਾਇਆ ਹੈ ਕਿ ਨਹੀਂ? ਜੇਕਰ ਅਜਿਹਾ ਪਾਇਆ ਜਾਂਦਾ ਹੈ ਤਾਂ CM ਮੁਆਫ਼ੀ ਮੰਗਣ ਅਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਅਗਲਾ ਫ਼ੈਸਲਾ ਅਸੀਂ ਸਵੇਰੇ ਲਵਾਂਗੇ। ਸਾਰੇ ਸਾਥੀ ਕੱਲ੍ਹ ਸਵੇਰੇ ਮਿਲ ਕੇ ਇਸਦਾ ਫ਼ੈਸਲਾ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਕੋਲੋਂ ਮਿਲਣ ਦਾ ਸਮਾਂ ਮੰਗਿਆ ਹੈ ਤਾਂ ਜੋ ਉਨ੍ਹਾਂ ਨੂੰ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਗੱਲ ਕਰ ਸਕਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੁੱਖ ਮੰਤਰੀ ਨੇ ਮੁਆਫ਼ੀ ਨਾ ਮੰਗੀ ਤਾਂ ਅਸੀਂ ਸਵੇਰੇ ਮੀਟਿੰਗ ਕਰਕੇ ਸਖ਼ਤ ਐਕਸ਼ਨ ਲਵਾਂਗੇ।