ਡਸੇਲਡੋਰਫ (ਜਰਮਨੀ), ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਸ਼ੁੱਕਰਵਾਰ ਨੂੰ ਇੱਥੇ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਸਪੇਨ ਵਿਰੁੱਧ 6-2 ਦੀ ਰੋਮਾਂਚਕ ਜਿੱਤ ਨਾਲ ਚਾਰ ਦੇਸ਼ਾਂ ਦੇ ਟੂਰਨਾਮੈਂਟ ’ਚ ਆਪਣੀ ਮੁਹਿੰਮ ਸ਼ੁਰੂ ਕੀਤੀ। ਰੋਹਿਤ ਨੇ 28ਵੇਂ ਤੇ 45ਵੇਂ ਮਿੰਟ ’ਚ ਅਤੇ ਸੁਦੀਪ ਚਿਰਮਾਕੋ ਨੇ 35ਵੇਂ ਤੇ 58ਵੇਂ ਮਿੰਟ ’ਚ ਦੋ-ਦੋ ਗੋਲ ਕੀਤੇ ਜਦਕਿ ਅਮਨਦੀਪ ਲਾਕੜਾ ਨੇ 25ਵੇਂ ਮਿੰਟ ਤੇ ਬੌਬੀ ਸਿੰਘ ਧਾਮੀ ਨੇ 53ਵੇਂ ਮਿੰਟ ਭਾਰਤ ਲਈ ਇਕ-ਇਕ ਗੋਲ ਕੀਤਾ।
ਸਪੇਨ ਵਲੋਂ ਨਿਕੋਲਸ ਅਲਵਾਰੇਜ ਨੇ ਪਹਿਲੇ ਤੇ ਗੂਈਯੂ ਕੋਰੋਮਿਨਾਸ ਨੇ 23ਵੇਂ ਮਿੰਟ ’ਚ ਇਕ-ਇਕ ਗੋਲ ਕੀਤਾ। ਸਪੇਨ ਨੇ ਮਜ਼ਬੂਤ ਸ਼ੁਰੂਆਤ ਕੀਤੀ, ਜਿਸ ’ਚ ਅਲਵਾਰੇਜ ਨੇ ਪਹਿਲੇ ਹੀ ਮਿੰਟ ’ਚ ਗੋਲ ਕਰਕੇ ਭਾਰਤ ਨੂੰ ਦਬਾਅ ’ਚ ਲਿਆ ਦਿੱਤਾ। ਭਾਰਤੀ ਖਿਡਾਰੀਆਂ ਨੇ ਮਿਲ ਕੇ ਕਾਫੀ ਕੋਸ਼ਿਸ਼ ਕੀਤੀ ਪਰ ਸਪੇਨ ਦੇ ਡਿਫੈਂਸ ਨੇ ਉਸ ਨੂੰ ਪਹਿਲੇ ਕੁਆਰਟਰ ’ਚ ਸਫਲਤਾ ਨਹੀਂ ਲੈਣ ਦਿੱਤੀ।