ਫਿਰੋਜ਼ਪੁਰ- ਫਿਰੋਜ਼ਪੁਰ ’ਚ ਸਤਲੁਜ ਦਰਿਆ ਦੇ ਨਾਲ ਲੱਗਦੇ ਲਗਭਗ 50 ਪਿੰਡ ਅੱਜੇ ਵੀ ਹੜ੍ਹ ਦੀ ਲਪੇਟ ’ਚ ਹਨ ਅਤੇ ਸਰਹੱਦੀ ਪਿੰਡ ਟੇਂਡੀ ਵਾਲਾ, ਚਾਂਦੀ ਵਾਲਾ, ਨਵੀਂ ਗੱਟੀ ਰਾਜੋ ਕੇ, ਝੁੱਗਾ ਛੀਨਾ ਸਿੰਘ ਵਾਲਾ ਅਤੇ ਪਿੰਡ ਖੁੰਦਰ ਗੱਟੀ ਅਜਿਹੇ ਪਿੰਡ ਹਨ, ਜਿੱਥੇ ਬੀਤੇ 2 ਦਿਨਾਂ ਤੋਂ ਸਤਲੁਜ ਦਰਿਆ ’ਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਕੋਈ ਵੀ ਰਾਹਤ ਸਮੱਗਰੀ ਨਹੀਂ ਭੇਜੀ ਜਾ ਸਕੀ ਅਤੇ ਨਾ ਹੀ ਇਨ੍ਹਾਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕਿਆ ਹੈ।
ਪ੍ਰਸ਼ਾਸਨ ਕਰ ਰਿਹੈ ਹਰ ਸੰਭਵ ਕੋਸ਼ਿਸ਼
ਪ੍ਰਸ਼ਾਸਨ ਵੱਲੋਂ ਹਰ ਸੰਭਵ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਇਨ੍ਹਾਂ ਪਿੰਡਾਂ ਤੱਕ ਮੋਟਰ ਬੋਟਸ ਨਹੀਂ ਜਾ ਸਕੀਆਂ। ਇਸ ਕਾਰਨ ਲੋਕਾਂ ਨੂੰ ਰਾਹਤ ਸਮੱਗਰੀ ਨਹੀਂ ਪਹੁੰਚ ਸਕੀ। ਇਨ੍ਹਾਂ ਪਿੰਡਾਂ ’ਚ ਜ਼ਿਆਦਾਤਰ ਛੋਟੇ ਕਿਸਾਨ ਅਤੇ ਮਜ਼ਦੂਰ ਲੋਕ ਹਨ, ਜਿਨ੍ਹਾਂ ਕੋਲ ਉਸੇ ਦਿਨ ਦਾ ਰਾਸ਼ਨ ਸੀ, ਜੋ ਖਾ ਕੇ ਇਨ੍ਹਾਂ ਨੇ 3 ਦਿਨ ਤੱਕ ਗੁਜਾਰਾ ਕੀਤਾ ਅਤੇ ਰਾਸ਼ਨ ਖਤਮ ਹੋਣ ਤੋਂ ਬਾਅਦ ਲੋਕ ਵਾਰ-ਵਾਰ ਰਾਸ਼ਨ, ਪੀਣ ਵਾਲੇ ਪਾਣੀ ਅਤੇ ਪਸ਼ੂਆਂ ਲਈ ਚਾਰੇ ਦੀ ਮੰਗ ਕਰ ਰਹੇ ਹਨ।