ਉਜੈਨ- ਸਾਉਣ ਦਾ ਮਹੀਨਾ ਚੱਲ ਰਿਹਾ ਹੈ। ਭਗਵਾਨ ਸ਼ਿਵ ਦੇ ਭਗਤ ਬਹੁਤ ਹੀ ਸ਼ਰਧਾ ਨਾਲ ਮੰਦਰਾਂ ‘ਚ ਸੀਸ ਝੁਕਾ ਰਹੇ ਹਨ। ਸਾਉਣ ਮਹੀਨੇ ਦੇ ਚੌਥੇ ਸੋਮਵਾਰ ਨੂੰ ਸਵੇਰੇ-ਸਵੇਰੇ ਉਜੈਨ ਦੇ ਮਹਾਕਾਲੇਸ਼ਵਰ ਮੰਦਰ ‘ਚ ਭਗਵਾਨ ਮਹਾਕਾਲ ਦੀ ਭਸਮ ਆਰਤੀ ਕੀਤੀ ਗਈ। 12 ਜਯੋਤੀਲਿੰਗਾਂ ‘ਚੋਂ ਤੀਜੇ ਸਥਾਨ ‘ਤੇ ਬਿਰਾਜਮਾਨ ਭਗਵਾਨ ਮਹਾਕਾਲੇਸ਼ਵਰ ਦੀ ਅੱਜ ਸਵੇਰੇ ਉਜੈਨ ਦੇ ਮਹਾਕਾਲੇਸ਼ਵਰ ਮੰਦਰ ‘ਚ ਭਸਮ ਆਰਤੀ ਨਾਲ ਪੂਜਾ ਕੀਤੀ ਗਈ।
ਭਗਵਾਨ ਸ਼ਿਵ ਦੀ ਭਸਮ ਆਰਤੀ ਸਿਰਫ ਉਜੈਨ ਦੇ ਮਹਾਕਾਲੇਸ਼ਵਰ ਮੰਦਰ ‘ਚ ਹੀ ਕੀਤੀ ਜਾਂਦੀ ਹੈ। ਇਹ ਆਰਤੀ ਸਵੇਰੇ 4 ਵਜੇ ਕੀਤੀ ਜਾਂਦੀ ਹੈ। ਭਸਮ ਆਰਤੀ ਕਰਨ ਤੋਂ ਪਹਿਲਾਂ ਮੰਦਰ ਦੇ ਪੁਜਾਰੀਆਂ ਨੇ ਭਗਵਾਨ ਸ਼ਿਵ ਨੂੰ ਦੁੱਧ, ਦਹੀਂ, ਸ਼ਹਿਦ, ਖੰਡ ਅਤੇ ਫਲਾਂ ਦਾ ਰਸ ਭੇਟ ਕੀਤਾ। ਇਸ ਤੋਂ ਬਾਅਦ ਭਗਵਾਨ ਨੂੰ ਚੰਦਨ, ਅਬੀਰ, ਗੁਲਾਲ, ਸੁੱਕੇ ਮੇਵੇ ਅਤੇ ਹੋਰ ਪ੍ਰਸਾਦ ਨਾਲ ਸਜਾਇਆ ਗਿਆ।
ਮਹਾਕਲੇਸ਼ਵਰ ਮੰਦਰ ਇਕ ਹਿੰਦੂ ਮੰਦਰ ਹੈ, ਜੋ ਭਗਵਾਨ ਸ਼ਿਵ ਨੂੰ ਸਮਰਪਿਤ ਹੈ ਅਤੇ 12 ਜਯੋਤੀਲਿੰਗਾਂ ‘ਚੋਂ ਇਕ ਹੈ। ਇਸ ਮੰਦਰ ਨੂੰ ਸ਼ਿਵ ਦਾ ਸਭ ਤੋਂ ਪਵਿੱਤਰ ਨਿਵਾਸ ਮੰਨਿਆ ਜਾਂਦਾ ਹੈ। ਭਾਰਤ ਦੇ ਮੱਧ ਪ੍ਰਦੇਸ਼ ਸੂਬੇ ਦੇ ਪ੍ਰਾਚੀਨ ਸ਼ਹਿਰ ਉਜੈਨ ‘ਚ ਸਥਿਤ ਇਹ ਮੰਦਰ ਪਵਿੱਤਰ ਨਦੀ ਸ਼ਿਪ੍ਰਾ ਦੇ ਕੰਢੇ ਸਥਿਤ ਹੈ।