ਚੰਡੀਗੜ੍ਹ, 9 ਅਗਸਤ (ਦਲਜੀਤ ਸਿੰਘ)- ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਵੱਲੋਂ ਇੱਥੇ ਅੱਤਵਾਦ ਤੇ ਗੈਂਗਵਾਰ ਦੀਆਂ ਘਟਨਾਵਾਂ ਸਬੰਧੀ ਪ੍ਰੈੱਸ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਦੌਰਾਨ ਬੋਲਦਿਆਂ ਡੀ. ਜੀ. ਪੀ. ਨੇ ਖ਼ੁਲਾਸਾ ਕੀਤਾ ਕਿ ਅੰਮ੍ਰਿਤਸਰ ‘ਚ ਬੀਤੀ ਸ਼ਾਮ ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਟਿਫਨਾਂ ‘ਚੋਂ ਬੰਬ ਮਿਲੇ ਹਨ। ਡੀ. ਜੀ. ਪੀ. ਨੇ ਕਿਹਾ ਕਿ ਇਹ ਬੰਬ ਸਰਹੱਦ ਪਾਰ ਤੋਂ ਡਰੋਨ ਰਾਹੀਂ ਭੇਜੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਬੰਬ ਰਾਹੀਂ ਭੀੜ-ਭਾੜ ਵਾਲੇ ਇਲਾਕੇ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਕੀਤੀ ਗਈ ਸੀ। ਡੀ. ਜੀ. ਪੀ. ਨੇ ਦੱਸਿਆ ਕਿ 7 ਅਤੇ 8 ਅਗਸਤ ਦੀ ਦਰਮਿਆਨੀ ਰਾਤ ਨੂੰ ਡਰੋਨ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਅਤੇ ਡਰੋਨ ਬੰਬ ਸੁੱਟ ਕੇ ਵਾਪਸ ਚਲਾ ਗਿਆ। ਫਿਰ ਪੁਲਸ ਨੂੰ ਇਕ ਇਨਪੁੱਟ ਪ੍ਰਾਪਤ ਹੋਇਆ ਕਿ ਇਕ ਸ਼ੱਕੀ ਬੈਗ ਉੱਥੇ ਪਿਆ ਹੈ, ਜਿਸ ਨੂੰ ਡਰੋਨ ਰਾਹੀਂ ਸੁੱਟਿਆ ਗਿਆ ਸੀ।
ਡੀ. ਜੀ. ਪੀ. ਨੇ ਦੱਸਿਆ ਕਿ ਟਿਫਨ ਬੰਬ ਕੁੱਝ ਮਾਹਰਾਂ ਵੱਲੋਂ ਤਿਆਰ ਕੀਤੇ ਗਏ ਸਨ। ਗੈਂਗਸਟਰਾਂ ਬਾਰੇ ਬੋਲਦਿਆਂ ਦਿਨਕਰ ਗੁਪਤਾ ਨੇ ਕਿਹਾ ਕਿ ਪੰਜਾਬ ਪੁਲਸ ਵੱਲੋਂ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਜਿੱਥੇ ਏ ਕੈਟਾਗਿਰੀ ਦੇ 20 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਉੱਥੇ ਹੀ 7 ਗੈਂਗਸਟਰ ਮਾਰੇ ਜਾ ਚੁੱਕੇ ਹਨ। ਡੀ. ਜੀ. ਪੀ. ਨੇ ਕਿਹਾ ਕਿ ਦਹਿਸ਼ਤਗਰਦਾਂ ਵੱਲੋਂ ਗੈਂਗਸਟਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਸਰਹੱਦ ਪਾਰ ਤੋਂ ਲਗਾਤਾਰ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।