ਸ੍ਰੀ ਅਨੰਦਪੁਰ ਸਾਹਿਬ/ਤਲਵੰਡੀ ਸਾਬੋ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੀਆਂ ਡੂੰਘੀਆਂ ਸਾਜ਼ਿਸ਼ਾਂ ਦੇ ਦੋਸ਼ਾਂ ਤਹਿਤ ਐੱਸ. ਜੀ. ਪੀ. ਸੀ. ਵਲੋਂ ਦਿੱਤੇ ਸੱਦੇ ਤਹਿਤ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਪੰਥਕ ਰੋਸ ਮਾਰਚ ਕੱਢੇ ਗਏ। ਇਸ ਵਿਚ ਵਿਸ਼ੇਸ਼ ਤੌਰ ’ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਰੋਸ ਮਾਰਚ ਦੀ ਆਰੰਭਤਾ ਦੀ ਅਰਦਾਸ ਕੀਤੀ, ਉਥੇ ਹੀ ਸਮਾਜਿਕ ਧਾਰਮਿਕ ਅਤੇ ਸਿਆਸੀ ਸ਼ਖਸੀਅਤਾਂ ਨੇ ਵੀ ਇਸ ਰੋਸ ਮਾਰਚ ਵਿਚ ਸ਼ਿਰਕਤ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਸਮੇਤ ਸੈਂਕੜੇ ਹੀ ਵਾਹਨਾਂ ਤੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਕਾਫਲੇ ਦੇ ਰੂਪ ਵਿੱਚ ਰੋਸ ਮਾਰਚ ਵਿਚ ਸ਼ਿਰਕਤ ਕੀਤੀ।
ਉਧਰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਵੀ ਪੰਥਕ ਰੋਸ ਮਾਰਚ ਕੱਢਿਆ ਗਿਆ। ਜਿਸ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ’ਤੇ ਵਰਕਰਾਂ ਦੇ ਭਾਰੀ ਇਕੱਠ ਨਾਲ ਪਹੁੰਚੇ। ਦੱਸ ਦਈਏ ਕਿ ਇਹ ਵਿਸ਼ਾਲ ਰੋਸ ਮਾਰਚ ਵੱਖ-ਵੱਖ ਪੜਾਅ ਪਾਰ ਕਰਦੇ ਹੋਏ ਅੰਮ੍ਰਿਤਸਰ ਪਹੁੰਚਣਗੇ, ਜਿੱਥੇ ਸ਼ਹਿਰ ਦੇ ਮੁੱਖ ਗੋਲਡਨ ਗੇਟ ’ਤੇ ਦੋਵੇਂ ਮਾਰਚ ਇਕੱਠੇ ਹੋਣਗੇ, ਜਿਥੋਂ ਸਮੁੱਚੇ ਰੂਪ ਵਿਚ ਸੰਗਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਲਈ ਰਵਾਨਾ ਹੋਣਗੀਆਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਸੰਘਰਸ਼ ਦੀ ਕਾਮਯਾਬੀ ਲਈ ਅਰਦਾਸ ਕੀਤੀ ਜਾਵੇਗੀ। ਇਥੇ ਇਹ ਵੀ ਦੱਸਣਯੋਗ ਹੈ ਕਿ ਇਹ ਰੋਸ ਮਾਰਚ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਸ਼ੁਰੂ ਹੋ ਕੇ ਬਠਿੰਡਾ, ਬਾਜਾਖਾਨਾ, ਬਰਗਾੜੀ, ਕੋਟਕਪੂਰਾ ਬਾਈਪਾਸ, ਜ਼ੀਰਾ, ਹਰੀਕੇ, ਤਰਨਤਾਰਨ ਹੁੰਦਾ ਹੋਇਆ ਅੰਮ੍ਰਿਤਸਰ ਪਹੁੰਚੇਗਾ।