ਮਾਨਸਾ : ਪੰਜਾਬ-ਹਰਿਆਣਾ ਸਰਹੱਦ ’ਤੇ ਸਥਿਤ ਪਿੰਡ ਚਾਂਦਪੁਰਾ ਬੰਨ੍ਹ ਤੋਂ ਬਾਅਦ ਐਤਵਾਰ ਰਾਤ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਇਲਾਕੇ ਦੇ ਪਿੰਡ ਝੰਡਾ ਖ਼ੁਰਦ ਨੇੜੇ ਘੱਗਰ ਦਰਿਆ ’ਤੇ ਬਣੇ ਧੁੱਸੀ ਬੰਨ੍ਹ ’ਚ ਪਾੜ ਪੈ ਗਿਆ। ਇਸ ਕਾਰਨ ਤਿੰਨਾਂ ਪਿੰਡਾਂ ਝੰਡਾ ਖ਼ੁਰਦ, ਰੋੜਕੀ ਕਲਾਂ ਤੇ ਝੰਡਾ ਕਲਾਂ ਦੇ ਖੇਤ ਪੂਰੀ ਤਰ੍ਹਾਂ ਪਾਣੀ ’ਚ ਡੁੱਬ ਗਏ। ਇੱਥੇ ਕਰੀਬ ਇਕ ਹਜ਼ਾਰ ਏਕੜ ਰਕਬੇ ’ਚ ਫ਼ਸਲ ਪਾਣੀ ’ਚ ਡੁੱਬ ਚੁੱਕੀ ਹੈ। ਖੇਤਾਂ ’ਚ ਪਾਣੀ ਭਰਨ ਨਾਲ ਸਹਿਮੇ ਇਨ੍ਹਾਂ ਪਿੰਡਾਂ ਦੇ ਲੋਕ ਟਰੈਕਟਰ-ਟ੍ਰਾਲੀਆਂ ’ਚ ਸਾਮਾਨ ਭਰ ਕੇ ਸੁਰੱਖਿਅਤ ਥਾਵਾਂ ਵੱਲ ਜਾ ਰਹੇ ਹਨ। ਪਾਣੀ ਦਰਿਆ ਤੋਂ ਕਰੀਬ ਡੇਢ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਸਰਦੂਲਗੜ੍ਹ-ਸਿਰਸਾ ਨੈਸ਼ਨਲ ਹਾਈਵੇ-703 ਨੂੰ ਵੀ ਪਾਰ ਕਰਨ ਲੱਗਾ ਹੈ, ਇਸ ਕਾਰਨ ਪ੍ਰਸ਼ਾਸਨ ਨੇ ਸੜਕ ’ਤੇ ਆਵਾਜਾਈ ਬੰਦ ਕਰ ਦਿੱਤੀ ਹੈ। ਦੁਪਹਿਰ ਤੱਕ ਪਿੰਡ ਵਾਸੀਆਂ ਤੇ ਫ਼ੌਜ ਨੇ ਮਿਲ ਕੇ ਨੈਸ਼ਨਲ ਹਾਈਵੇ ਦੇ ਨਾਲ-ਨਾਲ ਕਰੀਬ ਦੋ ਕਿਲੋਮੀਟਰ ਤੱਕ ਆਰਜ਼ੀ ਬੰਨ੍ਹ ਬਣਾ ਦਿੱਤਾ ਹੈ, ਜਿਸ ਨਾਲ ਪਾਣੀ ਪਿੰਡ ਰੋੜਕੀ ਤੋਂ ਇਲਾਵਾ ਸੜਕ ’ਤੇ ਆਉਣਾ ਬੰਦ ਹੋ ਗਿਆ ਹੈ।