ਹੜ੍ਹਾਂ ਦੇ ਮਾਰੂ ਹਾਲਾਤ ’ਚ ਡਟ ਕੇ ਖੜ੍ਹੇ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ, ਖੁਦ ਨਿਭਾਅ ਰਹੇ ਮੋਹਰੀ ਭੂਮਿਕਾ


ਜਲੰਧਰ : ਡੇਰੇ ਦੇ ਸੰਤ ਤੋਂ ਲੈ ਕੇ ਸਿਆਸਤ ਵਿਚ ਰਾਜ ਸਭਾ ਮੈਂਬਰ ਹੋਣ ਦਾ ਵੱਡਾ ਮੁਕਾਮ ਖੱਟਣ ਦੇ ਬਾਵਜੂਦ ਬਲਬੀਰ ਸਿੰਘ ਸੀਚੇਵਾਲ (61) ਜ਼ਮੀਨ ਨਾਲ ਜੁੜੇ ਹੋਏ ਹਨ। ਬੀਤੇ ਮੰਗਲਵਾਰ ਨੂੰ ਜਦੋਂ ਲੋਹੀਆਂ ਵਿਚ ਹੜ੍ਹ ਆਉਣ ਤੋਂ ਬਾਅਦ ਪ੍ਰਸ਼ਾਸਨਿਕ ਮਾਹਿਰ ਅਜੇ ਵਿਉਂਤਬੰਦੀ ਦੇ ਪੜਾਅ ਵਿਚ ਸਨ ਉਸ ਸਮੇਂ ਸੰਤ ਸੀਚੇਵਾਲ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਮੰਡਾਲਾ ਛੰਨਾ ਵਿਖੇ ਪਾੜ ਦੀ ਮੁਰੰਮਤ ਦੇ ਕੰਮ ਵਿਚ ਲੱਗ ਵੀ ਗਏ ਸਨ ਅਤੇ ਆਪਣੀਆਂ ਕਿਸ਼ਤੀਆਂ ਰਾਹੀਂ ਡੁੱਬੇ ਪਿੰਡ ਵਾਸੀਆਂ ਤੱਕ ਪਹੁੰਚ ਕਰਨ ਲਈ ਕਾਫੀ ਅੱਗੇ ਤੱਕ ਨਿਕਲ ਗਏ ਸਨ। ਜੇਕਰ ਉਨ੍ਹਾਂ ਨੇ ਸਮੇਂ ਸਿਰ ਆਪਣੇ ਦਲੇਰ ਵਾਲੰਟੀਅਰਾਂ ਦੀ ਫੌਜ ਨੂੰ ਮੋਰਚੇ ’ਤੇ ਨਾ ਲਗਾਇਆ ਹੁੰਦਾ ਤਾਂ ਸ਼ਾਇਦ ਹੁਣ ਹਾਲਾਤ ਹੋਰ ਵੀ ਬਦਤਰ ਹੁੰਦੇ।

ਪਾੜ ਦੀ ਮੁਰੰਮਤ ਕਰਨ ਦੇ ਕੰਮ ਦੀ ਨਿਗਰਾਨੀ ਕਰਨ ਤੋਂ ਇਲਾਵਾ ਬਲਬੀਰ ਸਿੰਘ ਸੀਚੇਵਾਲ ਰੋਜ਼ਾਨਾ ਆਪਣੀ ਮੋਟਰਬੋਟ ਨੂੰ ਘੰਟਿਆਂਬੱਧੀ ਪਿੰਡਾਂ ਵਿਚ ਚਲਾ ਕੇ ਪਿੰਡ ਵਾਸੀਆਂ ਨੂੰ ਬੋਤਲਬੰਦ ਪੀਣ ਵਾਲਾ ਪਾਣੀ, ਭੋਜਨ ਅਤੇ ਦਵਾਈਆਂ ਮੁਹੱਈਆ ਕਰਵਾ ਰਹੇ ਹਨ। ਉਹ ਖੁਦ ਰੇਤ ਦੀਆਂ ਬੋਰੀਆਂ ਭਰ ਕੇ ਬੰਨ੍ਹ ਬਣਾ ਰਹੇ ਹਨ, ਉਨ੍ਹਾਂ ਨੂੰ ਬੰਨ੍ਹ ਵਾਲੀ ਥਾਂ ‘ਤੇ ਲਿਜਾ ਰਹੇ ਹਨ। ਉਹ ਸਿਰਫ਼ ਆਪਣੇ ਵਾਲੰਟੀਅਰਾਂ ਲਈ ਹੀ ਨਹੀਂ ਬਲਕਿ ਰੋਜ਼ਾਨਾ ਸੈਂਕੜੇ ਸੈਲਾਨੀਆਂ ਲਈ ਲੰਗਰ, ਲੱਸੀ ਅਤੇ ਚਾਹ ਦਾ ਪ੍ਰਬੰਧ ਯਕੀਨੀ ਬਣਾ ਰਹੇ ਹਨ। ਉਨ੍ਹਾਂ ਨੇ ਇਸ ਗੱਲ ਨੂੰ ਸਖ਼ਤੀ ਨਾਲ ਯਕੀਨੀ ਬਣਾਇਆ ਹੈ ਕਿ ਬੰਨ੍ਹ ’ਤੇ ਕੂੜਾ ਨਾ ਸੁੱਟਿਆ।
ਇਸ ਦੌਰਾਨ ‘ਆਪ’ ਆਗੂ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਵੀ ਉਨ੍ਹਾਂ ਨਾਲ ਇਸ ਸੇਵਾ ਵਿਚ ਹੱਥ ਵਟਾਉਣ ਲਈ ਸ਼ਾਮਲ ਹੋਏ ਹਨ। ਇਸ ਤੋਂ ਇਲਾਵਾ ਸੰਤ ਸੀਚੇਵਾਲ ਦੇ ਗੰਨਮੈਨ ਵੀ ਪਿੱਛੇ ਨਹੀਂ ਹਨ, ਉਨ੍ਹਾਂ ਨੇ ਵੀ 16,000 ਤੋਂ ਵੱਧ ਪ੍ਰਭਾਵਿਤ ਪਿੰਡ ਵਾਸੀਆਂ ਦੇ ਜਲਦੀ ਮੁੜ ਵਸੇਬੇ ਲਈ ਖੁਸ਼ੀ-ਖੁਸ਼ੀ ਆਪਣਾ ਯੋਗਦਾਨ ਪਾਇਆ ਹੈ। ਜਦੋਂ ਤੋਂ ਸੀਚੇਵਾਲ ਸੰਸਦ ਮੈਂਬਰ ਬਣੇ ਸਨ, ਉਨ੍ਹਾਂ ਨੂੰ ‘ਆਪ’ ਵਿਰੋਧੀ ਸਟੈਂਡ ਨਾ ਲੈਣ ਲਈ ਸੋਸ਼ਲ ਮੀਡੀਆ ‘ਤੇ ਟ੍ਰੋਲ ਕੀਤਾ ਜਾ ਰਿਹਾ ਸੀ, ਖਾਸ ਕਰਕੇ ਜ਼ੀਰਾ ਸ਼ਰਾਬ ਫੈਕਟਰੀ ਮਾਮਲੇ ‘ਚ ਪਰ ਹੁਣ ਹੜ੍ਹਾਂ ਦੇ ਹਾਲਾਤ ਵਿਚ ਸੀਚੇਵਾਲ ਵਲੋਂ ਨਿਭਾਈ ਗਈ ਮੋਹਾਰੀ ਭੂਮਿਕਾ ਨੇ ਇਕ ਵਾਰ ਫਿਰ ਉਨ੍ਹਾਂ ਨੂੰ ਸੁਰਖੀਆਂ ਵਿਚ ਲੈ ਆਂਦਾ ਹੈ।

Leave a Reply

Your email address will not be published. Required fields are marked *