ਪਟਿਆਲਾ/ਚੰਡੀਗੜ੍ਹ, 6 ਅਗਸਤ (ਦਲਜੀਤ ਸਿੰਘ)- ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੱਧੂ ਨੇ ਘਨੌਰ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਜਲਾਲਪੁਰ ਦੀ ਜਿੱਤ ਹੋਵੇ। ਇਸ ਦੇ ਨਾਲ ਹੀ ਸਿੱਧੂ ਦੇ ਇਸ ਬਿਆਨ ਤੋਂ ਬਾਅਦ ਸਿਆਸਤ ਗਰਮਾ ਗਈ ਹੈ।
ਦਰਅਸਲ, ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਜਲਾਲਪੁਰ ‘ਤੇ ਰੇਤ ਮਾਫੀਆ, ਨਕਲੀ ਸ਼ਰਾਬ ਵੇਚਣ ਆਦਿ ਦੇ ਦੋਸ਼ ਲੱਗੇ ਹਨ। ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਸਿੱਧੂ ਦੀ ਇਸ ਸਪੋਰਟ ਤੋਂ ਬਾਅਦ ਕਾਂਗਰਸ ਨੂੰ ਆੜੇ ਹੱਥੀਂ ਲਿਆ। ਚੀਮਾ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਉਸੇ ਵਿਧਾਇਕ ਦੇ ਘਰ ਜਾ ਕੇ ਉਨ੍ਹਾਂ ਦਾ ਸਮਰਥਨ ਕੀਤਾ, ਜਿਸ ਬਾਰੇ ਸਿੱਧੂ ਨੇ ਖੁਦ ਕਿਹਾ ਸੀ ਕਿ ਉਹ ਮਾਫੀਆ ਦੇ ਵਿਰੁੱਧ ਹਨ। ਹੁਣ ਇਸ ਦਾ ਪਰਦਾਫਾਸ਼ ਹੋਣਾ ਚਾਹੀਦਾ ਹੈ। ਸਿੱਧੂ ਨੇ ਕਿਹਾ ਕਿ ਮਦਨ ਲਾਲ ਜਲਾਲਪੁਰ ਉਨ੍ਹਾਂ ਦੇ ਪਹਿਲੇ ਉਮੀਦਵਾਰ ਹੋਣਗੇ।
ਸਿੱਧੂ ਨੇ ਬੀਤੇ ਦਿਨੀਂ ਜਲਾਲਪੁਰ ਦੀ ਰਿਹਾਇਸ਼ ‘ਤੇ ਕਿਹਾ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਜਲਾਲਪੁਰ ਦੀ ਜਿੱਤ ਹੋਵੇ। ਉਹ ਘਨੌਰ ਸੀਟ ਦੀ ਚੋਣ ਨੂੰ ਆਪਣੀ ਚੋਣ ਸਮਝਣਗੇ, ਨਾ ਕਿ ਜਲਾਲਪੁਰ ਦੀ। ਇਸ ਨਾਲ ਇਹ ਚਰਚਾ ਸ਼ੁਰੂ ਹੋਈ ਕਿ ਜਦੋਂ ਸਿੱਧੂ ਮਾਈਨਿੰਗ ਤੇ ਸ਼ਰਾਬ ਮਾਫੀਆ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਸਿਆਸਤਦਾਨਾਂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ, ਤਾਂ ਉਹ ਹੁਣ ਜਲਾਲਪੁਰ ਦਾ ਸਮਰਥਨ ਕਿਵੇਂ ਕਰ ਰਹੇ ਹਨ।
ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਕਾਂਗਰਸੀ ਵਿਧਾਇਕਾਂ ਵਿੱਚੋਂ ਮਦਨ ਲਾਲ ਜਲਾਲਪੁਰ ਪਹਿਲੇ ਸੀ, ਜਿਨ੍ਹਾਂ ਨੇ ਸਿੱਧੂ ਨੂੰ ਸੂਬਾ ਕਾਂਗਰਸ ਪ੍ਰਧਾਨ ਬਣਾਉਣ ਦੀ ਵਕਾਲਤ ਕੀਤੀ ਸੀ। ਉਸ ਤੋਂ ਬਾਅਦ ਸਿੱਧੂ ਕਾਂਗਰਸ ਦੇ ਮੁਖੀ ਵਜੋਂ ਤਾਜ ਪਹਿਨਾਏ ਜਾਣ ਤੋਂ ਪਹਿਲਾਂ ਹੀ ਜਲਾਲਪੁਰ ਦੇ ਘਰ ਗਏ ਸੀ। ਜਲਾਲਪੁਰ ਵੱਲੋਂ ਸਿੱਧੂ ਦੇ ਅਜਿਹੇ ਖੁੱਲ੍ਹੇ ਸਮਰਥਨ ਨੇ ਸੀਐਮ ਸਿਟੀ ਵਿੱਚ ਕਾਂਗਰਸੀ ਗਲਿਆਰਿਆਂ ਵਿੱਚ ਚਰਚਾ ਛੇੜ ਦਿੱਤੀ ਕਿ ਅਜਿਹਾ ਕਰਕੇ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਸੰਸਦ ਮੈਂਬਰ ਪ੍ਰਨੀਤ ਕੌਰ ਨਾਲ ਖਿਲਾਫ਼ਤ ਕੀਤੀ ਹੈ। ਇਸ ਦੇ ਨਾਲ ਹੀ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਜਲਾਲਪੁਰ ਦਾ ਹੌਸਲਾ ਵਧਾਇਆ। ਚੰਨੀ ਨੇ ਕਿਹਾ ਕਿ ਘਨੌਰ ਦੇ ਵਿਧਾਇਕ ਜਲਾਲਪੁਰ ਪਾਰਟੀ ਦੇ ਵਫ਼ਾਦਾਰ ਆਗੂ ਹਨ। ਉਨ੍ਹਾਂ ਨੇ ਲੋਕ ਸਭਾ ਚੋਣਾਂ ਵਿੱਚ ਪਟਿਆਲਾ ਸੰਸਦੀ ਸੀਟ ਉੱਤੇ ਕਾਂਗਰਸ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ।