ਭੁਲੱਥ ਵਿਖੇ ਹਥਿਆਰਬੰਦ ਲੁਟੇਰਿਆਂ ਨੇ ਵੈਸਟਰਨ ਯੂਨੀਅਨ ਦੁਕਾਨ ਮਾਲਕ ‘ਤੇ ਚਲਾਈ ਗੋਲ਼ੀ

goli/nawanpunjab.com

ਭੁਲੱਥ, 5 ਅਗਸਤ (ਦਲਜੀਤ ਸਿੰਘ)- ਦਿਨ-ਦਿਹਾੜੇ ਭੁਲੱਥ ਸ਼ਹਿਰ ਦੇ ਕਮਰਾਏ ਇਲਾਕੇ ਵਿਚ ਵੈਸਟਰਨ ਯੂਨੀਅਨ ਦੀ ਦੁਕਾਨ ‘ਤੇ ਲੁੱਟਖੋਹ ਕਰਨ ਆਏ ਹਥਿਆਰਬੰਦ ਲੁਟੇਰਿਆਂ ਨੇ ਦੁਕਾਨ ਮਾਲਕ ‘ਤੇ ਗੋਲ਼ੀ ਚਲਾ ਦਿੱਤੀ। ਲੁਟੇਰਿਆਂ ਵੱਲੋਂ ਚਲਾਈ ਗਈ ਗੋਲ਼ੀ ਦੁਕਾਨ ਮਾਲਕ ਕੌਂਸਲਰ ਕੁਲਦੀਪ ਸਿੰਘ ਵਾਸੀ ਕਮਰਾਏ ਭੁਲੱਥ ਦੀ ਸੱਜੀ ਲੱਤ ‘ਤੇ ਪੱਟ ਨਾਲ ਖਹਿ ਕੇ ਲੰਘ ਗਈ।
ਸਬ ਡਿਵੀਜ਼ਨ ਹਸਪਤਾਲ ਭੁਲੱਥ ਵਿਚ ਜ਼ੇਰੇ ਇਲਾਜ ਕੌਂਸਲਰ ਕੁਲਦੀਪ ਸਿੰਘ ਨੇ ਦੱਸਿਆ ਕਿ ਸ਼ਾਮ ਦੇ ਸਵਾ ਪੰਜ ਵਜੇ ਮੈਂ ਕਮਰਾਏ ਅੱਡੇ ‘ਤੇ ਆਪਣੀ ਦੁਕਾਨ ‘ਤੇ ਮੌਜੂਦ ਸੀ ਕਿ ਇਸ ਦੌਰਾਨ ਤਿੰਨ ਮੋਟਰਸਾਈਕਲਾਂ ‘ਤੇ ਕਰੀਬ ਛੇ ਨੌਜਵਾਨ ਆਏ। ਜਿਨ੍ਹਾਂ ਮੈਨੂੰ ਪੁੱਛਿਆ ਕਿ ਪੈਸੇ ਕਿਵੇਂ ਆਉਂਦੇ ਹਨ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਬਾਹਰੋਂ ਵਿਦੇਸ਼ ਤੋਂ ਨੰਬਰ ਲਓ, ਜਿਸ ਰਾਹੀਂ ਅਸੀਂ ਇਥੇ ਪੇਮੈਂਟ ਕਰਦੇ ਹਾਂ। ਇੰਨੀ ਗੱਲ ਕਰਦਿਆਂ ਮੈਨੂੰ ਸ਼ੱਕ ਪਿਆ ਤਾਂ ਮੈਂ ਇਕ ਨੌਜਵਾਨ ਨੂੰ ਫੜਿਆ ਤਾਂ ਉਸ ਨੇ ਦੂਜੇ ਨੂੰ ਕਿਹਾ ਕਿ ਇਸ ਨੂੰ ਗੋਲ਼ੀ ਮਾਰ ਤਾਂ ਦੂਜੇ ਨੌਜਵਾਨ ਨੇ ਪਿਸਤੌਲ ਕੱਢ ਕੇ ਫਾਇਰ ਕੀਤਾ। ਮੈਂ ਆਪਣੇ ਬਚਾਅ ਲਈ ਪਿਸਤੌਲ ਨੂੰ ਹੱਥ ਮਾਰਿਆ ਤਾਂ ਗੋਲ਼ੀ ਮੇਰੀ ਲੱਤ ਉੱਤੇ ਪੱਟ ਨੂੰ ਛੋਹ ਕੇ ਲੰਘ ਗਈ।

ਇਸੇ ਦੌਰਾਨ ਰੌਲਾ ਪੈਣ ਕਰਕੇ ਇਹ ਨੌਜਵਾਨ ਫਰਾਰ ਹੋ ਗਏ ਅਤੇ ਜਲਦਬਾਜ਼ੀ ਵਿਚ ਇਨ੍ਹਾਂ ਦਾ ਇਕ ਮੋਟਰਸਾਈਕਲ ਮੌਕੇ ‘ਤੇ ਹੀ ਰਹਿ ਗਿਆ। ਦੂਜੇ ਪਾਸੇ ਮੌਕੇ ‘ਤੇ ਜ਼ਿਲ੍ਹਾ ਕਪੂਰਥਲਾ ਦੇ ਐੱਸ. ਪੀ. (ਡੀ) ਵਿਸ਼ਾਲਜੀਤ ਸਿੰਘ, ਐੱਸ. ਪੀ. ਰਮਨੀਸ਼ ਚੌਧਰੀ, ਐੱਸ. ਐੱਚ. ਓ. ਭੁਲੱਥ ਜਸਬੀਰ ਸਿੰਘ, ਇੰਚਾਰਜ ਸੀ. ਆਈ. ਏ. ਇੰਸਪੈਕਟਰ ਬਲਵਿੰਦਰ ਸਿੰਘ, ਐੱਸ. ਐੱਚ. ਓ. ਬੇਗੋਵਾਲ ਗਗਨਦੀਪ ਸਿੰਘ ਅਤੇ ਸਬ ਇੰਸਪੈਕਟਰ ਰਮਨ ਕੁਮਾਰ ਵੱਡੀ ਗਿਣਤੀ ਵਿਚ ਪੁਲਸ ਫੋਰਸ ਨਾਲ ਮੌਕੇ ‘ਤੇ ਪਹੁੰਚੇ।

ਗੱਲਬਾਤ ਕਰਦਿਆਂ ਐੱਸ. ਪੀ. (ਡੀ) ਵਿਸ਼ਾਲਜੀਤ ਸਿੰਘ ਨੇ ਗੋਲ਼ੀ ਚੱਲਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਦਾ ਮੋਟਰਸਾਈਕਲ ਜੋ ਇਥੇ ਰਹਿ ਗਿਆ ਸੀ, ਉਹ ਪੁਲਸ ਨੇ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਇਹ ਛੇ ਨੌਜਵਾਨ ਸਨ, ਜਿਨ੍ਹਾਂ ਨੂੰ ਫੜਨ ਲਈ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਅਤੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *