ਮਿਆਂਮਾਰ ਤੋਂ ਵਾਪਸ ਭੇਜੇ 510 ਭਾਰਤੀਆਂ ’ਚ 49 ਪੰਜਾਬੀ

ਜਗਰਾਉਂ, ਮਿਆਂਮਾਰ ਵੱਲੋਂ ਵਾਪਸ ਭੇਜੇ ਭਾਰਤੀਆਂ ਵਿੱਚ ਕਈ ਪੰਜਾਬੀ ਹਨ। ਇਨ੍ਹਾਂ ਭਾਰਤੀਆਂ ਨੂੰ ਲੈ ਕੇ ਦੋ ਉਡਾਣਾਂ ਦਿੱਲੀ ਏਅਰਪੋਰਟ ’ਤੇ ਉੱਤਰੀਆਂ ਹਨ। ਪੰਜਾਬ ਨਾਲ ਸਬੰਧਤ ਵਿਅਕਤੀਆਂ ਨੂੰ ਲੈਣ ਲਈ ਪੰਜਾਬ ਪੁਲੀਸ ਦੀ ਵਿਸ਼ੇਸ਼ ਟੀਮ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚੀ। ਇਹ ਸਾਰੇ 510 ਭਾਰਤੀ ਦੋ ਉਡਾਣਾਂ ਰਾਹੀਂ ਵਾਪਸ ਭਾਰਤ ਭੇਜੇ ਗਏ ਹਨ। ਇਨ੍ਹਾਂ ਵਿੱਚ 49 ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲੀਸ ਦੀ ਡਿਊਟੀ ਲੱਗੀ ਸੀ, ਜਿਨ੍ਹਾਂ ਵਿੱਚ ਕੁਝ ਮੁਲਾਜ਼ਮ ਪੁਲੀਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਨਾਲ ਸਬੰਧਤ ਹਨ। ਮਿਆਂਮਾਰ ਤੋਂ ਵਾਪਸ ਭੇਜੇ ਇਨ੍ਹਾਂ ਭਾਰਤੀਆਂ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਨਾਲ ਸਬੰਧਤ ਵਿਅਕਤੀ ਹਨ, ਜਿਨ੍ਹਾਂ ਵਿੱਚ ਪੰਜ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਹਨ। ਸਾਰੇ ਪੰਜਾਬੀਆਂ ਨੂੰ ਫ਼ਤਹਿਗੜ੍ਹ ਸਾਹਿਬ ਦੀ ਪੁਲੀਸ ਲਾਈਨ ਵਿੱਚ ਇਕੱਠੇ ਰੱਖਿਆ ਗਿਆ। ਇੱਥੇ ਸਾਰਿਆਂ ਦਾ ਪਹਿਲਾਂ ਅਪਰਾਧਿਕ ਰਿਕਾਰਡ ਚੈੱਕ ਹੋਇਆ ਅਤੇ ਇਨ੍ਹਾਂ ਦਾ ਪਿਛੋਕੜ ਕਿਸੇ ਅਪਰਾਧਿਕ ਗਤੀਵਿਧੀਆਂ ਨਾਲ ਨਾ ਜੁੜਿਆ ਹੋਣ ’ਤੇ ਇਹ ਸਾਰੇ ਆਪੋ-ਆਪਣੇ ਜ਼ਿਲ੍ਹਿਆਂ ਨੂੰ ਭੇਜੇ ਗਏ ਹਨ। ਪੰਜਾਬ ਪੁਲੀਸ ਦੀਆਂ ਹੋਰਨਾਂ ਟੀਮਾਂ ਵਾਂਗ ਹੀ ਜਗਰਾਉਂ ਤੋਂ ਗਏ ਏਐੱਸਆਈ ਬਲਰਾਜ ਸਿੰਘ ਨੇ ਦੱਸਿਆ ਕਿ ਲੁਧਿਆਣਾ ਦਿਹਾਤੀ ਪੁਲੀਸ ਜ਼ਿਲ੍ਹੇ ਨਾਲ ਸਬੰਧਤ ਕੋਈ ਵੀ ਨੌਜਵਾਨ ਇਨ੍ਹਾਂ ਵਿੱਚ ਸ਼ਾਮਲ ਨਹੀਂ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਲੁਧਿਆਣਾ ਕਮਿਸ਼ਨਰੇਟ ਦੇ ਪੰਜ ਨੌਜਵਾਨ ਇਨ੍ਹਾਂ ਵਿੱਚ ਸ਼ਾਮਲ ਹਨ। ਮਿਆਂਮਾਰ ਤੋਂ ਵਾਪਸ ਭੇਜੇ ਪੰਜਾਬੀਆਂ ਵਿੱਚ ਜ਼ਿਆਦਾਤਰ ਅੰਮ੍ਰਿਤਸਰ, ਜਲੰਧਰ, ਕਪੂਰਥਲਾ ਤੇ ਤਰਨ ਤਾਰਨ ਨਾਲ ਸਬੰਧਤ ਹਨ। ਡੀਐੱਸਪੀ ਜਸਜਯੋਤ ਸਿੰਘ ਨੇ ਦੱਸਿਆ ਕਿ ਮਿਆਂਮਾਰ ਤੋਂ ਭੇਜੇ ਭਾਰਤੀਆਂ ਵਿੱਚ 49 ਪੰਜਾਬੀ ਹਨ। ਵੇਰਵਿਆਂ ਮੁਤਾਬਕ ਇਹ ਸਾਰੇ ਨੌਜਵਾਨ ਸਾਈਬਰ ਕ੍ਰਾਈਮ ਗਰੋਹ ਦਾ ਸ਼ਿਕਾਰ ਹੋਏ ਹਨ। ਇਨ੍ਹਾਂ ਨੂੰ ਟੈਲੀਗ੍ਰਾਮ ਤੇ ਸੋਸ਼ਲ ਮੀਡੀਆ ਦੇ ਹੋਰ ਸੰਚਾਰ ਸਾਧਨਾਂ ਰਾਹੀਂ ਵਧੀਆ ਤਨਖ਼ਾਹ ਵਾਲੀ ਨੌਕਰੀ ਦਾ ਝਾਂਸਾ ਦੇ ਕੇ ਬੈਂਕਾਕ ਸੱਦਿਆ ਗਿਆ ਸੀ।

Leave a Reply

Your email address will not be published. Required fields are marked *