ਚੰਡੀਗੜ੍ਹ, 5 ਅਗਸਤ (ਦਲਜੀਤ ਸਿੰਘ)-ਮੀਂਹ ਕਾਰਨ ਸੁਖਨਾ ਝੀਲ ਦੇ ਪਾਣੀ ਦੇ ਪੱਧਰ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਬੁੱਧਵਾਰ ਵੀ ਮੀਂਹ ਪੈਣ ਕਾਰਨ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਵੱਧ ਗਿਆ ਹੈ। ਪਾਣੀ ਦਾ ਪੱਧਰ ਹੁਣ 1161.60 ਫੁੱਟ ’ਤੇ ਪਹੁੰਚ ਗਿਆ ਹੈ। ਜੇਕਰ ਇਕ ਫੁੱਟ ਹੋਰ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਤਾਂ ਸੁਖਨਾ ਦੇ ਫਲੱਡ ਗੇਟ ਖੋਲ੍ਹਣ ਦੀ ਨੌਬਤ ਆ ਜਾਵੇਗੀ।
ਜੇਕਰ ਕੈਚਮੈਂਟ ਏਰੀਆ ਵਿਚ ਅੱਗੇ ਚੰਗਾ ਮੀਂਹ ਪੈ ਜਾਂਦਾ ਹੈ ਤਾਂ ਝੀਲ ਦੇ ਗੇਟ ਕਿਸੇ ਵੀ ਸਮੇਂ ਖੋਲ੍ਹਣੇ ਪੈ ਸਕਦੇ ਹਨ। ਇਹੀ ਕਾਰਨ ਹੈ ਕਿ ਝੀਲ ’ਤੇ ਅਧਿਕਾਰੀਆਂ ਦੀ ਨਿਯੁਕਤੀ ਦੇ ਨਾਲ ਹੀ ਹਰ ਘੰਟੇ ਬਾਅਦ ਪਾਣੀ ਦਾ ਪੱਧਰ ਵੱਧਣ ਦੀ ਜਾਣਕਾਰੀ ਲਈ ਜਾ ਰਹੀ ਹੈ।
ਪੰਜਾਬ ਨੂੰ ਕੀਤਾ ਜਾ ਚੁੱਕਾ ਹੈ ਅਲਰਟ
ਯੂ. ਟੀ. ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੁਖਨਾ ਝੀਲ ਦੇ ਵੱਧਦੇ ਪਾਣੀ ਦੇ ਪੱਧਰ ਕਾਰਨ ਝੀਲ ’ਤੇ ਵਿਭਾਗ ਦੇ ਕਰਮਚਾਰੀਆਂ ਦੀ ਪਹਿਲਾਂ ਹੀ ਨਿਯੁਕਤੀ ਕਰ ਦਿੱਤੀ ਗਈ ਹੈ। ਪੰਜਾਬ ਨੂੰ ਵੀ ਇਸ ਸਬੰਧੀ ਕਈ ਵਾਰ ਅਲਰਟ ਜਾਰੀ ਕੀਤਾ ਗਿਆ ਹੈ।
ਪਿਛਲੇ ਸਾਲ 23 ਅਗਸਤ ਨੂੰ ਭਾਰੀ ਮੀਂਹ ਪੈਣ ਕਾਰਨ ਸੁਖਨਾ ਝੀਲ ਵਿਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ’ਤੇ ਪਹੁੰਚ ਗਿਆ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਨੂੰ ਸੁਖਨਾ ਦੇ ਫਲੱਡ ਗੇਟ ਖੋਲ੍ਹਣੇ ਪਏ ਸਨ। ਇਸ ਤੋਂ 2 ਸਾਲ ਪਹਿਲਾਂ 24 ਸਤੰਬਰ, 2018 ਨੂੰ ਵੀ ਸੁਖਨਾ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਚਲਾ ਗਿਆ ਸੀ, ਜਿਸ ਤੋਂ ਬਾਅਦ ਝੀਲ ਦੇ ਦੋਵੇਂ ਗੇਟਾਂ ਨੂੰ ਖੋਲ੍ਹਣਾ ਪਿਆ ਸੀ।