ਜਲੰਧਰ- ਕੇਂਦਰ ਦੀ ਮੋਦੀ ਸਰਕਾਰ ਵਿਚ ਸ਼ਹਿਰੀ ਮਾਮਲਿਆਂ ਅਤੇ ਪੈਟਰੋਲਿੰਗ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਜਲੰਧਰ ਵਿਚ ਭਾਜਪਾ ਦੇ ਚੋਣ ਦਫ਼ਤਰ ਵਿਚ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਦੁਬਾਰਾ ਗਠਜੋੜ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਦੌਰਾਨ ਪੰਜਾਬ ਦੀਆਂ 117 ਸੀਟਾਂ ਵਿਚੋਂ ਭਾਜਪਾ ਸਿਰਫ਼ 23 ’ਤੇ ਚੋਣ ਲੜ ਕੇ ਜੂਨੀਅਰ ਪਾਰਟਨਰ ਵਜੋਂ ਕੰਮ ਕਰਦੀ ਰਹੀ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ। ਗਠਜੋੜ ਦੌਰਾਨ ਲਏ ਫ਼ੈਸਲੇ ਭਾਜਪਾ ਦੇ ਨਹੀਂ ਹੁੰਦੇ ਸਨ। ਹੁਣ ਭਾਜਪਾ ਸਭ ਦਾ ਸਾਥ, ਸਭ ਦਾ ਵਿਕਾਸ ਅਤੇ ਸਭ ਦਾ ਵਿਸ਼ਵਾਸ ਲੈ ਕੇ ਕੰਮ ਕਰ ਰਹੀ ਹੈ ਅਤੇ ਭਾਜਪਾ ਦਾ ਆਪਣਾ ਵਰਕਿੰਗ ਸਟਾਈਲ ਹੈ।
ਹਰਦੀਪ ਪੁਰੀ ਨੇ ਕਿਹਾ ਕਿ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਵਿਚ ਵੀ ਭਾਜਪਾ ਦੀ ਸਥਿਤੀ ਕਾਫ਼ੀ ਮਜ਼ਬੂਤ ਹੈ। ਮੇਰਾ ਮੰਨਣਾ ਹੈ ਕਿ ਇਹ ਜਿੱਤਣ ਵਾਲੀ ਲੜਾਈ ਹੈ। ਇਸ ਜ਼ਿਮਨੀ ਚੋਣ ਵਿਚ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਦਾ ਭਾਜਪਾ ਨੂੰ ਕਾਫੀ ਲਾਭ ਹੋਵੇਗਾ। ਇਸ ਮੌਕੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਸੂਬਾਈ ਬੁਲਾਰਾ ਅਨਿਲ ਸਰੀਨ, ਨੀਲਕੰਠ ਬਖਸ਼ੀ, ਸੂਬਾਈ ਮੀਡੀਆ ਇੰਚਾਰਜ ਜਨਾਰਦਨ ਸ਼ਰਮਾ, ਅਮਿਤ ਭਾਟੀਆ, ਤਰੁਣ ਕੁਮਾਰ ਆਦਿ ਮੌਜੂਦ ਸਨ।