ਪਟਿਆਲਾ- ਪੰਜਾਬੀ ਯੂਨੀਵਰਸਿਟੀ ਵਿਖੇ ਗ੍ਰਾਂਟ ਲੈਣ ਲਈ ਪਿਛਲੇ 38 ਦਿਨਾਂ ਤੋਂ ਚਲ ਰਿਹਾ ਵਿਸ਼ਾਲ ਧਰਨਾ ਬੀਤੇ ਦਿਨ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਖ਼ਤਮ ਹੋ ਗਿਆ ਹੈ। ਵਿਧਾਇਕ ਕੋਹਲੀ ਨੇ ਧਰਨੇ ’ਚ ਜਾ ਕੇ ਐਲਾਨ ਕੀਤਾ ਕਿ ਯੂਨੀਵਰਸਿਟੀ ਨੂੰ 30 ਕਰੋੜ ਰੁਪਏ ਪ੍ਰਤੀ ਮਹੀਨਾ ਗ੍ਰਾਂਟ ਮਿਲੇਗੀ ਤੇ ਬਾਕੀ ਸਮੱਸਿਆਵਾਂ ਨੂੰ ਵੀ ਮੀਟਿੰਗ ਕਰ ਕੇ ਹੱਲ ਕਰਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਹੋਰ ਵਰਗਾਂ ਨੇ ਅਜੀਤਪਾਲ ਕੋਹਲੀ ਦੀ ਪਟਿਆਲਾ ਸ਼ਹਿਰ ’ਚ ਸਥਿਤ ਕੋਠੀ ਦੇ ਘਿਰਾਓ ਦਾ ਐਲਾਨ ਕੀਤਾ ਪਰ ਅਜੀਤਪਾਲ ਨੇ ਆਪਣੀ ਰਾਜਸੀ ਸਿਆਣਪ ਤੇ ਸੂਝਬੂਝ ਦਿਖਾਉਂਦਿਆਂ ਲੰਘੀ ਰਾਤ ਤੋਂ ਹੀ ਵਿਦਿਆਰਥੀਆਂ ਨਾਲ, ਸੰਘਰਸ਼ ਮੋਰਚੇ ਦੇ ਨੇਤਾਵਾਂ ਨਾਲ ਮੀਟਿੰਗਾਂ ਕਰ ਕੇ ਇਸ ਨੂੰ ਹੱਲ ਕਰਵਾਇਆ। ਕੱਲ੍ਹ ਵਿਦਿਆਰਥੀਆਂ ਨੇ ਅਜੀਤਪਾਲ ਕੋਹਲੀ ਦੀ ਕੋਠੀ ਦਾ ਘਿਰਾਓ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਕੋਹਲੀ ਵਿਧਾਇਕ ਗੁਰਲਾਲ ਘਨੌਰ ਨੂੰ ਲੈ ਕੇ ਧਰਨੇ ’ਚ ਪੁੱਜੇ, ਜਿੱਥੇ ਉਨ੍ਹਾਂ ਉਕਤ ਐਲਾਨ ਕੀਤਾ।
ਇਸ ਦੌਰਾਨ ਅਜੀਤਪਾਲ ਕੋਹਲੀ ਅਤੇ ਗੁਰਲਾਲ ਘਨੌਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਬੀਜੇ ਕੰਡੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੁਕਣੇ ਪੈ ਰਹੇ ਹਨ। ਇਹ ਕੰਡੇ ਜਲਦੀ ਹੀ ਚੁੱਕ ਕੇ ਰਾਹ ਪੱਧਰਾ ਕਰ ਦਿੱਤਾ ਜਾਵੇਗਾ। ਯੂਨੀਵਰਸਿਟੀ ’ਚ ਕਿਸੇ ਵਿਦਿਆਰਥੀ ਜਾਂ ਸਟਾਫ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੌਰਾਨ ਵਿਧਾਇਕਾਂ ਨੇ ਕਿਹਾ ਕਿ ਇਹ ਅਦਾਰਾ ਮਾਲਵੇ ਦਾ ਸਭ ਤੋਂ ਵੱਡਾ ਅਤੇ ਉੱਚ ਵਿੱਦਿਆਦਾਨ ਕਰਨ ਵਾਲਾ ਅਦਾਰਾ ਹੈ। ਇਸ ਅਦਾਰੇ ਦਾ ਜੋ ਪਿਛਲੀਆਂ ਸਰਕਾਰਾਂ ਨੇ ਹਾਲ ਕੀਤਾ, ਉਸ ਤੋਂ ਸਮੁੱਚੀ ਸਰਕਾਰ ਜਾਣੂ ਅਤੇ ਚਿੰਤਤ ਹੈ। ਇਸ ਲਈ ਇਸ ਚਿੰਤਾ ਨੂੰ ਦੂਰ ਕਰਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆਂ ਸਦਕਾ ਯੂਨੀਵਰਸਿਟੀ ਦੇ ਵਿੱਤੀ ਸੰਕਟ ’ਚ ਵੱਡਾ ਬਦਲਾਅ ਵੇਖਣ ਨੂੰ ਮਿਲੇਗਾ।
ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਧਰਨਾਕਾਰੀ ਆਗੂਆਂ ਦੀ ਗੱਲ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ. ਐੱਸ. ਡੀ. ਓਂਕਾਰ ਸਿੰਘ ਨਾਲ ਕਰਵਾ ਕੇ ਜਲਦੀ ਮੀਟਿੰਗ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਨੂੰ 30 ਕਰੋੜ ਪ੍ਰਤੀ ਮਹੀਨੇ ਦੀ ਕਿਸ਼ਤ ਦੇਣ ਦਾ ਭਰੋਸਾ ਵੀ ਦਿੱਤਾ। ਇਨ੍ਹਾਂ ਵਿਧਾਇਕਾਂ ਨਾਲ ਮੋਰਚੇ ਦੀ ਤਾਲਮੇਲ ਕਮੇਟੀ ਨੇ ਮੰਗਾਂ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਦੇ ਮੇਨ ਗੈਸਟ ਹਾਊਸ ਵਿਖੇ ਵਿਸਥਾਰਪੂਰਵਕ ਮੀਟਿੰਗ ਕੀਤੀ ਗਈ। ਇਸ ਦੌਰਾਨ ਮੋਰਚੇ ’ਚ ਵਿਦਿਆਰਥੀਆਂ, ਅਧਿਆਪਕ ਅਤੇ ਮੁਲਾਜ਼ਮਾਂ ਵੱਲੋਂ ਸ਼ਿਰਕਤ ਕੀਤੀ ਗਈ।