ਬਠਿੰਡਾ- ਬਠਿੰਡਾ ਮਿਲਟਰੀ ਸਟੇਸ਼ਨ ਗੋਲ਼ੀਬਾਰੀ ਮਾਮਲੇ ‘ਚ ਹੋਈ 4 ਜਵਾਨਾਂ ਦੀ ਹੋਈ ਮੌਤ ਦੇ ਮਾਮਲੇ ’ਚ ਫੌਜ ਦੇ ਅਧਿਕਾਰੀਆਂ ਦੀ ਉੱਚ ਪੱਧਰੀ ਟੀਮ ਬਠਿੰਡਾ ਮਿਲਟਰੀ ਸਟੇਸ਼ਨ ’ਤੇ ਪਹੁੰਚੀ ਅਤੇ ਉਨ੍ਹਾਂ ਵੱਲੋਂ ਸਾਰੇ ਪਹਿਲੂਆਂ ’ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਇਸ ਘਟਨਾ ਤੋਂ ਦੂਸਰੇ ਦਿਨ ਵੀ ਛਾਉਣੀ ਦਾ ਕੰਮ ਪੂਰੀ ਤਰ੍ਹਾ ਠੱਪ ਰਿਹਾ। ਹੁਣ ਤੱਕ ਵੀ ਗੇਟ ਨਹੀਂ ਖੁੱਲ੍ਹੇ ਗਏ ਅਤੇ ਨਾ ਕਿਸੇ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਕੂਲਾਂ, ਬੈਂਕਾਂ, ਸਿਵਲ ਅਤੇ ਹੋਰਨਾਂ ਨਾਲ ਸਬੰਧਤ ਸਾਰੀਆਂ ਕੰਪਨੀਆਂ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਫ਼ੌਜ ਦੇ ਸਰਚ ਆਪ੍ਰੇਸ਼ਨ ਦੌਰਾਨ ਬੁੱਧਵਾਰ ਸ਼ਾਮ ਨੂੰ ਛਾਉਣੀ ਦੇ ਜੰਗਲਾਂ ’ਚੋਂ ਚੋਰੀ ਹੋਈ ਇੰਸਾਸ ਰਾਈਫਲ ਬਰਾਮਦ ਹੋਈ ਸੀ, ਜਿਸ ਨੂੰ ਅਗਲੇਰੀ ਜਾਂਚ ਲਈ ਲੈਬ ’ਚ ਭੇਜ ਦਿੱਤਾ ਗਿਆ ਹੈ ਪਰ ਇਹ ਸਪੱਸ਼ਟ ਨਹੀਂ ਹੈ ਕਿ ਉਕਤ ਕਤਲ ਚੋਰੀ ਦੀ ਰਾਈਫਲ ਨਾਲ ਕੀਤੇ ਗਏ ਸੀ ਜਾਂ ਕਿਸੇ ਹੋਰ ਆਧੁਨਿਕ ਹਥਿਆਰ ਨਾਲ।
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਬਠਿੰਡਾ ਦੇ ਮਿਲਟਰੀ ਸਟੇਸ਼ਨ ਵਿੱਚ ਤੜਕੇ ਲਗਭਗ 4.35 ਦੇ ਕਰੀਬ ਫਾਇਰਿੰਗ ਹੋਈ ਸੀ, ਜਿਸ ਵਿੱਚ 4 ਲੋਕਾਂ ਦੀ ਮੌਤ ਹੋਈ ਸੀ। ਦੱਸ ਦੇਈਏ ਕਿ ਪੰਜਾਬ ਪੁਲਸ ਸੂਤਰਾਂ ਮੁਤਾਬਕ ਘਟਨਾ ਤੋਂ ਦੋ ਦਿਨ ਪਹਿਲਾਂ ਇਕ INSAS ਰਾਈਫਲ ਅਤੇ 28 ਗੋਲ਼ੀਆਂ ਵੀ ਗਾਇਬ ਹੋਈਆਂ ਸਨ। ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਬਠਿੰਡਾ ਦੇ ਐੱਸ. ਐੱਸ. ਪੀ. ਗੁਲਨੀਤ ਖ਼ੁਰਾਣਾ ਨੇ ਖ਼ੁਲਾਸਾ ਕੀਤਾ ਸੀ ਕਿ ਇਹ ਘਟਨਾ ਕਿਸੇ ਅੱਤਵਾਦੀ ਐਂਗਲ ਨਾਲ ਸਬੰਧਤ ਨਹੀਂ ਹੈ ਅਤੇ ਜਾਂਚ ਦੇ ਮੁਤਾਬਕ ਇਹ ਫ਼ੌਜ ਦਾ ਅੰਦਰੂਨੀ ਮਾਮਲਾ ਜਾਪਦਾ ਹੈ। ਜਿਸ ਤੋਂ ਬਾਅਦ ਫਿਰ ਅਗਲੇਰੀ ਕਾਰਵਾਈ ਕਰਦਿਆਂ ਬਠਿੰਡਾ ਦੇ SP(D) ਨੇ ਦੱਸਿਆ ਸੀ ਕਿ ਇਸ ਵਾਰਦਾਤ ਨੂੰ 2 ਵਿਅਕਤੀਆਂ ਵੱਲੋਂ ਅੰਜਾਮ ਦਿੱਤਾ ਗਿਆ ਹੈ ਅਤੇ ਪੁਲਸ ਨੂੰ ਘਟਨਾ ਵਾਲੀ ਥਾਂ ਤੋਂ INSAS ਰਾਈਫ਼ਲ ਦੇ 19 ਖਾਲੀ ਖੋਲ ਬਰਾਮਦ ਹੋਏ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨ ਬਠਿੰਡਾ ਮਿਲਟਰੀ ਸਟੇਸ਼ਨ ‘ਚ ਮੁੜ ਤੋਂ ਗੋਲ਼ੀ ਚੱਲੀ ਸੀ, ਜਿਸ ਵਿੱਚ ਇਕ ਜਵਾਨ ਦੀ ਮੌਤ ਹੋ ਗਈ ਸੀ। ਫਿਲਹਾਲ ਪੁਲਸ ਵੱਲੋਂ ਗੰਭੀਰਤਾ ਨਾਲ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।