ਜਲੰਧਰ, 14 ਸਤੰਬਰ (ਦਲਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਵਲੋਂ ਅੱਜ ਪੱਤਰਕਾਰਾਂ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕੀਤੀ ਗਈ। ਇਸ ਦੌਰਾਨ ਮਾਨ ਨੇ 10 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾ ਕਰਾਉਣ ਦੇ ਵਿਰੋਧ ਵਿੱਚ 18 ਸਤੰਬਰ ਨੂੰ ਅੰਮ੍ਰਿਤਸਰ ਵਿੱਚ ਕਾਨਫ਼ਰੰਸ ਕਰਨ ਦਾ ਐਲਾਨ ਕੀਤਾ ਹੈ। ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਐੱਸ.ਜੀ.ਪੀ.ਸੀ. ਦੀ ਜਰਨਲ ਚੋਣ 2011 ਵਿੱਚ ਹੋਈ ਸੀ। ਇੰਡੀਅਨ ਵਿਧਾਨ ਅਤੇ ਕਾਨੂੰਨ ਅਨੁਸਾਰ 2016 ਵਿੱਚ ਮਿਆਦ ਖ਼ਤਮ ਹੋਣ ਉਪਰੰਤ ਇਸਦੀ ਚੋਣ ਹੋਣੀ ਜ਼ਰੂਰੀ ਸੀ, ਜੋ ਨਹੀਂ ਕਰਵਾਈ ਗਈ।
ਉਨ੍ਹਾਂ ਨੇ ਕਿਹਾ ਕਿ ਫਿਰ ਦੂਸਰੀ ਵਾਰ ਇਸ ਐੱਸ.ਜੀ.ਪੀ.ਸੀ. ਦੀ ਮਿਆਦ ਸਤੰਬਰ 2021 ਵਿੱਚ ਖ਼ਤਮ ਹੋਣ ਜਾ ਰਹੀ ਹੈ, ਕਹਿਣ ਤੋਂ ਭਾਵ ਹੈ ਕਿ ਬੀਤੇ 10 ਸਾਲਾਂ ਤੋਂ (ਦੋ ਟਰਮਾਂ) ਚੋਣਾਂ ਨਾ ਕਰਵਾਕੇ ਇਸ ਸੰਸਥਾਂ ਉਤੇ ਪ੍ਰਬੰਧ ਨੂੰ ਚਲਾਉਣ ਲਈ ਸਿੱਖ ਕੌਮ ਤੋਂ ਫਤਵਾ ਨਾ ਲੈਕੇ ਜਬਰੀ ਗੈਰ ਕਾਨੂੰਨੀ ਅਤੇ ਗੈਰ ਵਿਧਾਨਿਕ ਤਰੀਕੇ ਸੈਂਟਰ ਦੀ ਸਰਕਾਰ ਦੀ ਸਹਾਇਤਾ ਨਾਲ ਚਲਾਉਦੇ ਆ ਰਹੇ ਹਨ। ਇਸ ਨੂੰ ਸਿੱਖ ਕੌਮ ਦੀ ਕੋਈ ਕਾਨੂੰਨੀ ਮਾਨਤਾ ਪ੍ਰਾਪਤ ਨਹੀਂ ਅਤੇ ਨਾ ਹੀ ਇਸਦੇ ਪ੍ਰਧਾਨ, ਐੱਸ.ਜੀ.ਪੀ.ਸੀ. ਮੈਬਰ ਅਤੇ ਮੌਜੂਦਾ ਜਥੇਦਾਰ ਸਾਹਿਬਾਨ ਨੂੰ ਕੋਈ ਹੱਕ ਹੈ ਕਿ ਉਹ ਸਿੱਖ ਕੌਮ ’ਤੇ ਜ਼ਬਰੀ ਹੁਕਮ ਲਾਗੂ ਕਰਨ ਅਤੇ ਇਸ ਸੰਸਥਾਂ ਦੇ ਪ੍ਰਬੰਧ ਨੂੰ ਸਿੱਖ ਕੌਮ ਦੀ ਰਾਏ ਦੇ ਵਿਰੁੱਧ ਜ਼ਬਰੀ ਚਲਾਉਣ ।
ਮਾਨ ਨੇ ਕਿਹਾ ਕਿ ਇਸ ਲਈ ਅਸੀਂ 18 ਸਤੰਬਰ 2021 ਨੂੰ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਖ਼ਾਲਸਾ ਪੰਥ ਦਾ ਇਕੱਠ ਰੱਖਿਆ ਹੈ ਤਾਂ ਕਿ ਉਸ ਦਿਨ ਇਨ੍ਹਾਂ ਨੂੰ ਗੈਰ ਕਾਨੂੰਨੀ ਕਰਾਰ ਦੇ ਕੇ ਇਨ੍ਹਾਂ ਦੇ ਕਿਸੇ ਤਰ੍ਹਾਂ ਦੇ ਹੁਕਮ ਮੰਨਣ ਜਾਂ ਐੱਸ.ਜੀ.ਪੀ.ਸੀ. ਸੰਸਥਾਂ ਦੇ ਪ੍ਰਬੰਧ ਨੂੰ ਮਾਨਤਾ ਨਾ ਦੇਣ ਲਈ ਚੁਣੋਤੀ ਦਿੱਤੀ ਜਾ ਸਕੇ ।” ਮਾਨ ਨੇ ਕਿਹਾ ਕਿ SGPC ਦੀਆਂ ਹੋਣ ਵਾਲੀਆਂ ਚੋਣਾਂ ’ਚ ਵੋਟ ਪਾਉਣ ਵਾਲੇ ਉਮੀਦਵਾਰ ਦੀ ਉਮਰ 21 ਸਾਲ ਰੱਖੀ ਗਈ ਹੈ, ਜਦਕਿ ਦੇਸ਼ ’ਚ 18 ਸਾਲ ਦੇ ਵਿਅਕਤੀ ਨੂੰ ਵੋਟ ਪਾਉਣ ਦਾ ਅਧਿਕਾਰੀ ਹੈ। ਮਾਨ ਨੇ ਕਿਹਾ ਕਿ ਜੇਕਰ ਦੇਸ਼ ਦੀ ਪਰਲੀਮੈਂਟ ਦਾ ਕੋਈ ਮੈਂਬਰ ਮਰ ਜਾਂਦਾ ਹੈ ਤਾਂ 6 ਮਹੀਨੇ ਬਾਅਦ ਜ਼ਿਮਨੀ ਚੋਣ ਹੁੰਦੀ ਹੈ। ਦੂਜੇ ਪਾਸੇ ਜੇਕਰ ਸ਼੍ਰੋਮਣੀ ਕਮੇਟੀ ਦਾ ਕੋਈ ਮੈਂਬਰ ਮਰ ਜਾਵੇ ਤਾਂ 10 ਸਾਲ ਬਾਅਦ ਵੀ ਜ਼ਿਮਨੀ ਚੋਣਾਂ ਨਹੀਂ ਹੁੰਦੀਆਂ। ਮਾਨ ਨੇ ਕਿਹਾ ਕਿ ਐੱਸ.ਜੀ.ਪੀ.ਸੀ. ਦੇ ਅਧੀਨ ਪ੍ਰਕਾਸ਼ਿਤ ਹੋਣ ਵਾਲੇ ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ 5-6 ਸਾਲ ਪਹਿਲੇ ਅਧਿਕਾਰੀਆਂ ਵੱਲੋਂ ਕਿਸੇ ਡੂੰਘੀ ਸਾਜ਼ਿਸ਼ ਤਹਿਤ ਅਲੋਪ ਕਰ ਦਿੱਤੇ ਗਏ ਸਨ । ਇਸ ਦੀ ਕੋਈ ਪੁਲਸ ਸ਼ਿਕਾਇਤ ਨਹੀਂ ਕੀਤੀ ਗਈ।