ਬਠਿੰਡਾ ਮਿਲਟਰੀ ਸਟੇਸ਼ਨ ਗੋਲ਼ੀਬਾਰੀ ਮਾਮਲੇ ‘ਤੇ ਭਾਰਤੀ ਫ਼ੌਜ ਦਾ ਬਿਆਨ ਆਇਆ ਸਾਹਮਣੇ


ਨਵੀਂ ਦਿੱਲੀ/ਬਠਿੰਡਾ : ਬਠਿੰਡਾ ਮਿਲਟਰੀ ਸਟੇਸ਼ਨ ‘ਤੇ ਹੋਈ ਗੋਲ਼ੀਬਾਰੀ ਦੀ ਘਟਨਾ ਸਬੰਧੀ ਭਾਰਤੀ ਫ਼ੌਜ ਦਾ ਬਿਆਨ ਸਾਹਮਣੇ ਆਇਆ ਹੈ। ਇਸ ਸਬੰਧੀ ਭਾਰਤੀ ਫ਼ੌਜ ਵੱਲੋਂ ਕਿਹਾ ਗਿਆ ਹੈ ਕਿ ਬਠਿੰਡਾ ਮਿਲਟਰੀ ਸਟੇਸ਼ਨ ‘ਤੇ ਗੋਲ਼ੀਬਾਰੀ ਦੀ ਘਟਨਾ ਦੌਰਾਨ ਤੋਪਖਾਨਾ ਯੂਨਿਟ ਦੇ ਚਾਰ ਫ਼ੌਜੀ ਜਵਾਨਾਂ ਨੇ ਦਮ ਤੋੜ ਦਿੱਤਾ ਹੈ। ਫਿਲਹਾਲ ਕਿਸੇ ਹੋਰ ਕਰਮਚਾਰੀ ਨੂੰ ਕੋਈ ਸੱਟ ਦਾ ਜਾਂ ਕਿਸੇ ਤਰ੍ਹਾਂ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਣ ਸਬੰਧੀ ਕੁਝ ਵੀ ਰਿਪੋਰਟ ਨਹੀਂ ਕੀਤਾ ਗਿਆ ਹੈ। ਗੋਲ਼ੀਬਾਰੀ ਦੀ ਇਸ ਘਟਨਾ ਤੋਂ ਬਾਅਦ ਬਠਿੰਡਾ ਛਾਉਣੀ ਦੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਭਾਰਤੀ ਫ਼ੌਜ ਅਤੇ ਪੰਜਾਬ ਪੁਲਸ ਵੱਲੋਂ ਸਾਂਝੀ ਜਾਂਚ ਕੀਤੀ ਜਾ ਰਹੀ ਹੈ। ਭਾਰਤੀ ਫ਼ੌਜ ਨੇ ਆਪਣੇ ਬਿਆਨ ‘ਚ ਇਹ ਵੀ ਦੱਸਿਆ ਕਿ ਦੋ ਦਿਨ ਪਹਿਲਾਂ ਗਾਇਬ ਹੋਈ ਰਾਇਫ਼ਲ ਅਤੇ 28 ਕਾਰਤੂਸ ਦੇ ਮਾਮਲੇ ਸਮੇਤ ਸਾਰੇ ਪਹਿਲੂਆਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਸ ਸਬੰਧੀ ਗੱਲ ਇਕ ਨਿੱਜੀ ਚੈਨਲ ਨਾਲ ਗੱਲ ਕਰਦਿਆਂ ਰੱਖਿਆ ਮਾਹਰ ਪ੍ਰਫੁਲ ਬਖ਼ਸ਼ੀ ਨੇ ਕਿਹਾ ਕਿ ਜੋ ਘਟਨਾ ਵਾਪਰੀ ਹੈ ਇਸ ਨੂੰ ਸੁਣ ਕੇ ਬਹੁਤ ਦੁੱਖ ਹੋਇਆ ਪਰ ਇਹ ਗੋਲ਼ੀਬਾਰੀ ਕਿਉਂ ਹੋਈ ਤੇ ਇਸ ਦਾ ਕੀ ਕਾਰਣ ਹੈ, ਉਸ ਦੇ ਬਾਰੇ ਤਾਂ ਜਾਂਚ ਕਰਨ ‘ਤੇ ਹੀ ਪਤਾ ਲੱਗੇਗਾ। ਉਨ੍ਹਾਂ ਆਖਿਆ ਕਿ ਜਿਵੇਂ ਕਿਹਾ ਜਾ ਰਿਹਾ ਹੈ ਕਿ ਇਹ ਅੰਦਰ ਦਾ ਮਾਮਲਾ ਹੈ, ਰਾਈਫ਼ਲ ਅਤੇ ਰਾਉਂਡ ਗਾਇਬ ਸਨ, ਦੇ ਮਾਮਲੇ ਬਾਰੇ ਗੰਭੀਰਤਾ ਨਾਲ ਜਾਂਚ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਕਿਉਂਕਿ ਜਦੋਂ ਕੋਈ ਪਹਿਲਾਂ ਹੀ ਅਜਿਹੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਇਹ ਪਤਾ ਲੱਗਦਾ ਹੈ ਕਿ ਕੁਝ ਲੁਕਾਇਆ ਜਾ ਰਿਹਾ ਹੈ। ਇਹ ਬਹੁਤ ਗੰਭੀਰ ਮਾਮਲਾ ਹੈ ਤੇ ਇਸ ਦੀ ਸਖ਼ਤੀ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਅੰਦਰੂਨੀ ਮਾਮਲਾ ਹੈ ਜਾਂ ਕਿਸੇ ਬਾਹਰੀ ਵਿਅਕਤੀ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਬਠਿੰਡਾ ਦੇ ਮਿਲਟਰੀ ਸਟੇਸ਼ਨ ਵਿਚ ਅੱਜ ਤੜਕੇ ਲਗਭਗ 4.35 ਵਜੇ ਹੋਈ ਫਾਇਰਿੰਗ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਫਾਇਰਿੰਗ ਕਿਸ ਵਲੋਂ ਕੀਤੀ ਗਈ ਹੈ, ਫਿਲਹਾਲ ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਪੁਲਸ ਅਤੇ ਫੌਜ ਵਲੋਂ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ ਅਤੇ ਲੋਕਾਂ ਦੇ ਆਉਣ ਜਾਣ ’ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਫੌਜ ਨੇ ਵੀ ਇਸ ਘਟਨਾ ਨੂੰ ਅੱਤਵਾਦੀ ਹਮਲੇ ਤੋਂ ਇਨਕਾਰ ਕੀਤਾ ਹੈ। ਪੰਜਾਬ ਪੁਲਸ ਸੂਤਰਾਂ ਮੁਤਾਬਕ ਦੋ ਦਿਨ ਪਹਿਲਾਂ ਇਕ ਰਾਇਫਲ ਅਤੇ 28 ਗੋਲ਼ੀਆਂ ਵੀ ਗਾਇਬ ਹੋਈਆਂ ਸਨ। ਇਸ ਘਟਨਾ ਦੇ ਪਿੱਛੇ ਆਰਮੀ ਦਾ ਹੀ ਕੋਈ ਵਿਅਕਤੀ ਹੋ ਸਕਦਾ ਹੈ। ਜਿਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਅਤੇ ਫੌਜ ਵਲੋਂ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ।

Leave a Reply

Your email address will not be published. Required fields are marked *