9 ਅਪ੍ਰੈਲ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ‘ਗੁਰੂ ਕ੍ਰਿਪਾ ਯਾਤਰਾ’ ਟ੍ਰੇਨ, ਇਨ੍ਹਾਂ ਤਖ਼ਤਾਂ ਦੇ ਹੋ ਸਕਣਗੇ ਦਰਸ਼ਨ


ਅੰਮ੍ਰਿਤਸਰ- ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਸਰਕਾਰ ਦੇ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੇ ਸੰਕਲਪ ਨੂੰ ਅੱਗੇ ਵਧਾਉਣ ਲਈ ਭਾਰਤੀ ਰੇਲਵੇ ਵੱਲੋਂ ਪਵਿੱਤਰ ਸ਼ਹਿਰ ਅੰਮ੍ਰਿਤਸਰ ਤੋਂ ‘ਗੁਰੂ ਕ੍ਰਿਪਾ ਯਾਤਰਾ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪਹਿਲੀ ਵਾਰ ਸਿੱਖ ਧਰਮ ਦੇ ਦੋ ਅਹਿਮ ਤਖ਼ਤਾਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਨੂੰ ਜੋੜਨ ਲਈ ਟੂਰਿਸਟ ਟਰੇਨ ਚਲਾਈ ਜਾ ਰਹੀ ਹੈ। ਇਸ ਯਾਤਰਾ ਦੌਰਾਨ ਬਿਦਰ ਦੇ ਪਵਿੱਤਰ ਗੁਰਦੁਆਰਾ ਸ੍ਰੀ ਗੁਰੂ ਨਾਨਕ ਝੀਰਾ ਸਾਹਿਬ ਨੂੰ ਵੀ ਨਤਮਸਤਕ ਕੀਤਾ ਜਾਵੇਗਾ। ਇਹ ਵਿਸ਼ੇਸ਼ ਰੇਲਗੱਡੀ ‘ਗੁਰੂ ਕ੍ਰਿਪਾ ਯਾਤਰਾ’ ਭਾਰਤ ਗੌਰਵ ਟੂਰਿਸਟ ਟਰੇਨ ਅਗਲੇ 7 ਦਿਨਾਂ ਲਈ 9 ਅਪ੍ਰੈਲ ਨੂੰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ।

ਇਸ ਟਰੇਨ ਵਿਚ ਕੁੱਲ 09 ਸਲੀਪਰ ਕਲਾਸ ਕੋਚ ਅਤੇ ਥਰਡ ਏ. ਸੀ. ਅਤੇ ਸੈਕਿੰਡ ਏਸੀ ਦੇ 1-1 ਕੋਚ ਹੋਣਗੇ। ਇਸ ਟਰੇਨ ’ਚ ਕੁੱਲ 600 ਲੋਕ ਸਫ਼ਰ ਕਰ ਸਕਣਗੇ। ਇਸ ਯਾਤਰਾ ਦੌਰਾਨ ਟਰੇਨ ਕੁੱਲ 5100 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਇਸ ਟੂਰਿਸਟ ਟਰੇਨ ਵਿੱਚ ਪੈਂਟਰੀ ਕੋਚ ਦੀ ਸਹੂਲਤ ਹੋਵੇਗੀ, ਜੋ ਸੈਲਾਨੀਆਂ ਨੂੰ ਸਿਰਫ਼ ਸ਼ਾਕਾਹਾਰੀ ਭੋਜਨ ਹੀ ਪਰੋਸੇਗਾ। ਇਸ ਦੇ ਨਾਲ ਹੀ ਇਨਫੋਟੇਨਮੈਂਟ ਸਿਸਟਮ, ਸੀ. ਸੀ. ਟੀ. ਵੀ ਕੈਮਰੇ ਨਾਲ ਲੈਸ, ਸਕਿਓਰਿਟੀ ਸਿਸਟਮ ਵੀ ਨੌ ਬਾਈ ਨੌ ਹੋਵੇਗਾ। ਖਾਸ ਗੱਲ ਇਹ ਹੈ ਕਿ ਯਾਤਰੀ ਇਸ ਸਪੈਸ਼ਲ ਟਰੇਨ ’ਚ ਅੰਮ੍ਰਿਤਸਰ, ਬਿਆਸ, ਜਲੰਧਰ ਕੈਂਟ, ਲੁਧਿਆਣਾ, ਨਿਊ ਮੋਰਿੰਡਾ, ਚੰਡੀਗੜ੍ਹ, ਅੰਬਾਲਾ, ਕੁਰੂਕਸ਼ੇਤਰ ਅਤੇ ਦਿੱਲੀ ਸਫ਼ਦਰਜੰਗ ਦੇ ਰੇਲਵੇ ਸਟੇਸ਼ਨਾਂ ਤੋਂ ਸਵਾਰ ਹੋ ਸਕਣਗੇ।
ਵਾਪਸੀ ਦੇ ਸਫ਼ਰ ਵਿਚ ਇਹ ਰੇਲ ਗੱਡੀ ਨਵੀਂ ਦਿੱਲੀ ਤੱਕ ਹੀ ਆਵੇਗੀ ਅਤੇ ਫਿਰ ਨਵੀਂ ਦਿੱਲੀ ਤੋਂ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈਸ ਟਰੇਨ ਰਾਹੀਂ ਯਾਤਰੀਆਂ ਨੂੰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੱਕ ਪਹੁੰਚਾਇਆ ਜਾਵੇਗਾ। ਇਸ 7 ਦਿਨਾਂ ਦੀ ਯਾਤਰਾ ਲਈ, ਰੇਲਵੇ ਨੇ ਸਲੀਪਰ ਕਲਾਸ ਦਾ ਕਿਰਾਇਆ 14100/-ਰੁਪਏ, ਏ. ਸੀ. ਥਰਡ ਕਲਾਸ ਦਾ ਕਿਰਾਇਆ 24200/-ਰੁਪਏ ਅਤੇ ਏਸੀ ਦੂਜੀ ਸ਼੍ਰੇਣੀ ਦਾ ਕਿਰਾਇਆ 32300/-ਰੁਪਏ ਪ੍ਰਤੀ ਵਿਅਕਤੀ ਤੈਅ ਕੀਤਾ ਹੈ। ਇਸ ਟੂਰ ਪੈਕੇਜ ਦੀ ਕੀਮਤ ਵਿਚ ਰੇਲ ਯਾਤਰਾ ਤੋਂ ਇਲਾਵਾ ਯਾਤਰੀਆਂ ਨੂੰ ਸੁਆਦੀ ਸ਼ਾਕਾਹਾਰੀ ਭੋਜਨ, ਹੋਟਲਾਂ ’ਚ ਰੁਕਣ ਅਤੇ ਬੱਸਾਂ ਰਾਹੀਂ ਸਫ਼ਰ ਕਰਨ ਦਾ ਪ੍ਰਬੰਧ, ਗਾਈਡ ਅਤੇ ਬੀਮਾ ਆਦਿ ਵੀ ਮੁਹੱਈਆ ਕਰਵਾਏ ਜਾਣਗੇ।

Leave a Reply

Your email address will not be published. Required fields are marked *