ਅੰਮ੍ਰਿਤਪਾਲ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ 348 ਨੌਜਵਾਨਾਂ ਨੂੰ ਕੀਤਾ ਰਿਹਾਅ


ਅੰਮ੍ਰਿਤਸਰ- ਅੰਮ੍ਰਿਤਪਾਲ ਸਿੰਘ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ 348 ਨੌਜਵਾਨਾਂ ਨੂੰ ਕਥਿਤ ਤੌਰ ‘ਤੇ ਰਿਹਾਅ ਕਰ ਦਿੱਤਾ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਕ ਸੇਵਾਦਾਰ ਨੇ ਜਾਣਕਾਰੀ ਦਿੱਤੀ ਕਿ ਇਕ ਸਰਕਾਰੀ ਨੁਮਾਇੰਦੇ ਨੇ ਉਨ੍ਹਾਂ ਨੂੰ ਕੈਦੀਆਂ ਦੀ ਰਿਹਾਈ ਬਾਰੇ ਸੂਚਿਤ ਕਰਨ ਲਈ ਫ਼ੋਨ ਕੀਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸਬੰਧਤ ਅਧਿਕਾਰੀ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਸੀਆਰਪੀਸੀ ਦੀ ਧਾਰਾ 107/151 ਤਹਿਤ ਰੋਕੇ ਗਏ ਬਾਕੀ 12 ਨੌਜਵਾਨਾਂ ਨੂੰ ਵੀ ਜਲਦੀ ਰਿਹਾਅ ਕਰ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਸ ਦੀ ਗ੍ਰਿਫ਼ਤ ’ਚੋਂ ਲਗਾਤਾਰ ਫ਼ਰਾਰ ਚੱਲ ਰਿਹਾ ਵਾਰਿਸ ਪੰਜਾਬ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ 18 ਮਾਰਚ ਦੀ ਘਟਨਾ ਤੋਂ ਬਾਅਦ ਬੀਤੇ ਦਿਨ ਪਹਿਲੀ ਵਾਰ ਸਾਹਮਣੇ ਆਇਆ ਸੀ। ਅੰਮ੍ਰਿਤਪਾਲ ਵਲੋਂ ਜਾਰੀ ਕੀਤੀ ਗਈ ਵੀਡੀਓ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵਿਸਾਖੀ ਮੌਕੇ ਸਰਬੱਤ ਖਾਲਸਾ ਸੱਦਣ ਦੀ ਅਪੀਲ ਕੀਤੀ। ਅੰਮ੍ਰਿਤਪਾਲ ਨੇ ਕਿਹਾ ਕਿ 18 ਮਾਰਚ ਨੂੰ ਉਸ ਦਾ ਮਾਲਵੇ ਵਿਚ ਪ੍ਰੋਗਰਾਮ ਸੀ ਜਿਸ ਲਈ ਉਹ ਘਰੋਂ ਨਿਕਲੇ ਅਤੇ ਵੱਡੀ ਗਿਣਤੀ ਵਿਚ ਪੁਲਸ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ, ਅੰਮ੍ਰਿਤਪਾਲ ਨੇ ਪੁਲਸ ਦੇ ਰਵੱਈਏ ਨੂੰ ਗ਼ਲਤ ਕਰਾਰ ਦਿੰਦਿਆਂ ਕਿਹਾ ਕਿ 18 ਮਾਰਚ ਦੀ ਘਟਨਾ ਤੋਂ ਬਾਅਦ ਇੰਟਰਨੈੱਟ ਬੰਦ ਹੋਣ ਕਰਕੇ ਉਹ ਕਿਸੇ ਨਾਲ ਸੰਪਰਕ ਨਹੀਂ ਕਰ ਸਕਿਆ।

ਅੰਮ੍ਰਿਤਪਾਲ ਨੇ ਕਿਹਾ ਕਿ ਇਹ ਮਸਲਾ ਸਿਰਫ ਮੇਰੀ ਗ੍ਰਿਫ਼ਤਾਰੀ ਦਾ ਨਹੀਂ ਹੈ, ਦੇਸ਼ਾਂ ਵਿਦੇਸ਼ਾਂ ਵਿਚ ਬੈਠੀਆਂ ਸੰਗਤਾਂ ਨੂੰ ਇਹ ਮਸਲਾ ਵਿਚਾਰਨਾ ਚਾਹੀਦਾ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਵਿਸਾਖੀ ਮੌਕੇ ਸਰਬੱਤ ਖਾਲਸਾ ਦਾ ਇਕੱਠ ਕਰਨਾ ਚਾਹੀਦਾ ਹੈ। ਸਿੱਖ ਕੌਮ ਦੇ ਇਸ ਵੱਡੇ ਮਸਲੇ ’ਤੇ ਜਥੇਦਾਰ ਸਾਹਿਬ ਆਪ ਅੱਗੇ ਆ ਕੇ ਇਸ ਦੀ ਅਗਵਾਈ ਕਰਨੀ ਚਾਹੀਦੀ ਹੈ, ਪਿੰਡਾਂ ਵਿਚ ਵਹੀਰਾਂ ਕਰਨ ਦਾ ਫ਼ੈਸਲਾ ਸ਼ਲਾਘਾਯੋਗ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਵਿਸਾਖੀ ਮੌਕੇ ਸੱਦਿਆਂ ਜਾਣ ਵਾਲਾ ਸਰਬੱਤ ਖਾਲਸਾ ਉਹ ਸਰਬੱਤ ਖਾਲਸਾ ਹੋਣਾ ਚਾਹੀਦਾ ਹੈ ਅਬਦਾਲੀ ਦੇ ਘੱਲੂਘਾਰੇ ਤੋਂ ਬਾਅਦ ਬੁਲਾਇਆ ਗਿਆ ਸੀ। ਉਸ ਸਮੇ ਵੱਡਾ ਸਰਬੱਤ ਖਾਲਸਾ ਹੋਇਆ ਸੀ, ਜੇ ਪੰਜਾਬ ਦੀ ਜਵਾਨੀ ਬਚਾਉਣਾ ਹੈ, ਪੰਜਾਬ ਨੂੰ ਬਚਾਉਣਾ ਹੈ ਤਾਂ ਸਭ ਨੂੰ ਅੱਗੇ ਆਉਣਾ ਪਵੇਗਾ।

Leave a Reply

Your email address will not be published. Required fields are marked *