ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੁਝ ਸਿਆਸੀ ਦਲਾਂ ‘ਤੇ ‘ਭ੍ਰਿਸ਼ਟਾਚਾਰੀ ਬਚਾਓ ਮੁਹਿੰਮ’ ਨਾਲ ਜੁੜੀ ਟਿੱਪਣੀ ਕੀਤੇ ਜਾਣ ਨੂੰ ਲੈ ਕੇ ਬੁੱਧਵਾਰ ਨੂੰ ਉਨ੍ਹਾਂ ‘ਤੇ ਪਲਟਵਾਰ ਕੀਤਾ ਅਤੇ ਸਵਾਲ ਕੀਤਾ ਕਿ ਕੀ ਨੀਰਵ ਮੋਦੀ ਅਤੇ ਵਿਜੇ ਮਾਲਿਆ ਵਰਗੇ ਲੋਕ ਉਨ੍ਹਾਂ ਦੇ ‘ਭ੍ਰਿਸ਼ਟਾਚਾਰੀ ਭਜਾਓ ਮੁਹਿੰਮ’ ਦੇ ਮੈਂਬਰ ਹਨ। ਖੜਗੇ ਨੇ ਟਵੀਟ ਕੀਤਾ,”ਮੋਦੀ ਜੀ, ਅਡਾਨੀ ਦੀਆਂ ਮੁਖੌਟਾ ਕੰਪਨੀਆਂ ‘ਚ 20 ਹਜ਼ਾਰ ਕਰੋੜ ਰੁਪਏ ਕਿਸ ਦੇ ਹਨ? ਲਲਿਤ ਮੋਦੀ, ਨੀਰਵ ਮੋਦੀ, ਮੇਹੁਲ ਚੌਕਸੀ, ਵਿਜੇ ਮਾਲਿਆ, ਜਤਿਨ ਮੇਹਤਾ ਆਦਿ ਕੀ ਤੁਹਾਡੀ ‘ਭ੍ਰਿਸ਼ਟਾਚਾਰ ਭਜਾਓ ਮੁਹਿੰਮ’ ਦੇ ਮੈਂਬਰ ਹਨ? ਕੀ ਤੁਸੀਂ ਇਸ ਗਠਜੋੜ ਦੇ ਕਨਵੀਨਰ ਹੈ?” ਉਨ੍ਹਾਂ ਇਹ ਵੀ ਕਿਹਾ,”ਖੁਦ ਨੂੰ ਭ੍ਰਿਸ਼ਟਾਚਾਰ ਵਿਰੋਧੀ ਯੋਧਾ ਦੱਸ ਅਕਸ ਬਣਾਉਣਾ ਬੰਦ ਕਰੋ। ਪਹਿਲੇ ਆਪਣੇ ਅੰਦਰ ਝਾਤੀ ਮਾਰ ਕੇ ਦੇਖੋ। ਕਰਨਾਟਕ ‘ਚ ਤੁਹਾਡੀ ਸਰਕਾਰ ‘ਤੇ 40 ਫੀਸਦੀ ਕਮਿਸ਼ਨ ਲੈਣ ਦਾ ਦੋਸ਼ ਕਿਉਂ ਹੈ? ਮੇਘਾਲਿਆ ‘ਚ ਨੰਬਰ ਇਕ ਭ੍ਰਿਸ਼ਟਾਚਾਰੀ ਸਰਕਾਰ ‘ਚ ਤੁਸੀਂ ਸ਼ਾਮਲ ਕਿਉਂ ਹੋ? ਰਾਜਸਥਾਨ ‘ਚ ਸੰਜੀਵਨੀ ਕੋਆਪਰੇਟਿਵ ਘਪਲਾ, ਮੱਧ ਪ੍ਰਦੇਸ਼ ਦਾ ਪੋਸ਼ਣ ਘਪਲਾ ਜਾਂ ਛੱਤੀਸਗੜ੍ਹ ‘ਚ ਨਾਨ ਘਪਲਾ ‘ਚ ਕੀ ਭਾਜਪਾ ਨੇਤਾ ਸ਼ਾਮਲ ਨਹੀਂ?”
ਕਾਂਗਰਸ ਪ੍ਰਧਾਨ ਨੇ ਕਿਹਾ,”ਵਿਰੋਧੀ ਧਿਰ ਦੇ 95 ਫੀਸਦੀ ਨੇਤਾਵਾਂ ‘ਤੇ ਈ.ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਦੀ ਕਾਰਵਾਈ। ਭਾਜਪਾ ‘ਚ ਸ਼ਾਮਲ ਨੇਤਾ ਕੀ ਵਾਸ਼ਿੰਗ ਮਸ਼ੀਨ ਤੋਂ ਸਾਫ਼ ਹੋਏ ਹਨ? 56 ਇੰਚ ਦੀ ਛਾਤੀ ਹੈ ਤਾਂ ਜੇ.ਪੀ.ਸੀ. (ਸੰਯੁਕਤ ਸੰਸਦੀ ਕਮੇਟੀ) ਬੈਠਾਓ ਅਤੇ 9 ਸਾਲਾਂ ‘ਚ ਪਹਿਲੀ ਵਾਰ ਸ਼ਰੇਆਮ ਖੁੱਲ੍ਹੀ ਪ੍ਰੈੱਸ ਵਾਰਤਾ ਕਰੋ। ਹਾਂ ਉਨ੍ਹਾਂ ਨੂੰ ਜਵਾਬ ਦੇਣਾ ਜੋ ਇਹ ਨਾ ਪੁੱਛੇ ਕਿ- ”ਤਸੀਂ ਅੰਬ ਕਿਵੇਂ ਖਾਂਦੇ ਹੋ ਜਾਂ ਤੁਸੀਂ ਥੱਕਦੇ ਕਿਉਂ ਨਹੀਂ।” ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਦਲਾਂ ‘ਤੇ ਤੰਜ਼ ਕੱਸਦੇ ਹੋਏ ਮੰਗਲਵਾਰ ਨੂੰ ਕਿਹਾ ਸੀ ਕਿ ਭ੍ਰਿਸ਼ਟਾਚਾਰ ‘ਚ ਸ਼ਾਮਲ ਨੇਤਾ ਇਕੱਠੇ, ਇਕ ਮੰਚ ‘ਤੇ ਆ ਰਹੇ ਹਨ ਅਤੇ ਕੁਝ ਦਲਾਂ ਨੇ ਮਿਲ ਕੇ ‘ਭ੍ਰਿਸ਼ਟਾਚਾਰੀ ਬਚਾਓ’ ਮੁਹਿੰਮ ਛੇੜੀ ਹੋਈ ਹੈ। ਭਾਜਪਾ ਦੇ ਕੇਂਦਰੀ ਦਫ਼ਤਰ ਦੇ ਵਿਸਥਾਰ ਦਾ ਉਦਘਾਟਨ ਕਰਨ ਤੋਂ ਬਾਅਦ ਆਪਣੇ ਸੰਬੋਧਨ ‘ਚ ਪੀ.ਐੱਮ. ਮੋਦੀ ਨੇ ਕਿਹਾ ਸੀ ਕਿ ਪੂਰੇ ਵਿਸ਼ਵ ‘ਚ ਅੱਜ ਜਦੋਂ ਹਿੰਦੁਸਤਾਨ ਦਾ ਡੰਕਾ ਵੱਜ ਰਿਹਾ ਹੈ ਤਾਂ ਦੇਸ਼ ਦੇ ਅੰਦਰ ਅਤੇ ਦੇਸ਼ ਦੇ ਬਾਹਰ ਬੈਠੀਆਂ ‘ਭਾਰਤ ਵਿਰੋਧੀ ਸ਼ਕਤੀਆਂ’ ਦਾ ਇਕਜੁਟ ਹੋਣਾ ਸੁਭਾਵਿਕ ਹੈ।