ਨਵੀਂ ਦਿੱਲੀ- ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਭਾਰਤ ਦੇ ਅਧਿਕਾਰਤ ਦੌਰੇ ‘ਤੇ ਵੀਰਵਾਰ ਸਵੇਰੇ ਨਵੀਂ ਦਿੱਲੀ ਪਹੁੰਚੀ। ਪਿਛਲੇ 5 ਸਾਲਾਂ ਵਿੱਚ ਕਿਸੇ ਯੂਰਪੀ ਦੇਸ਼ ਦੇ ਚੋਟੀ ਦੇ ਨੇਤਾ ਦੀ ਇਹ ਪਹਿਲੀ ਭਾਰਤ ਯਾਤਰਾ ਹੈ। ਹਵਾਈ ਅੱਡੇ ‘ਤੇ ਕੇਂਦਰੀ ਸਿਹਤ ਰਾਜ ਮੰਤਰੀ ਭਾਰਤੀ ਪਵਾਰ ਨੇ ਮੇਲੋਨੀ ਦਾ ਸਵਾਗਤ ਕੀਤਾ। ਇਟਲੀ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਐਂਟੋਨੀਓ ਤਾਜਾਨੀ ਅਤੇ ਇੱਕ ਉੱਚ ਪੱਧਰੀ ਵਪਾਰਕ ਵਫ਼ਦ ਵੀ ਮੇਲੋਨੀ ਨਾਲ ਭਾਰਤ ਆਇਆ ਹੈ।
ਮੇਲੋਨੀ ਵੀਰਵਾਰ ਸ਼ਾਮ ਤੋਂ ਸ਼ੁਰੂ ਹੋਣ ਵਾਲੇ 8ਵੇਂ ਰਾਇਸੀਨਾ ਡਾਇਲਾਗ ਵਿੱਚ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰੇਗੀ। ਮੇਲੋਨੀ ਦਾ ਰਾਸ਼ਟਰਪਤੀ ਭਵਨ ਦੇ ਵਿਹੜੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਸਮੀ ਸਵਾਗਤ ਕੀਤਾ। ਆਪਣੀ ਭਾਰਤ ਫੇਰੀ ਦੌਰਾਨ ਮੇਲੋਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੱਖ-ਵੱਖ ਦੁਵੱਲੇ, ਖੇਤਰੀ ਅਤੇ ਗਲੋਬਲ ਮੁੱਦਿਆਂ ‘ਤੇ ਚਰਚਾ ਕਰੇਗੀ। ਉਹ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਵੀ ਮੁਲਾਕਾਤ ਕਰੇਗੀ। ਭਾਰਤ ਅਤੇ ਇਟਲੀ ਇਸ ਸਾਲ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੇ 75 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਹਨ।
ਵਿਦੇਸ਼ ਮੰਤਰਾਲਾ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਭਾਰਤ ਅਤੇ ਇਟਲੀ ਦਰਮਿਆਨ ਬਹੁਪੱਖੀ ਦੁਵੱਲੇ ਸਬੰਧ ਸਾਂਝੇ ਸੱਭਿਆਚਾਰਕ ਕਦਰਾਂ-ਕੀਮਤਾਂ, ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ, ਹਰੀ ਊਰਜਾ, ਵਿਗਿਆਨ ਅਤੇ ਤਕਨਾਲੋਜੀ ਅਤੇ ਰੱਖਿਆ ਖੇਤਰ ਵਿੱਚ ਸਹਿਯੋਗ ਅਤੇ ਖੇਤਰੀ ਅਤੇ ਗਲੋਬਲ ਮੁੱਦਿਆਂ ‘ਤੇ ਸਾਂਝੇ ਰੁਖ ‘ਤੇ ਆਧਾਰਿਤ ਹਨ। ਬਿਆਨ ਵਿਚ ਕਿਹਾ ਗਿਆ ਹੈ ਕਿ ਦੋਵੇਂ ਦੇਸ਼ ਵੱਖ-ਵੱਖ ਬਹੁਪੱਖੀ ਮੰਚਾਂ ‘ਤੇ ਵੀ ਨੇੜਿਓਂ ਸਹਿਯੋਗ ਕਰ ਰਹੇ ਹਨ। ਇਟਲੀ ਦੇ ਵਿਦੇਸ਼ ਮੰਤਰੀ ਐਂਟੋਨੀਓ ਤਾਜਾਨੀ ਅਤੇ ਵਣਜ ਮੰਤਰੀ ਪੀਯੂਸ਼ ਗੋਇਲ ਵੀਰਵਾਰ ਨੂੰ ਵਪਾਰਕ ਗੋਲਮੇਜ਼ ਬੈਠਕ ਦੀ ਸਹਿ-ਪ੍ਰਧਾਨਗੀ ਕਰਨਗੇ।