ਚੰਡੀਗੜ੍ਹ – ਪੰਜਾਬ ਦੇ ਕਿਸਾਨ ਸੰਗਠਨ ਫਿਰ ਤੋਂ ਸੰਘਰਸ਼ ਦੇ ਮੂਡ ਵਿਚ ਆ ਚੁੱਕੇ ਹਨ। ਮੰਗਲਵਾਰ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਆਪਣੇ ਅਗਲੇ ਸੰਘਰਸ਼ ਦੇ ਸੰਬੰਧ ਵਿਚ ਜਾਣਕਾਰੀ ਸਾਂਝੀ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੇ ਗ਼ੈਰ-ਸੰਵਿਧਾਨਕ ਸਮਝੌਤਿਆਂ ਜ਼ਰੀਏ ਹੋ ਰਹੀ ਲੁੱਟ, ਰਾਜ ਵਿਚ ਪਾਣੀ ਅਤੇ ਹਵਾ ਦੇ ਪ੍ਰਦੂਸ਼ਣ ਨਾਲ ਹੋ ਰਹੇ ਪੰਜਾਬੀਆਂ ਦੇ ਨੁਕਸਾਨ ਰੋਕਣ ਸਮੇਤ ਕਿਸਾਨ ਅੰਦੋਲਨ ਦੌਰਾਨ ਕੇਂਦਰੀ ਸਰਕਾਰ ਵਲੋਂ ਮੰਨ ਲਈਆਂ ਗਈਆਂ ਮੰਗਾਂ ਦੇ ਹਾਲੇ ਵੀ ਪੈਂਡਿੰਗ ਪਏ ਰਹਿਣ ਦੇ ਮੁੱਦੇ ’ਤੇ ਸੰਘਰਸ਼ ਸ਼ੁਰੂ ਕੀਤਾ ਜਾ ਰਿਹਾ ਹੈ। ਰਾਜੇਵਾਲ ਨੇ ਕਿਹਾ ਕਿ ਇਨ੍ਹਾਂ ਮੰਗਾਂ ਅਤੇ ਹੋਰ ਕਿਸਾਨੀ ਮੁੱਦਿਆਂ ਦੇ ਸੰਬੰਧ ਵਿਚ ਕਿਸਾਨ ਸੰਗਠਨ 13 ਮਾਰਚ ਨੂੰ ਦਿੱਲੀ ਵਿਚ ਸੰਸਦ ਮਾਰਚ ਕਰਨਗੇ ਅਤੇ ਪ੍ਰਧਾਨ ਮੰਤਰੀ ਤੱਕ ਆਪਣਾ ਮੰਗ-ਪੱਤਰ ਪਹੁੰਚਾਉਣਗੇ।
ਉੱਧਰ, ਸੰਯੁਕਤ ਕਿਸਾਨ ਮੋਰਚੇ ਦੇ ਕਈ ਸੰਗਠਨਾਂ ਦੇ ਨੇਤਾਵਾਂ ਨੇ ਮੰਗਲਵਾਰ ਨੂੰ ਹੀ ਪੰਜਾਬ ਦੇ ਰਾਜਭਵਨ ਪਹੁੰਚ ਕੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮੰਗ-ਪੱਤਰ ਸੌਂਪਿਆ। ਕਿਸਾਨ ਨੇਤਾ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਬੀਤੇ ਦਿਨੀਂ ਕਿਸਾਨ ਸੰਗਠਨਾਂ ਦੇ ਨੇਤਾ ਸਤਨਾਮ ਸਿੰਘ ਬੈਹਰੂ ਅਤੇ ਹਰਿੰਦਰ ਸਿੰਘ ਲੱਖੋਵਾਲ ਦੇ ਘਰਾਂ ’ਤੇ ਸੀ.ਬੀ.ਆਈ. ਵਲੋਂ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਕਾਰਵਾਈ ਦੌਰਾਨ ਉਨ੍ਹਾਂ ਦੇ ਪਰਿਵਾਰਾਂ ਨੂੰ ਪ੍ਰੇਸ਼ਾਨ ਵੀ ਕੀਤਾ ਗਿਆ।
ਸਾਹਨੀ ਨੇ ਕਿਹਾ ਕਿ ਕਿਸਾਨ ਮੋਰਚੇ ਵਿਚ ਅਹਿਮ ਭੂਮਿਕਾਵਾਂ ਨਿਭਾਉਣ ਵਾਲੇ ਕਿਸਾਨ ਨੇਤਾਵਾਂ ’ਤੇ ਇਸ ਤਰ੍ਹਾਂ ਦੀ ਕਾਰਵਾਈ ਨੂੰ ਤੁਰੰਤ ਰੁਕਵਾਉਣ ਦੀ ਮੰਗ ਸਬੰਧੀ ਰਾਜਪਾਲ ਨੂੰ ਮੰਗ-ਪੱਤਰ ਸੌਂਪਿਆ ਗਿਆ ਹੈ, ਜੇਕਰ ਅਜਿਹੀ ਦਬਾਅ ਵਾਲੀ ਕਾਰਵਾਈ ਨੂੰ ਕੇਂਦਰ ਸਰਕਾਰ ਨੇ ਜਾਰੀ ਰੱਖਿਆ ਤਾਂ ਸਾਰੇ ਕਿਸਾਨ ਸੰਗਠਨ ਫਿਰ ਤੋਂ ਸੰਘਰਸ਼ ਸ਼ੁਰੂ ਕਰ ਦੇਣਗੇ।