ਐਨਕਾਊਂਟਰ ‘ਚ ਮਾਰੇ ਗਏ ਗੈਂਗਸਟਰ ਤੇਜਾ ਦਾ ਕਰੀਬੀ ਵਿੱਕੀ ਵਲੈਤੀਆ ਗ੍ਰਿਫ਼ਤਾਰ, ਹੋਇਆ ਵੱਡਾ ਖ਼ੁਲਾਸਾ


ਫਿਲੌਰ – ਬੀਤੇ ਦਿਨੀਂ ਪੁਲਸ ਦੇ ਨਾਲ ਮੁਕਾਬਲੇ ਵਿਚ ਮਾਰੇ ਗਏ ਗੈਂਗਸਟਰ ਤੇਜਾ ਦੇ ਕਰੀਬੀ ਸਾਥੀ ਵਿੱਕੀ ਵਲੈਤੀਆ ਨੂੰ ਇਕ ਨਾਜਾਇਜ਼ ਪਿਸਤੌਲ, ਦੋ ਮੈਗਜ਼ੀਨ ਅਤੇ ਨਵੀਂ ਸਕਾਰਪੀਓ ਗੱਡੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮ੍ਰਿਤਕ ਗੈਂਗਸਟਰ ਤੇਜਾ ਪੁਲਸ ਦੇ ਨਾਲ ਹੋਏ ਮੁਕਾਬਲੇ ਤੋਂ 10 ਘੰਟੇ ਪਹਿਲਾਂ ਵਿੱਕੀ ਕੋਲ ਰੁਕਿਆ ਹੋਇਆ ਸੀ। ਵਿੱਕੀ ਨੂੰ ਨਾਜਾਇਜ਼ ਹਥਿਆਰ ਅਤੇ ਗੱਡੀ ਵੀ ਉਹੀ ਦੇ ਕੇ ਗਿਆ ਸੀ।
ਡੀ. ਐੱਸ. ਪੀ. ਜਗਦੀਸ਼ ਰਾਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸ. ਐੱਸ. ਪੀ. ਜਲੰਧਰ ਦਿਹਾਤੀ ਵੱਲੋਂ ਨਸ਼ਾ ਸਮੱਗਲਰਾਂ ਅਤੇ ਗੈਂਗਸਟਰ ਨੂੰ ਫੜਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਵਿਚ ਫਿਲੌਰ ਪੁਲਸ ਦੇ ਥਾਣਾ ਮੁਖੀ ਇੰਸਪੈਕਟਰ ਸੁਰਿੰਦਰ ਕੁਮਾਰ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਦੇ ਹੱਥ ਵੱਡੀ ਸਫ਼ਲਤਾ ਲੱਗੀ। ਉਨ੍ਹਾਂ ਮ੍ਰਿਤਕ ਗੈਂਗਸਟਰ ਤੇਜਾ ਦੇ ਕਰੀਬੀ ਸਾਥੀ ਵਿੱਕੀ ਵਲੈਤੀਆ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਪੱਤੀ ਬਾਦਲ ਥਾਣਾ ਗੋਰਾਇਆ ਨੂੰ ਇਕ ਨਾਜਾਇਜ਼ ਪਿਸਤੌਲ, ਦੋ ਮੈਗਜ਼ੀਨ ਅਤੇ ਸਫੈਦ ਰੰਗ ਦੀ ਨਵੇਂ ਮਾਡਲ ਦੀ ਨਵੀਂ ਸਕਾਰਪੀਓ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕਰ ਲਈ।

ਗੈਂਗਸਟਰ ਤੇਜਾ ਨੇ ਆਪਣੇ ਗੈਂਗ ਦੇ ਲੋਕਾਂ ਨਾਲ ਮਿਲ ਕੇ ਪੰਜਾਬ ’ਚ ਅੱਤ ਮਚਾ ਰੱਖੀ ਸੀ। ਬੀਤੀ 8 ਤਾਰੀਖ਼ ਨੂੰ ਖੋਹੀ ਹੋਈ ਕਾਰ ਦਾ ਪਿੱਛਾ ਕਰ ਰਹੀ ਫਗਵਾੜਾ ਪੁਲਸ ਪਾਰਟੀ ’ਤੇ ਫਿਲੌਰ ਨੇੜੇ ਫਾਇਰਿੰਗ ਕਰ ਕੇ ਸਿਪਾਹੀ ਕੁਲਦੀਪ ਸਿੰਘ ਬਾਜਵਾ ਨੂੰ ਸ਼ਹੀਦ ਕਰਨ ਦਾ ਮੁੱਖ ਸਰਗਣਾ ਇਹੀ ਤੇਜਾ ਸੀ। ਘਟਨਾ ਦੇ ਬਾਅਦ ਤੋਂ ਫਿਲੌਰ ਪੁਲਸ ਤੇਜਾ ਨੂੰ ਫੜਨ ਲਈ ਹੱਥ ਧੋ ਕੇ ਪਿੱਛੇ ਪਈ ਹੋਈ ਸੀ। ਤੇਜਾ ਦੇ ਸਬੰਧ ’ਚ ਅਹਿਮ ਜਾਣਕਾਰੀਆਂ ਹਾਸਲ ਕਰਨ ਲਈ ਪੁਲਸ ਉਸ ਦੇ ਮੁੱਖ ਸਾਥੀ ਜੋਰਾਵਰ ਸਿੰਘ ਜੋਰਾ, ਜੋ ਪੁਲਸ ਦੀ ਗੋਲ਼ੀ ਲੱਗਣ ਕਾਰਨ ਜ਼ਖਮੀ ਹੋਇਆ ਸੀ, ਨੂੰ ਪਟਿਆਲਾ ਜੇਲ੍ਹ ਤੋਂ ਰਿਮਾਂਡ ’ਤੇ ਫਿਲੌਰ ਥਾਣੇ ਲਿਆਈ।
ਇਕ ਹਫ਼ਤਾ ਪਹਿਲਾਂ ਇੰਸਪੈਕਟਰ ਸੁਰਿੰਦਰ ਕੁਮਾਰ ਦੇ ਹੱਥ ਇਕ ਹੋਰ ਅਹਿਮ ਜਾਣਕਾਰੀ ਲੱਗੀ। ਉਨ੍ਹਾਂ ਨੂੰ ਪਤਾ ਲੱਗਾ ਕਿ ਤੇਜਾ ਦੀ ਇਕ ਮਸ਼ੂਕ ਹੈ, ਜਿਸ ਦੇ ਨਾਲ ਉਹ ਲੁਕ ਕੇ ਕਿਤੇ ਦਿੱਲੀ ’ਚ ਰਹਿੰਦਾ ਹੈ। ਜਿਉਂ ਹੀ ਪੁਲਸ ਨੇ ਉੱਥੇ ਛਾਪੇਮਾਰੀ ਕੀਤੀ ਤਾਂ ਤੇਜਾ ਤਾਂ ਉੱਥੋਂ ਫ਼ਰਾਰ ਹੋ ਗਿਆ ਪਰ ਪੁਲਸ ਤੇਜਾ ਦੀ ਮਸ਼ੂਕ ਨੂੰ ਫੜ ਕੇ ਫਿਲੌਰ ਥਾਣੇ ਲੈ ਆਈ। ਆਪਣੀ ਮਸ਼ੂਕ ਦੇ ਇਸ ਤਰ੍ਹਾਂ ਪੁਲਸ ਵਲੋਂ ਫੜੇ ਜਾਣ ਕਾਰਨ ਤੇਜਾ ਭੜਕ ਗਿਆ ਅਤੇ ਪੁਲਸ ਤੋਂ ਬਦਲਾ ਲੈਣ ਦੀ ਸੋਚਣ ਲੱਗ ਪਿਆ। ਤੇਜਾ ਦੀ ਇਸੇ ਕਮਜ਼ੋਰੀ ਦਾ ਫ਼ਾਇਦਾ ਉਠਾ ਕੇ ਪੁਲਸ ਨੇ ਉਸ ਨੂੰ ਫੜਨ ਲਈ ਜਾਲ ਬੁਣਨਾ ਸ਼ੁਰੂ ਕਰ ਦਿੱਤਾ।

ਫਿਲੌਰ ਪੁਲਸ ਦੇ ਥਾਣਾ ਮੁਖੀ ਇੰਸਪੈਕਟਰ ਸੁਰਿੰਦਰ ਕੁਮਾਰ ਨੇ ਇੰਟਰਨੈਸ਼ਨਲ ਡਰੱਗ ਸਮੱਗਲਰਾਂ ਅਤੇ ਗੈਂਗਸਟਰਾਂ ਨੂੰ ਫੜਨ ’ਚ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਜਾਣਕਾਰੀ ਮੁਤਾਬਕ ਜਦੋਂ ਤੇਜਾ ਦੀ ਮਸ਼ੂਕ ਫਿਲੌਰ ਪੁਲਸ ਥਾਣੇ ’ਚ ਬੰਦ ਸੀ ਤਾਂ ਉਸ ਨੇ ਬੇਖ਼ੌਫ਼ ਹੋ ਕੇ ਇੰਸਪੈਕਟਰ ਸੁਰਿੰਦਰ ਕੁਮਾਰ ਨੂੰ ਫੋਨ ’ਤੇ ਧਮਕਾਉਂਦੇ ਹੋਏ ਕਿਹਾ ਕਿ ਉਹ ਉਸ ਨੂੰ ਛੱਡ ਦੇਵੇ। ਇੰਸਪੈਕਟਰ ਸੁਰਿੰਦਰ ਕੁਮਾਰ ਨੇ ਉਸ ਨੂੰ ਸਮਝਾਇਆ ਕਿ ਉਹ ਪੁਲਸ ਕੋਲ ਆਤਮ-ਸਮਰਪਣ ਕਰ ਦੇਵੇ ਪਰ ਉਹ ਨਾ ਮੰਨਿਆ ਅਤੇ ਬਦਲਾ ਲੈਣ ਦੀ ਗੱਲ ਦੁਹਰਾਉਂਦਾ ਰਿਹਾ, ਜਿਸ ਦੇ ਨਤੀਜੇ ਵਜੋਂ ਪੁਲਸ ਨਾਲ ਫਤਿਹਗੜ੍ਹ ਸਾਹਿਬ ਦੇ ਨੇੜੇ ਹੋਏ ਮੁਕਾਬਲੇ ਦੌਰਾਨ ਉਸ ਨੂੰ ਜਾਨ ਗੁਆਉਣੀ ਪਈ।

Leave a Reply

Your email address will not be published. Required fields are marked *