ਜੇਲ੍ਹ ਗੈਂਗਵਾਰ ’ਚ ਮਾਰੇ ਗਏ ਗੈਂਗਸਟਰ ਮੋਹਨਾ ਦਾ ਹੋਇਆ ਸਸਕਾਰ, ਪਰਿਵਾਰ ਨੇ ਲਗਾਏ ਵੱਡੇ ਦੋਸ਼


ਮਾਨਸਾ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਗੋਇੰਦਵਾਲ ਸਾਹਿਬ ਜੇਲ੍ਹ ਵਿਚ ਬੰਦ ਮਨਮੋਹਨ ਸਿੰਘ ਉਰਫ ਮੋਹਨਾ ਦੀ ਜੇਲ੍ਹ ’ਚ ਗੈਂਗਸਟਰਾਂ ਨਾਲ ਹੋਈ ਲੜਾਈ ਵਿਚ ਮੌਤ ਹੋ ਗਈ ਸੀ। ਜਿਸ ਦਾ ਅੱਜ ਉਸਦੇ ਜੱਦੀ ਪਿੰਡ ਰੱਲੀ ਵਿਚ ਪਰਿਵਾਰ ਅਤੇ ਪਿੰਡ ਵਾਸੀਆਂ ਦੀ ਮੌਜੂਦਗੀ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਮਨਮੋਹਨ ਮੋਹਨਾ ਦੀ ਮੌਤ ’ਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਮਨਮੋਹਨ ਸਿੰਘ ਉਰਫ ਮੋਹਨਾ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ, ਪਤਨੀ ਤੇ ਦੋ ਛੋਟੋ ਬੱਚੇ ਛੱਡ ਗਿਆ ਹੈ।
ਮਨਮੋਹਨ ਦੇ ਭਰਾ ਕੁਲਦੀਪ ਸਿੰਘ ਨੇ ਦੋਸ਼ ਲਗਾਇਆ ਕਿ ਉਸ ਦੇ ਭਰਾ ਨੂੰ ਕਤਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਭਰਾ ਨੂੰ ਇਨਸਾਫ਼ ਦਿਵਾਉਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਪੁਲਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਮਨਮੋਹਨ ਨੂੰ ਜਾਣ ਬੁਝ ਕੇ ਝੂਠਾ ਫਸਾਇਆ ਜਦਕਿ ਸਿੱਧੂ ਮੂਸੇਵਾਲਾ ਨੇ ਤਾਂ ਉਨ੍ਹਾਂ ਦੀ ਮਦਦ ਕੀਤੀ ਸੀ।

ਮ੍ਰਿਤਕ ਗੈਂਗਸਟਰ ਮੋਹਨਾ ਦੇ ਭਰਾ ਕੁਲਦੀਪ ਸਿੰਘ ਨੇ ਦੱਸਿਆ ਕਿ ਮੋਹਨਾ ਦੀ ਮੌਤ ਤੋਂ ਪਹਿਲਾਂ ਸ਼ਨੀਵਾਰ ਨੂੰ ਉਸ ਨਾਲ ਫੋਨ ’ਤੇ ਗੱਲਬਾਤ ਕੀਤੀ ਸੀ। ਮੋਹਨਾ ਨੇ ਉਸ ਨੂੰ ਦੱਸਿਆ ਕਿ ਜੇਲ੍ਹ ਵਿਚ ਉਸ ’ਤੇ ਹਮਲਾ ਹੋ ਸਕਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪਹਿਲਾਂ ਮੋਹਨਾ ਤੇ ਤੂਫਾਨ ਨੂੰ ਨੀਂਦ ਦੀਆਂ ਗੋਲੀਆਂ ਖਵਾਈਆਂ ਗਈਆਂ ਅਤੇ ਫਿਰ ਸੁੱਤੇ ਪਿਆਂ ’ਤੇ ਹਮਲਾ ਕੀਤਾ ਗਿਆ। ਗੈਂਗਸਟਰਾਂ ਨੇ ਪਹਿਲਾਂ ਮਨਦੀਪ ਤੂਫਾਨ ਦਾ ਕਤਲ ਕੀਤਾ ਅਤੇ ਫਿਰ ਮਨਦੀਪ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੇਲ੍ਹ ਵਿਚ ਤੇਜ਼ਧਾਰ ਹਥਿਆਰ ਕਿਸ ਤਰ੍ਹਾਂ ਪਹੁੰਚ ਗਏ ਇਸ ਦੀ ਜਾਂਚ ਹੋਣੀ ਚਾਹੀਦੀ ਹੈ।

Leave a Reply

Your email address will not be published. Required fields are marked *