ਹੈਦਰਾਬਾਦ- ਇੱਥੋਂ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਸੂਡਾਨ ਤੋਂ ਆਈਆਂ ਮਹਿਲਾ ਯਾਤਰੀਆਂ ਕੋਲੋਂ 7.89 ਕਰੋੜ ਰੁਪਏ ਦਾ 14.9 ਕਿਲੋ ਸੋਨਾ ਜ਼ਬਤ ਕੀਤਾ ਗਿਆ ਹੈ। ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹੈਦਰਾਬਾਦ ਕਸਟਮ ਵਿਭਾਗ ਵੱਲੋਂ ਹਵਾਈ ਅੱਡੇ ’ਤੇ ਜ਼ਬਤ ਕੀਤੀ ਗਈ ਸੋਨੇ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਹੈ।
ਖ਼ੁਫੀਆ ਸੂਚਨਾ ਦੇ ਆਧਾਰ ‘ਤੇ ਹੈਦਰਾਬਾਦ ਕਸਟਮ ਦੀ ਏਅਰ ਇੰਟੈਲੀਜੈਂਸ ਯੂਨਿਟ ਨੇ ਏਅਰਪੋਰਟ ਕਸਟਮ ਅਧਿਕਾਰੀਆਂ ਦੇ ਨਾਲ ਮਿਲ ਕੇ ਬੁੱਧਵਾਰ ਨੂੰ ਇਕ ਫਲਾਈਟ ‘ਚ ਸ਼ਾਰਜਾਹ ਦੇ ਰਸਤੇ ਸੂਡਾਨ ਤੋਂ ਪਹੁੰਚੀਆਂ 23 ਮਹਿਲਾ ਯਾਤਰੀਆਂ ਨੂੰ ਰੋਕਿਆ।
ਕਸਟਮ ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ ਯਾਤਰੀਆਂ ਦੇ ਸਾਮਾਨ ਦੀ ਵਿਆਪਕ ਤਲਾਸ਼ੀ ਲੈਣ ਤੋਂ ਬਾਅਦ ਪਤਾ ਲੱਗਾ ਕਿ ਉਨ੍ਹਾਂ ਨੇ ਜੁੱਤੀਆਂ ਦੇ ਹੇਠਾਂ ਅਤੇ ਆਪਣੇ ਕੱਪੜਿਆਂ ‘ਚ ਸੋਨਾ ਲੁਕੋਇਆ ਹੋਇਆ ਸੀ। ਕਸਟਮ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ‘ਚੋਂ 4 ਮਹਿਲਾ ਯਾਤਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।