ਮੁੰਬਈ, Maharashtra Assembly election: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਬੁੱਧਵਾਰ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ ਹੈ, ਜੋ ਕਿ ਸ਼ਾਮ 6 ਵਜੇ ਜਾਰੀ ਰਹੇਗੀ। ਚੋਣ ਅਧਿਕਾਰੀਆਂ ਅਨੁਸਾਰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੌਰਾਨ ਸਵੇਰੇ 11 ਵਜੇ ਤੱਕ 18.14 ਫੀਸਦੀ ਵੋਟਿੰਗ ਹੋਈ ਹੈ। ਇਸ ਤੋਂ ਇਲਾਵਾ ਅਧਿਕਾਰੀਆਂ ਅਨੁਸਾਰ ਮੁੰਬਈ ’ਚ ਹੁਣ ਤੱਕ 15.78 ਫੀਸਦੀ ਵੋਟਿੰਗ ਹੋ ਚੁੱਕੀ ਹੈ।
ਇੱਥੇ 288 ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਪੈ ਰਹੀਆਂ ਹਨ। ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਐਕਸ’ ’ਤੇ ਪੋਸਟ ਕਰਦਿਆਂ ਸਾਰੇ ਨਾਗਰਿਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਲਿਖਿਆ ਕਿ ਮੈਂ ਸਾਰੇ ਯੋਗ ਵੋਟਰਾਂ ਨੂੰ ਵੋਟਿੰਗ ਵਿਚ ਹਿੱਸਾ ਲੈਣ ਦੀ ਅਪੀਲ ਕਰਦਾ ਹਾਂ। ਪੂਰੇ ਉਤਸ਼ਾਹ ਅਤੇ ਲੋਕਤੰਤਰ ਦੇ ਇਸ ਤਿਉਹਾਰ ਦੀ ਸ਼ਾਨ ਨੂੰ ਵਧਾਓ।
ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਮੁੰਬਈ ਪੁਲੀਸ ਨੇ ਦੰਗਾ ਨਿਯੰਤਰਣ ਟੀਮਾਂ ਅਤੇ ਹੋਮ ਗਾਰਡਾਂ ਸਮੇਤ 25,000 ਤੋਂ ਵੱਧ ਕਰਮਚਾਰੀ ਤਾਇਨਾਤ ਕੀਤੇ ਹਨ। ਬ੍ਰਿਹਨਮੁੰਬਈ ਪੁਲਿਸ ਕਮਿਸ਼ਨਰੇਟ ਦੇ ਅਨੁਸਾਰ ਚੋਣਾਂ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ 2,000 ਤੋਂ ਵੱਧ ਪੁਲੀਸ ਅਧਿਕਾਰੀ ਅਤੇ 25,000 ਤੋਂ ਵੱਧ ਪੁਲੀਸ ਕਰਮਚਾਰੀ ਡਿਊਟੀ ‘ਤੇ ਹਨ। ਕੁੱਲ 4,136 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ 2,086 ਆਜ਼ਾਦ ਵੀ ਸ਼ਾਮਲ ਹਨ।
ਇੱਥੇ ਭਾਜਪਾ 149, ਸ਼ਿਵ ਸੈਨਾ 81 ਅਤੇ ਐਨਸੀਪੀ 59 ਸੀਟਾਂ ‘ਤੇ ਚੋਣ ਲੜ ਰਹੀ ਹੈ। ਕਾਂਗਰਸ ਨੇ 101, ਸ਼ਿਵ ਸੈਨਾ (ਯੂਬੀਟੀ) ਨੇ 95 ਅਤੇ ਐਨਸੀਪੀ (ਸ਼ਰਦ ਪਵਾਰ ਧੜੇ) ਨੇ 86 ਉਮੀਦਵਾਰ ਖੜ੍ਹੇ ਕੀਤੇ ਹਨ। ਬਸਪਾ 237 ਸੀਟਾਂ ’ਤੇ ਚੋਣ ਲੜ ਰਹੀ ਹੈ, ਜਦਕਿ ਹੋਰ ਛੋਟੀਆਂ ਪਾਰਟੀਆਂ ਵੀ ਚੋਣ ਮੈਦਾਨ ਵਿਚ ਹਨ। ਸੂਬੇ ਵਿੱਚ ਲਗਭਗ 9.7 ਕਰੋੜ ਰਜਿਸਟਰਡ ਵੋਟਰ ਹਨ।