Invest Punjab Summit ‘ਚ CM ਮਾਨ ਦਾ ਅਹਿਮ ਐਲਾਨ, ‘ਬੇਫ਼ਿਕਰ ਹੋ ਕੇ ਨਿਵੇਸ਼ ਕਰਨ ਕਾਰੋਬਾਰੀ’


ਚੰਡੀਗੜ੍ਹ : ਮੋਹਾਲੀ ‘ਚ 2 ਦਿਨਾ ‘ਪ੍ਰੈਗਰੈੱਸਿਵ ਇਨਵੈਸਟਰਜ਼ ਸਮਿੱਟ-2023’ ਦੀ ਅੱਜ ਸ਼ੁਰੂਆਤ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੋਹਾਲੀ ਵਿਖੇ ਇਸ ਸੰਮੇਲਨ ‘ਚ ਸ਼ਿਰੱਕਤ ਕੀਤੀ ਗਈ। ਸੰਮੇਲਨ ‘ਚ ਦੇਸ਼-ਵਿਦੇਸ਼ ਤੋਂ ਨਿਵੇਸ਼ਕ ਹਿੱਸਾ ਲੈਣ ਪੁੱਜੇ। ਮੁੱਖ ਮੰਤਰੀ ਮਾਨ ਵੱਲੋਂ ਇਨ੍ਹਾਂ ਸਭ ਦਾ ਸੁਆਗਤ ਕੀਤਾ ਗਿਆ। ਇਸ ਸੰਮੇਲਨ ‘ਚ ਮੇਦਾਂਤਾ ਗਰੁੱਪ, ਗੋਦਰੇਜ਼ ਕੰਜ਼ਿਊਮਰ, ਭਾਰਤੀ ਗਰੁੱਪ ਨੈਸਲੇ ਆਦਿ ਸ਼ਾਮਲ ਹੋਏ। ਸੰਮੇਲਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਮਿਹਨਤੀ ਹਨ। ਪੰਜਾਬ ‘ਚ ਕਦੇ ਕਿਸੇ ਨੂੰ ਘਾਟਾ ਨਹੀਂ ਪਿਆ ਅਤੇ ਸੂਬਾ ਪੂਰੇ ਦੇਸ਼ ਨੂੰ ਖੁਆਉਂਦਾ ਹੈ।
ਉਨ੍ਹਾਂ ਨਿਵੇਸ਼ਕਾਂ ਨੂੰ ਕਿਹਾ ਕਿ ਅਸੀਂ ਤੁਹਾਨੂੰ ਮਾਹੌਲ ਦੇਵਾਂਗੇ ਅਤੇ ਕਾਰੋਬਾਰੀ ਇੱਥੇ ਬੇਫ਼ਿਕਰ ਹੋ ਕੇ ਨਿਵੇਸ਼ ਕਰਨ। ਪੰਜਾਬ ਨਵੀਆਂ ਚੀਜ਼ਾਂ ਅਤੇ ਨਵੀਂ ਟੈਕਨਾਲੋਜੀ ਨੂੰ ਬਹੁਤ ਜਲਦੀ ਅਪਣਾਉਂਦਾ ਹੈ ਅਤੇ ਇਹ ਸਾਡੇ ਸੁਭਾਅ ‘ਚ ਹੈ। ਪਹਿਲਾਂ ਪੰਜਾਬ ਕੋਲ ਇਕ ਹਾਈਵੇਅ ਸੀ, ਹੁਣ ਜ਼ਿਆਦਾ ਇੰਡਸਟਰੀ ਉਸ ਦੇ ਨੇੜੇ ਹੀ ਹੈ ਅਤੇ ਇਸ ਸਮੇਂ ਸੂਬੇ ਕੋਲ 4 ਨੈਸ਼ਨਲ ਹਾਈਵੇਅ ਹਨ। ਇਸ ਤੋਂ ਇਲਾਵਾ 4 ਹਵਾਈ ਅੱਡੇ ਹਨ, ਜਿਨ੍ਹਾਂ ‘ਚੋਂ 2 ਅੰਤਰਰਾਸ਼ਟਰੀ ਹਵਾਈ ਅੱਡੇ ਹਨ। ਇਸੇ ਤਰ੍ਹਾਂ ਲੁਧਿਆਣਾ ‘ਚ ਹਲਵਾਰਾ ਹਵਾਈ ਅੱਡੇ ਸ਼ੁਰੂ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਮਾਨ ਨੇ ਕਿਹ ਕਿ ਪੰਜਾਬ ਦੇਸ਼ ਦਾ ਸਭ ਤੋਂ ਵੱਡਾ ਟਰੈਕਟਰ ਉਤਪਾਦਕ ਹੈ ਅਤੇ ਇੱਥੇ ਟਰੈਕਟਰਾਂ ਦੀ ਮੈਨੰਫੈਕਚਰਿੰਗ ਸਭ ਤੋਂ ਜ਼ਿਆਦਾ ਹੈ। ਇਸੇ ਤਰ੍ਹਾਂ ਵਰਲਡ ਕੱਪ ਜਾਂ ਹੋਰ ਖੇਡਾਂ ਲਈ ਜਲੰਧਰ ‘ਚ ਸਾਮਾਨ ਬਣਦਾ ਹੈ ਅਤੇ ਸਰਕਾਰ ਵੱਲੋਂ ਜਲੰਧਰ ‘ਚ ਸਪੋਰਟਸ ਯੂਨੀਵਰਸਿਟੀ ਵੀ ਸਥਾਪਿਤ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਸਰਕਾਰ ਕਾਰੋਬਾਰੀਆਂ ਦੇ ਹਿਸਾਬ ਨਾਲ ਚੱਲੇਗੀ ਕਿਉਂਕਿ ਕਾਰੋਬਾਰੀ ਜਿੱਥੇ ਟੈਕਸ ਦਿੰਦੇ ਹਨ, ਉੱਥੇ ਹੀ ਰੁਜ਼ਗਾਰ ਵੀ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹੈਦਰਾਬਾਦ, ਮੁੰਬਈ ਅਤੇ ਹੋਰ ਸ਼ਹਿਰਾਂ ‘ਚ ਜਾ ਕੇ ਕਾਰੋਬਾਰੀਆਂ ਨਾਲ ਮੀਟਿੰਗਾਂ ਕੀਤੀਆਂ ਹਨ, ਜਿਸ ਮਗਰੋਂ ਉਨ੍ਹਾਂ ਨੂੰ ਕਾਫ਼ੀ ਗੱਲਾਂ ਦਾ ਪਤਾ ਲੱਗਾ ਹੈ। ਉਨ੍ਹਾਂ ਨੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਜਿੰਨਾ ਜ਼ਿਆਦਾ ਹੋ ਸਕੇ, ਉਹ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਤਾਂ ਜੋ ਉਹ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਣ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਾਰੋਬਾਰੀਆਂ ਨੂੰ ਸਰਕਾਰ ਦਾ ਪੂਰਾ ਸਹਿਯੋਗ ਹੈ ਅਤੇ ਸੂਬੇ ‘ਚ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਾਰੋਬਾਰੀਆਂ ਨੂੰ ਪੰਜਾਬ ਦੇ ਪੇਂਡੂ ਖੇਤਰਾਂ ‘ਚ ਇੰਡਸਟਰੀ ਲਾਉਣ ਦੀ ਅਪੀਲ ਕੀਤੀ। ਅਸੀਂ ਕਾਰੋਬਾਰੀਆਂ ਨੂੰ ਇੰਡਸਟਰੀਅਲ ਪਾਰਕ ਵੀ ਮੁਹੱਈਆ ਕਰਵਾਵਾਂਗੇ।

Leave a Reply

Your email address will not be published. Required fields are marked *