ਜਲੰਧਰ : ਨਗਰ ਨਿਗਮ ‘ਚ ਸਫ਼ਾਈ ਸੇਵਾਕਾਂ ਦੀ ਪੱਕੀ ਭਰਤੀ ਅਤੇ ਫਾਇਰ ਬ੍ਰਿਗੇਡ ‘ਚ ਆਉਟਸੋਰਸ ਭਰਤੀ ਫਾਇਰਮੈਨ ਨੂੰ ਭਰਤੀ ‘ਚ ਪਹਿਲ ਦੀ ਮੰਗ ਨੂੰ ਲੈ ਕੇ ਯੂਨੀਅਨਾਂ ਨੇ ਪੀਏਪੀ ਚੌਕ ‘ਚ ਧਰਨਾ ਲਗਾਇਆ। ਹਾਲਾਂਕਿ ਮੁੱਖ ਮੰਤਰੀ ਨਾਲ 7 ਮਾਰਚ ਨੂੰ ਮੀਟਿੰਗ ਕਰਨ ਦਾ ਭਰੋਸਾ ਮਿਲਣ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ।
ਜ਼ਿਕਰਯੋਗ ਹੈ ਕਿ ਪੀਏਪੀ ਚੌਕ ‘ਚ ਹਾਈਵੇਅ ਪੂਰੀ ਤਰ੍ਹਾਂ ਜਾਮ ਹੋ ਗਿਆ ਤੇ 15 ਮਿੰਟਾਂ ‘ਚ ਹੀ ਕੌਮੀ ਮਾਰਗ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਜਲੰਧਰ ਤੋਂ ਲੁਧਿਆਣਾ ਜਾਂਦੀ ਸੜਕ ਪੂਰੀ ਤਰ੍ਹਾਂ ਬੰਦ ਹੋ ਗਈ। ਅਜਿਹੇ ‘ਚ ਜੇਕਰ ਲੋਕ ਨੈਸ਼ਨਲ ਹਾਈਵੇ ਤੋਂ ਲੁਧਿਆਣਾ ਜਾਂ ਅੰਮ੍ਰਿਤਸਰ ਜਾਣਾ ਚਾਹੁੰਦੇ ਸਨ, ਉਨ੍ਹਾਂ ਨੂੰ ਜਲੰਧਰ ਕੈਂਟ ਦਾ ਰਸਤਾ ਵਰਤਣਾ ਪਿਆ। ਨਗਰ ਨਿਗਮ ਦੀਆਂ ਯੂਨੀਅਨਾਂ ਦੀ ਸੋਮਵਾਰ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਫੇਲ੍ਹ ਹੋ ਗਈ ਸੀ ਤੇ ਯੂਨੀਅਨ ਨੇ ਪਹਿਲਾਂ ਕੀਤੇ ਐਲਾਨ ਅਨੁਸਾਰ ਪੀਏਪੀ ਚੌਕ ਵਿੱਚ ਧਰਨਾ ਦੇਣ ਦਾ ਐਲਾਨ ਕੀਤਾ ਸੀ।
ਭਾਵੇਂ ਵਾਰ-ਵਾਰ ਕਿਹਾ ਜਾ ਰਿਹਾ ਸੀ ਕਿ ਸਿਰਫ਼ ਧਰਨਾ ਦਿੱਤਾ ਜਾਵੇਗਾ, ਟ੍ਰੈਫਿਕ ਜਾਮ ਨਹੀਂ ਕੀਤਾ ਜਾਵੇਗਾ ਪਰ ਜਦੋਂ ਯੂਨੀਅਨ ਦੇ ਮੈਂਬਰ ਵੱਡੀ ਗਿਣਤੀ ‘ਚ ਪੁੱਜੇ ਤਾਂ ਟ੍ਰੈਫਿਕ ਜਾਮ ਕਰ ਦਿੱਤਾ ਗਿਆ। ਪੁਲਿਸ ਵੀ ਬਦਲਵੇਂ ਪ੍ਰਬੰਧ ਨਹੀਂ ਕਰ ਸਕੀ ਜਿਸ ਕਾਰਨ ਲੋਕ ਟ੍ਰੈਫਿਕ ਜਾਮ ‘ਚ ਫਸੇ ਹੋਏ ਹਨ। ਉਧਰ, ਲਤੀਫਪੁਰਾ ‘ਚ ਬੇਘਰ ਹੋਏ ਲੋਕਾਂ ਦਾ ਜਲੰਧਰ ਛਾਉਣੀ ਖੇਤਰ ‘ਚ ਧਰਨਾ ਮੁਲਤਵੀ ਹੋ ਗਿਆ ਹੈ। ਇਸ ਨਾਲ ਇਲਾਕੇ ਦੇ ਲੋਕਾਂ ਨੂੰ ਰਾਹਤ ਮਿਲੀ ਹੈ, ਨਹੀਂ ਤਾਂ ਇੱਥੇ ਟਰੈਫਿਕ ਜਾਮ ਦੀ ਸਮੱਸਿਆ ਪੈਦਾ ਹੋ ਸਕਦੀ ਸੀ।